ਪੰਜਾਬ-ਹਰਿਆਣਾ ਹਾਈਕੋਰਟ ਦਾ ਫ਼ੈਸਲਾ-Rape ਮਗਰੋਂ ਵਿਆਹ ਕਰ ਲੈਣ 'ਤੇ ਜ਼ਿੰਦਗੀ 'ਚ ਵਿਘਨ ਨਹੀਂ ਪਾ ਸਕਦੇ
Friday, Apr 21, 2023 - 03:52 PM (IST)
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਮਾਮਲੇ 'ਚ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਜੇਕਰ ਜਬਰ-ਜ਼ਿਨਾਹ ਮਗਰੋਂ ਦੋਸ਼ੀ ਨੇ ਪੀੜਤਾ ਨਾਲ ਵਿਆਹ ਕਰ ਲਿਆ ਹੈ ਤਾਂ ਉਨ੍ਹਾਂ ਦੀ ਜ਼ਿੰਦਗੀ 'ਚ ਵਿਘਨ ਨਹੀਂ ਪਾਇਆ ਜਾ ਸਕਦਾ। ਇਸ ਲਈ ਇਸ ਕੇਸ 'ਚ ਮੁੱਕਦਮਾ ਜਾਰੀ ਰੱਖਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਤਾਂ ਅਜਿਹੇ 'ਚ ਐੱਫ. ਆਈ. ਆਰ. ਅਤੇ ਇਸ ਨਾਲ ਜੁੜੀ ਸਾਰੀ ਕਾਰਵਾਈ ਨੂੰ ਖਾਰਜ ਕੀਤਾ ਜਾਵੇ। ਇਸ ਮਾਮਲੇ 'ਚ ਜਬਰ-ਜ਼ਿਨਾਹ ਦੀ ਐੱਫ. ਆਈ. ਆਰ. ਦਰਜ ਹੋਣ ਦੇ ਅਗਲੇ ਦਿਨ ਹੀ ਦੋਸ਼ੀ ਨੇ ਸ਼ਿਕਾਇਤਕਰਤਾ ਨਾਲ ਵਿਆਹ ਕਰ ਲਿਆ ਸੀ।
ਜਾਣਕਾਰੀ ਮੁਤਾਬਕ ਸੰਗਰੂਰ ਵਾਸੀ ਦੋਸ਼ੀ ਵੱਲੋਂ ਪਟੀਸ਼ਨ ਦਾਇਰ ਕਰਕੇ ਕਿਹਾ ਗਿਆ ਸੀ ਕਿ ਉਸ ਦੇ ਖ਼ਿਲਾਫ਼ ਸੰਗਰੂਰ ਦੇ ਅਹਿਮਦਗੜ੍ਹ ਥਾਣੇ 'ਚ ਸਾਲ 2020 ਨੂੰ ਕੇਸ ਦਰਜ ਹੋਇਆ ਸੀ। ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਤਲਾਕਸ਼ੁਦਾ ਹੈ ਅਤੇ ਆਪਣੇ ਮਾਤਾ-ਪਿਤਾ ਨਾਲ ਅਹਿਮਦਗੜ੍ਹ 'ਚ ਰਹਿੰਦੀ ਸੀ। ਇਸ ਦੌਰਾਨ ਉਹ ਮੁਹੱਲੇ 'ਚ ਹੀ ਰਹਿਣ ਵਾਲੇ ਦੋਸ਼ੀ ਦੇ ਸੰਪਰਕ 'ਚ ਆਈ। ਦੋਸ਼ੀ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ।
ਇਹ ਵੀ ਪੜ੍ਹੋ : CM ਮਾਨ ਦਾ ਖਿਡਾਰੀਆਂ ਲਈ ਵੱਡਾ ਐਲਾਨ, ਨੈਸ਼ਨਲ ਗੇਮਜ਼-2022 ਦੇ ਜੇਤੂਆਂ ਦਾ ਕੀਤਾ ਸਨਮਾਨ
ਪਰਿਵਾਰ ਨੂੰ ਪਤਾ ਲੱਗਣ 'ਤੇ ਦੋਹਾਂ ਦਾ ਵਿਆਹ ਤੈਅ ਕਰ ਦਿੱਤਾ ਗਿਆ ਪਰ ਦੋਸ਼ੀ ਪਰਿਵਾਰ ਦੇ ਨਾਲ ਵਿਆਹ ਤੋਂ ਪਹਿਲਾਂ ਹੀ ਫ਼ਰਾਰ ਹੋ ਗਿਆ ਸੀ। ਇਸ 'ਤੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਜਬਰ-ਜ਼ਿਨਾਹ ਦੇ ਦੋਸ਼ 'ਚ ਐੱਫ. ਆਈ. ਆਰ. ਦਰਜ ਕਰ ਲਈ ਸੀ। ਹੁਣ ਜਦੋਂ ਕਿ ਦੋਹਾਂ ਦਾ ਵਿਆਹ ਹੋ ਗਿਆ ਹੈ ਤਾਂ ਅਦਾਲਤ ਨੇ ਐੱਫ. ਆਈ. ਆਰ. ਨੂੰ ਖਾਰਜ ਕਰ ਦਿੱਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ