ਕਿਸਾਨਾਂ ਨੂੰ ਪੰਜਾਬ ਸਰਕਾਰ ਦੇਵੇਗੀ ਵੱਡੀ ਰਾਹਤ, ਸਰਹੱਦੀ ਇਲਾਕੇ ਦੇ ਲੋਕਾਂ ਦੀ ਮੰਗ ਹੋਵੇਗੀ ਪੂਰੀ
Friday, Nov 29, 2024 - 11:21 AM (IST)
ਜਲੰਧਰ/ਚੰਡੀਗੜ੍ਹ (ਧਵਨ, ਅੰਕੁਰ)-ਪੰਜਾਬ ਦੇ ਐੱਨ. ਆਰ. ਆਈ. ਮਾਮਲੇ ਅਤੇ ਪ੍ਰਸ਼ਾਸਨਿਕ ਸੁਧਾਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਲੰਧਰ ਵਿਖੇ ਫ਼ੌਜ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਜਿਸ ਦੌਰਾਨ ਅਧਿਕਾਰੀਆਂ ਨੇ ਅਜਨਾਲਾ ਰੋਡ ਦੀ ਚੌੜਾਈ 5.5 ਮੀਟਰ ਤੋਂ ਵਧਾ ਕੇ 7 ਮੀਟਰ ਕਰਨ ਦਾ ਭਰੋਸਾ ਦਿੱਤਾ। 11 ਕੋਰ ਹੈੱਡਕੁਆਰਟਰ, ਜਲੰਧਰ ਛਾਉਣੀ ਵਿਖੇ ਹੋਈ ਮੀਟਿੰਗ ਬਾਰੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਨਾਲ ਸਰਹੱਦੀ ਇਲਾਕਿਆਂ ਦੇ ਲੋਕਾਂ ਦੀ ਚਿਰੋਕਣੀ ਮੰਗ ਹੁਣ ਪੂਰੀ ਹੋ ਜਾਵੇਗੀ ਅਤੇ ਇਸ ਨਾਲ ਇਲਾਕੇ ਵਿਚ ਰੌਲੇ-ਰੱਪੇ ਦੀ ਸਮੱਸਿਆ ਦਾ ਪੱਕਾ ਹੱਲ ਹੋਵੇਗਾ।
ਧਾਲੀਵਾਲ ਨੇ ਕਿਹਾ ਕਿ 72 ਕਿਲੋਮੀਟਰ ਲੰਬੀ ਇਹ ਸੜਕ ਫ਼ੌਜ ਦੇ ਅਧਿਕਾਰ ਖੇਤਰ ਵਿਚ ਆਉਂਦੀ ਹੈ। ਉਨ੍ਹਾਂ ਕਿਹਾ ਕਿ ਗੰਨੇ ਦੇ ਸੀਜ਼ਨ ਦੌਰਾਨ ਭਰੀਆਂ ਟਰਾਲੀਆਂ ਦੇ ਲੰਘਣ ਕਾਰਨ ਸੜਕਾਂ ’ਤੇ ਭਾਰੀ ਜਾਮ ਲੱਗ ਜਾਂਦਾ ਸੀ ਅਤੇ ਉਨ੍ਹਾਂ ਨੇ ਇਹ ਸਮੱਸਿਆ ਰੱਖਿਆ ਮੰਤਰਾਲੇ ਕੋਲ ਉਠਾਈ ਸੀ, ਜਿਸ ਦੇ ਸਿੱਟੇ ਵਜੋਂ ਲੈਫ਼ਟੀਨੈਂਟ ਜਨਰਲ ਅਜੈ ਚਾਂਦਪੁਰੀਆ ਅਤੇ ਉਨ੍ਹਾਂ ਦੀ ਟੀਮ ਨਾਲ ਮੀਟਿੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਬੰਦ ਰਹਿਣਗੇ ਸਕੂਲ ਤੇ ਕਾਲਜ
ਉਨ੍ਹਾਂ ਦੱਸਿਆ ਕਿ ਫ਼ੌਜ ਦੇ ਉੱਚ ਅਧਿਕਾਰੀਆਂ ਨੇ ਮੌਕੇ ’ਤੇ ਜਾਇਜ਼ਾ ਲੈ ਕੇ ਸੜਕ ਨੂੰ ਚੌੜਾ ਕਰਨ ਦਾ ਭਰੋਸਾ ਦਿੱਤਾ ਹੈ ਅਤੇ ਅਗਲੇ ਸਾਲ ਇਸ ਨੂੰ ਮੁਕੰਮਲ ਕਰਨ ਲਈ ਵੀ ਕਿਹਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਗੰਨੇ ਦੀ ਪੱਟੀ ਵਾਲੀਆਂ ਸੜਕਾਂ ਨੂੰ 10 ਮੀਟਰ ਚੌੜਾ ਕਰਨ ਦੀ ਵੀ ਅਪੀਲ ਕੀਤੀ, ਜਿਸ ’ਤੇ ਫ਼ੌਜ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਅਜਿਹੀਆਂ ਸੜਕਾਂ ਦਾ ਮੁਆਇਨਾ ਕਰਨਗੇ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਜਿੱਥੇ ਇਲਾਕੇ ਦੇ ਸੰਪਰਕ ਵਿਚ ਸੁਧਾਰ ਹੋਵੇਗਾ, ਉਥੇ ਹੀ ਇਸ ਨਾਲ ਫ਼ੌਜ, ਕਿਸਾਨਾਂ ਅਤੇ ਆਮ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ।
ਇਹ ਵੀ ਪੜ੍ਹੋ- ਭਾਰਤੀ ਫ਼ੌਜ 'ਚ ਤਾਇਨਾਤ ਵਿਅਕਤੀ ਦੀ ਪੰਜਾਬ ਦੀ ਜੇਲ੍ਹ 'ਚ ਮੌਤ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਉਨ੍ਹਾਂ ਇਹ ਵੀ ਕਿਹਾ ਕਿ ਅਜਨਾਲਾ ਬਾਈਪਾਸ ਬਣਾਉਣ ਦੀ ਸੰਭਾਵਨਾ ਫ਼ੌਜ ਦੇ ਉੱਚ ਅਧਿਕਾਰੀਆਂ ਵੱਲੋਂ ਵੀ ਦੱਸੀ ਗਈ ਹੈ। ਕੈਬਨਿਟ ਮੰਤਰੀ ਨੇ ਇਸ ਉਸਾਰੂ ਪਹਿਲਕਦਮੀ ਲਈ ਰੱਖਿਆ ਮੰਤਰਾਲੇ ਦਾ ਧੰਨਵਾਦ ਕੀਤਾ। ਦੱਸ ਦੇਈਏ ਕਿ ਇਹ ਸੜਕ ਅਜਨਾਲਾ-ਲੋਪੇਕੇ, ਸੋਹਲ ਤੋਂ ਤਲਵੰਡੀ ਰਾਏਦਾਦੂ, ਪੂੰਗਾ ਤੇ ਭਿੰਡੀ ਸੈਦਾਂ ਤੋਂ ਲੰਘਦੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਕਿਸਾਨਾਂ ਨੂੰ ਗੰਨਾ, ਕਣਕ ਅਤੇ ਝੋਨਾ ਮੰਡੀਆਂ ਤਕ ਪਹੁੰਚਾਉਣ ਵਿਚ ਵੱਡੀ ਰਾਹਤ ਮਿਲੇਗੀ ਅਤੇ ਟਰਾਂਸਪੋਰਟ ਸਿਸਟਮ ਵੀ ਸੁਚਾਰੂ ਢੰਗ ਨਾਲ ਚੱਲੇਗਾ।
ਇਹ ਵੀ ਪੜ੍ਹੋ- ਖੇਤਾਂ 'ਚ ਕੰਮ ਕਰਦੇ 20 ਸਾਲਾ ਮੁੰਡੇ ਨਾਲ ਵਾਪਰਿਆ ਵੱਡਾ ਹਾਦਸਾ, ਟੁਕੜਿਆਂ 'ਚ ਵੰਡਿਆ ਗਿਆ ਜਵਾਨ ਪੁੱਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8