ਖੇਤੀ ਲਈ ਨਹਿਰੀ ਪਾਣੀ ਦੀ ਘਾਟ ਅਤੇ ਖੇਤੀ ਸਬੰਧੀ ਕਿਸਾਨਾਂ ਨੂੰ ਆ ਰਹੀਆਂ ਦਿੱਕਤਾਂ ਵੱਲ ਧਿਆਨ ਦੇਵੇ ਪੰਜਾਬ ਸਰਕਾਰ
Monday, Jun 12, 2023 - 12:00 PM (IST)
ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਤਨੇਜਾ) : ਇਸ ਵੇਲੇ ਝੋਨਾ ਲਗਾਉਣ ਵਾਲੇ ਕਿਸਾਨ ਪੂਰੇ ਜ਼ੋਰਾਂ-ਸ਼ੋਰਾਂ ਨਾਲ ਆਪਣੀਆਂ ਜ਼ਮੀਨਾਂ ਨੂੰ ਤਿਆਰ ਕਰ ਰਹੇ ਹਨ ਅਤੇ ਖੇਤਾਂ ’ਚ ਟਰੈਕਟਰਾਂ ਦੀਆਂ ਗੂੰਜਾਂ ਸੁਣਾਈ ਦੇ ਰਹੀਆਂ ਹਨ। ਝੋਨਾ ਲਗਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਕਿਸਾਨਾਂ ਨੂੰ ਅਪੀਲਾਂ ਤਾਂ ਕਰ ਰਹੀ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇ ਪਰ ਸਰਕਾਰ ਟਿਊਬਵੈੱਲਾਂ ਦੀਆਂ ਮੋਟਰਾਂ ਵਾਲੀ ਬਿਜਲੀ ਦੀ ਸਪਲਾਈ ਨਹੀਂ ਦੇ ਰਹੀ, ਜਦੋਂਕਿ ਕਿਸਾਨਾਂ ਦੀ ਪੁਰਜ਼ੋਰ ਮੰਗ ਹੈ ਕਿ ਖੇਤੀ ਲਈ ਨਹਿਰੀ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਟਿਊਬਵੈੱਲਾਂ ਦੀਆਂ ਮੋਟਰਾਂ ਵਾਲੀ ਬਿਜਲੀ ਰੋਜ਼ਾਨਾ 10 ਘੰਟੇ ਦਿੱਤੀ ਜਾਵੇ। ਖੇਤੀ ਸਬੰਧੀ ਕਿਸਾਨਾਂ ਨੂੰ ਕੀ-ਕੀ ਦਿੱਕਤਾਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਅਨੇਕਾਂ ਪਿੰਡਾਂ ’ਚ ਖੇਤੀ ਲਈ ਨਹਿਰੀ ਪਾਣੀ ਦੀ ਘਾਟ ਹੈ। ਖਾਸ ਕਰ ਕੇ ਟੇਲਾਂ ’ਤੇ ਪੈਂਦੇ ਪਿੰਡਾਂ ਦੇ ਕਿਸਾਨ ਨਹਿਰੀ ਪਾਣੀ ਦੀ ਘਾਟ ਨਾਲ ਜੂਝ ਰਹੇ ਹਨ।.
ਇਹ ਵੀ ਪੜ੍ਹੋ : ਸਿੱਧੂ ਦੀ ‘ਜਾਦੂ ਕੀ ਜੱਫੀ’ ਨਾਲ ਫਿਰ ਬਵਾਲ, ਕਾਂਗਰਸ ’ਚ ਗਰਮਾਇਆ ਮਾਹੌਲ
ਡੀਜ਼ਲ ਇੰਜਣਾਂ ਨਾਲ ਲਗਾਉਣਾ ਪੈਂਦੈ ਪਾਣੀ
ਜਿੱਥੇ ਨਹਿਰੀ ਪਾਣੀ ਦੀ ਘਾਟ ਹੈ, ਉਥੋਂ ਦੇ ਕਿਸਾਨਾਂ ਨੂੰ ਡੀਜ਼ਲ ਇੰਜਣਾਂ, ਟਰੈਕਟਰਾਂ ਅਤੇ ਜਰਨੇਟਰਾਂ ਆਦਿ ਨਾਲ ਟਿਊਬਵੈੱਲ ਚਲਾ ਕੇ ਫਸਲਾਂ ਨੂੰ ਪਾਣੀ ਲਗਾਉਣਾ ਪੈਂਦਾ ਹੈ। ਕਿਸਾਨਾਂ ਨੇ ਡਰੇਨ ਦੀ ਪਟੜੀ ਤੋਂ ਲੈ ਕੇ ਆਪਣੇ ਦੂਰ-ਦੁਰਾਡੇ ਖੇਤਾਂ ਤੱਕ ਜ਼ਮੀਨਦੋਜ਼ ਪਾਈਪਾਂ ਲੱਖਾਂ ਰੁਪਏ ਖਰਚ ਕੇ ਪਾਈਆਂ ਹੋਈਆਂ ਹਨ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਤਾਂ ਅਣਸਰਦੇ ਦੀਆਂ ਗੱਲਾਂ ਹਨ। ਜੇਕਰ ਖੇਤੀ ਲਈ ਨਹਿਰੀ ਪਾਣੀ ਪੂਰਾ ਹੋਵੇ ਤਾਂ ਫੇਰ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਦੀ ਉਨ੍ਹਾਂ ਨੂੰ ਕੀ ਲੋੜ ਆ।
ਇਹ ਵੀ ਪੜ੍ਹੋ : ਹੁਣ ਸੈਲਾਨੀਆਂ ਨੂੰ ਨਹੀਂ ਕਰਨੀ ਪਵੇਗੀ ਸਿਰ-ਖਪਾਈ : ਪੰਜਾਬ ਟੂਰਿਜ਼ਮ ’ਚ ਆਨਲਾਈਨ ਹੋਣਗੀਆਂ ਸਹੂਲਤਾਂ
ਬਿਜਲੀ ਵਿਭਾਗ ਨਾਲ ਸਬੰਧਤ ਕਿਸਾਨਾਂ ਦੀਆਂ ਮੁੱਖ ਮੰਗਾਂ -
1. ਜਨਰਲ ਕੈਟਾਗਰੀ ਦੇ ਲੰਮੇਂ ਸਮੇਂ ਤੋਂ ਬੰਦ ਪਏ ਬਿਜਲੀ ਕੁਨੈਕਸ਼ਨ ਚਾਲੂ ਕੀਤੇ ਜਾਣ।
2. ਵੀ. ਡੀ. ਐੱਸ. (VDS) ਸਕੀਮ, ਖੇਤੀ ਦੇ ਸਹਾਇਕ ਧੰਦੇ ਦੇ ਕੁਨੈਕਸ਼ਨਾਂ ’ਤੇ ਲੱਗ ਰਿਹਾ ਕਮਰਸ਼ੀਅਲ ਚਾਰਜ।
3. ਕਿਸਾਨਾਂ ਤੋਂ ਕੁਨੈਕਸ਼ਨ ਦੇਣ ਦੇ ਨਾਂ ਥੱਲੇ ਭਰਵਾਏ ਗਏ ਪੈਸੇ ਕਿਸਾਨਾਂ ਨੂੰ ਤੁਰੰਤ ਸਮੇਤ ਵਿਆਜ ਵਾਪਸ ਕਰਵਾਉਣਾ।
4. ਕੁਨੈਕਸ਼ਨ ਲੈਣ ਵਾਲੇ ਕਿਸਾਨਾਂ ਨੂੰ ਤੁਰੰਤ ਕੁਨੈਕਸ਼ਨ ਦਿੱਤੇ ਜਾਣ।
5. ਜ਼ਮੀਨ ਖਰੀਦਣ ਵਾਲੇ ਅਤੇ ਭਰਾਵੀ ਵੰਡ ਕਾਰਨ ਕੁਨੈਕਸ਼ਨ ਦੀ ਨਾਮ ਤਬਦੀਲ ਪ੍ਰਕ੍ਰਿਆ ਅਾਸਾਨ ਕਰਵਾਉਣਾ।
6. ਆਪਣੇ ਖੇਤ ’ਚ ਜਿਥੇ ਮਰਜ਼ੀ ਟਿਊਬਵੈੱਲ ਕੁਨੈਕਸ਼ਨ ਸ਼ਿਫਟ ਕਰਨ ਦੀ ਖੁੱਲ੍ਹ ਦੇਣ ਦੀ ਮੰਗ।
7. ਮੋਟਰਾਂ ਦੇ ਲੋਡ ਵਧਾ ਚੁੱਕੇ ਕਿਸਾਨਾਂ ਦੇ ਟਰਾਂਸਫਾਰਮ ਵੱਡੇ ਕਰਨ ਦੀ ਮੰਗ।
8. ਐੱਲ. ਟੀ. (L.T) ਲਾਈਨਾ ਰਾਹੀਂ ਮੋਟਰਾਂ ਉੱਪਰ ਵੋਲਟੇਜ ਪੂਰੀ ਕਰਵਾਉਣਾ ਅਤੇ ਉਨ੍ਹਾਂ ਦੀ ਮੁਰੰਮਤ ਕਰਨ ਦੀ ਮੰਗ।
9. ਖੇਤਾਂ ਦੇ ਵਿਚਕਾਰ ਲੱਗੇ ਟਰਾਂਸਫਾਰਮਰਾਂ ਨੂੰ ਪਾਵਰਕਾਮ ਦੇ ਖ਼ਰਚੇ ਉੱਪਰ ਖੇਤਾਂ ’ਚੋਂ ਬਾਹਰ ਕੱਢਣ ਦੀ ਮੰਗ।
10. ਝੋਨੇ ਦੇ ਸੀਜ਼ਨ ਲਈ 10 ਘੰਟੇ ਬਿਜਲੀ ਰੋਜ਼ਾਨਾ 20 ਅਕਤੂਬਰ ਤੱਕ ਜਾਰੀ ਰੱਖਣ ਦੀ ਮੰਗ ਆਦਿ।
ਕਿਸਾਨਾਂ ਨੂੰ ਡੀਜ਼ਲ ਤੇ ਹੋਰ ਸਾਮਾਨ ਸਸਤਾ ਮੁਹੱਈਆ ਕਰਵਾਇਆ ਜਾਵੇ
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਜਸਵਿੰਦਰ ਸਿੰਘ ਝਬੇਲਵਾਲੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੇ ਆਗੂ ਗੁਰਭਗਤ ਸਿੰਘ ਭਲਾਈਆਣਾ ਤੇ ਗੁਰਾਦਿੱਤਾ ਸਿੰਘ ਭਾਗਸਰ ਤੋਂ ਇਲਾਵਾ ਧਨਵੰਤ ਸਿੰਘ ਬਰਾੜ ਲੱਖੇਵਾਲੀ, ਅਮਰਜੀਤ ਸਿੰਘ ਕੌੜਿਆਂਵਾਲੀ, ਮਹਿਲ ਸਿੰਘ ਮਦਰੱਸਾ, ਜਰਨੈਲ ਸਿੰਘ ਬਲਮਗੜ੍ਹ, ਗੁਰਪ੍ਰੀਤ ਸਿੰਘ ਗੰਧੜ੍ਹ ਤੇ ਡਾਕਟਰ ਸੁਰਿੰਦਰ ਸਿੰਘ ਭੁੱਲਰ ਕੌੜਿਆਂਵਾਲੀ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਖੇਤੀ ਸੈਕਟਰ ਲਈ ਡੀਜ਼ਲ ਸਸਤਾ ਦਿੱਤਾ ਜਾਵੇ। ਇਸ ਤੋਂ ਇਲਾਵਾ ਫਸਲਾਂ ਨੂੰ ਪਾਣੀ ਲਗਾਉਣ ਸਮੇਂ ਟਿਊਬਵੈੱਲ ਚਲਾਉਣ ਲਈ ਵੀ ਟਰੈਕਟਰਾਂ, ਇੰਜਣਾਂ ਤੇ ਜਰਨੇਟਰਾਂ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਪੰਜਾਬ ਰਾਜਪਾਲ ਵੱਲੋਂ ਵਾਰ-ਵਾਰ ਸਰਹੱਦੀ ਇਲਾਕਿਆਂ ਦੇ ਦੌਰੇ ’ਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੇ ਸਵਾਲ ਉਠਾਏ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani