ਪੰਜਾਬ ਸਰਕਾਰ ਨਰਮਾ ਉਤਪਾਦਕਾਂ ਨੂੰ ਤੁਰੰਤ ਮੁਆਵਜ਼ਾ ਦੇਵੇ : ਹਰਸਿਮਰਤ ਬਾਦਲ

Tuesday, Aug 15, 2017 - 12:24 AM (IST)

ਬੁਢਲਾਡਾ (ਮਨਜੀਤ)— ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਸਰਕਾਰ ਨੂੰ ਮਾਲਵਾ ਖੇਤਰ ਵਿਚ ਚਿੱਟੀ ਮੱਖੀ ਦੇ ਹਮਲੇ ਲਈ ਜ਼ਿੰਮੇਵਾਰੀ ਨਿਰਧਾਰਿਤ ਕਰਨ ਅਤੇ ਕੋਤਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਤਾਕੀਦ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਦੇ ਹੋਏ ਨੁਕਸਾਨ ਲਈ ਤੁਰੰਤ ਮੁਆਵਜ਼ਾ ਦਿੱਤੇ ਜਾਣ ਦੀ ਵੀ ਮੰਗ ਕੀਤੀ ਹੈ। ਇੱਥੇ ਪਿੰਡ ਅੱਕਾਂਵਾਲੀ ਵਿਖੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਉਸ ਨੇ ਖੇਤੀਬਾੜੀ ਮੰਤਰਾਲੇ ਤਾਂਈ ਪਹੁੰਚ ਕੇ ਕਿਹਾ ਹੈ ਕਿ ਉਹ ਇਸ ਚਿੱਟੀ ਮੱਖੀ ਦੇ ਹਮਲੇ ਦੀ ਸਮੱਸਿਆ ਦੇ ਅਧਿਐਨ ਅਤੇ ਮਰ ਰਹੀ ਫਸਲ ਨੂੰ ਬਚਾਉਣ ਵਾਸਤੇ ਹੱਲ ਲੱਭਣ ਲਈ ਇੱਕ ਅਤਿ-ਸ਼ਕਤੀਸ਼ਾਲੀ ਟੀਮ ਭੇਜ ਦੇਣ।
ਇਸ ਫੇਰੀ ਦੌਰਾਨ ਕਿਸਾਨਾਂ ਅਤੇ ਔਰਤਾਂ ਨੇ ਵੀ ਕੇਂਦਰੀ ਮੰਤਰੀ ਨਾਲ ਗੱਲਬਾਤ ਕੀਤੀ। ਜਗਸੀਰ ਅੱਕਾਂਵਾਲੀ ਨੇ ਕਿਹਾ ਕਿ ਪਿੰਡ ਦੇ ਬਹੁਤ ਸਾਰੇ ਕਿਸਾਨ ਖੁਦਕੁਸ਼ੀ ਕਰਨ ਦੀ ਕਗਾਰ ਉੱਤੇ ਖੜ੍ਹੇ ਹਨ, ਕਿਉਂਕਿ ਉਹ ਮੁੱਖ ਮੰਤਰੀ ਵੱਲੋਂ ਪਿਛਲੇ ਦਿਨੀ ਇਸ ਇਲਾਕੇ ਦੇ ਕੀਤੇ ਦੌਰੇ ਤੋਂ ਬਹੁਤ ਜ਼ਿਆਦਾ ਨਿਰਾਸ਼ ਹਨ। ਜਗਸੀਰ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਚਿੱਟੀ ਮੱਖੀ ਦੇ ਹਮਲੇ ਮਗਰੋਂ ਤੁਰੰਤ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਸੀ, ਜਦਕਿ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਿਰਦਵਾਰੀ ਸ਼ੁਰੂ ਅਜੇ ਬਾਕੀ ਸੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੱਘ ਨੇ ਅਜੇ ਤਕ ਪੀੜਤ ਕਿਸਾਨਾਂ ਲਈ ਕਿਸੇ ਰਾਹਤ ਦਾ ਐਲਾਨ ਨਹੀਂ ਕੀਤਾ ਹੈ।
ਕਿਸਾਨਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਜਦੋਂ ਚਿੱਟੀ ਮੱਖੀ ਨੇ ਉਨ੍ਹਾਂ ਦੀਆਂ ਫਸਲਾਂ ਉੱਤੇ ਪਹਿਲੀ ਵਾਰ ਹਮਲਾ ਕੀਤਾ ਸੀ ਤਾਂ ਕਿਸੇ ਨੇ ਵੀ ਉਨ੍ਹਾਂ ਦਾ ਮਾਰਗ-ਦਰਸ਼ਨ ਨਹੀਂ ਸੀ ਕੀਤਾ। ਉਨ੍ਹਾਂ ਕਿਹਾ ਕਿ ਕ੍ਰਿਸ਼ੀ ਵਿਗਆਨ ਕੇਂਦਰ (ਕੇਵੀਕੇ) ਨੇ ਵੀ ਉਨ੍ਹਾਂ ਨੁੰ ਤਕਨੀਕੀ ਜਾਣਕਾਰੀ ਨਹੀਂ ਦਿੱਤੀ। ਚਿੱਟੀ ਮੱਖੀ ਦੇ ਹਮਲੇ ਦਾ ਸ਼ਿਕਾਰ ਖੇਤਾਂ ਦਾ ਦੌਰਾ ਕਰਨ ਮਗਰੋਂ ਅਤੇ ਕਿਸਾਨਾਂ ਦੇ ਦੁਖੜੇ ਸੁਣਨ ਮਗਰੋਂ ਬੀਬੀ ਬਾਦਲ ਨੇ ਮੁੱਖ ਮੰਤਰੀ ਨੂੰ ਉਨ੍ਹਾਂ ਕਿਸਾਨਾਂ ਲਈ ਤੁਰੰਤ ਰਾਹਤ ਪੈਕਜ ਜਾਰੀ ਕਰਨ ਲਈ ਕਿਹਾ ਜਿਨ੍ਹਾਂ ਨੇ ਆਪਣੀਆਂ ਖੜੀਆਂ ਫਸਲਾਂ ਉਖਾੜ ਸੁੱਟੀਆਂ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ 2015 ਵਿਚ ਚਿੱਟੀ ਮੱਖੀ ਦੇ ਹਮਲੇ ਮਗਰੋਂ ਦਿੱਤੇ ਮੁਆਵਜ਼ੇ ਵਾਂਗ ਪੀੜਤ ਕਿਸਾਨਾਂ ਨੂੰ 8000 ਰੁਪਏ ਪ੍ਰਤੀ ਏਕੜ ਜਾਂ ਇਸ ਤੋਂ ਵੱਧ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ।
ਬੀਬੀ ਬਾਦਲ ਨੇ ਕਿਹਾ ਕਿ ਭਾਵੇਂਕਿ ਨਕਲੀ ਬੀਜ ਅਤੇ ਦਵਾਈਆਂ ਵੇਚਣ ਵਾਲੇ ਡੀਲਰਾਂ ਖਿਲਾਫ ਕਾਰਵਾਈ ਵੀ ਜਰੂਰੀ ਸੀ ਪਰ ਸਭ ਤੋਂ ਅਹਿਮ ਉਨ੍ਹਾਂ ਅਧਿਕਾਰੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਕਰਨਾ ਸੀ, ਜਿਨ੍ਹਾਂ ਨੇ ਇਨ੍ਹਾਂ ਡੀਲਰਾਂ ਨੂੰ ਲਾਇਸੰਸ ਜਾਰੀ ਕੀਤੇ ਸਨ। ਬੀਬੀ ਬਾਦਲ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕੇਵੀਕੇ ਅਤੇ ਸੂਬਾਈ ਖੇਤੀਬਾੜੀ ਵਿਭਾਗ ਆਪਣੀ ਜ਼ਿੰਮੇਵਾਰੀਆਂ ਨਹੀਂ ਨਿਭਾ ਰਹੇ ਹਨ। ਬੀਬੀ ਬਾਦਲ ਨੇ ਸਰਕਾਰ ਨੂੰ ਉਨ੍ਹਾਂ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਲਈ ਕਿਹਾ, ਜਿਨ੍ਹਾਂ ਨੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਨਿਭਾਈ। ਇਸ ਮੌਕੇ ਬਾਬਾ ਬੂਟਾ ਸਿੰਘ ਗੁੜਥੜੀ, ਅਨਮੋਲਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਝੱਬਰ, ਜਗਸੀਰ ਸਿੰਘ ਅੱਕਾਂਵਾਲੀ, ਗੁਰਮੇਲ ਸਿੰਘ ਫਫੜੇ ਭਾਈਕੇ, ਡਾ: ਨਿਸ਼ਾਨ ਸਿੰਘ, ਪ੍ਰਧਾਨ ਹਰਵਿੰਦਰ ਸਿੰਘ ਬੰਟੀ, ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਸੰਦੀਪ ਸਿੰਘ, ਸਿਮਰਜੀਤ ਕੌਰ ਸਿੰਮੀ, ਮਨੀ ਗੁੜਥੜੀ, ਡੀ.ਐੱਸ.ਪੀ. ਬੁਢਲਾਡਾ ਮਨਵੀਰ ਸਿੰਘ, ਐੱਸ.ਡੀ.ਐੱਮ. ਬੁਢਲਾਡਾ ਓਮ ਪ੍ਰਕਾਸ਼ ਵੀ ਮੌਜੂਦ ਸਨ।


Related News