800 ਸਕੂਲ ਬੰਦ ਕਰਨ ਦਾ ਮਾਮਲਾ ਅਧਿਆਪਕਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

Tuesday, Oct 24, 2017 - 02:15 AM (IST)

800 ਸਕੂਲ ਬੰਦ ਕਰਨ ਦਾ ਮਾਮਲਾ ਅਧਿਆਪਕਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

ਬਠਿੰਡਾ(ਪਰਮਿੰਦਰ)-ਪੰਜਾਬ ਸਰਕਾਰ ਵੱਲੋਂ 800 ਸਰਕਾਰੀ ਸਕੂਲਾਂ ਨੂੰ ਬੰਦ ਕਰ ਕੇ ਹੋਰ ਸਕੂਲਾਂ 'ਚ ਮਰਜ ਕਰਨ ਦੇ ਲਏ ਗਏ  ਫੈਸਲੇ ਦੇ ਵਿਰੋਧ 'ਚ ਅਧਿਆਪਕ ਸੰਗਠਨਾਂ ਨੇ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਉਕਤ ਪ੍ਰਦਰਸ਼ਨ 'ਚ ਡੀ. ਟੀ. ਐੱਫ., ਗਵਰਨਮੈਂਟ ਸਕੂਲ ਟੀਚਰਜ਼ ਯੂਨੀਅਨ ਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਮੈਂਬਰਾਂ ਨੇ ਸ਼ਾਮਲ ਹੋ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸੈਸ਼ਨ ਦੇ 7 ਮਹੀਨੇ ਲੰਘ ਜਾਣ ਤੋਂ ਬਾਅਦ ਵੀ ਸਰਕਾਰ ਵਿਦਿਆਰਥੀਆਂ ਨੂੰ ਜ਼ਰੂਰੀ ਕਿਤਾਬਾਂ ਤੱਕ ਮੁਹੱਈਆ ਨਹੀਂ ਕਰਵਾ ਸਕੀ। ਉਨ੍ਹਾਂ ਕਿਹਾ ਕਿ 800 ਸਕੂਲਾਂ ਨੂੰ ਬੰਦ ਕਰਨ ਦਾ ਕੰਮ ਸਿੱਖਿਆ ਦੇ ਨਿੱਜੀਕਰਨ ਵੱਲ ਉਠਾਇਆ ਜਾਣ ਵਾਲਾ ਇਕ ਦਕਮ ਹੈ ਪਰ ਸਰਕਾਰ ਦੇ ਇਰਾਦਿਆਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਤਰ੍ਹਾਂ ਸਕੂਲਾਂ ਨੂੰ ਬੰਦ ਕਰਨਾ ਸਿੱਖਿਆ ਦੇ ਅਧਿਕਾਰ ਐਕਟ ਦਾ ਵੀ ਉਲੰਘਣਾ ਹੈ। ਸੰਗਠਨਾਂ ਦੇ ਦਬਾਅ ਕਾਰਨ ਸਰਕਾਰ ਵੱਲੋਂ ਇਸ ਫੈਸਲੇ 'ਤੇ ਦੁਬਾਰਾ ਵਿਚਾਰ ਲਈ 30 ਨਵੰਬਰ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਇਸ ਫੈਸਲੇ ਨੂੰ ਰੱਦ ਕਰਵਾਉਣ ਲਈ ਸਾਰੇ ਅਧਿਆਪਕ ਸੰਗਠਨ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਇਸ ਮੌਕੇ ਡੀ.ਟੀ.ਐੱਸ. ਦੇ ਜਗਪਾਲ ਸਿੰਘ, ਜਸਵਿੰਦਰ ਸਿੰਘ, ਬੂਟਾ ਸਿੰਘ, ਬਲਜਿੰਦਰ ਸਿੰਘ, ਰਮੇਸ਼ ਸਿੰਘ, ਗੁਰਮੁਖ ਨਥਾਣਾ, ਰਣਦੀਪ ਕੌਰ, ਸਰਕਾਰੀ ਸਕੂਲ ਟੀਚਰਜ਼ ਯੂਨੀਅਨ ਦੇ ਲਛਮਣ ਸਿੰਘ ਮਲੂਕਾ, ਪਰਮਜੀਤ ਰਾਮਾ, ਈ.ਟੀ.ਟੀ. ਯੂਨੀਅਨ ਤੋਂ ਹਰਮੀਤ ਸਿੰਘ, ਰੇਸ਼ਮ ਸਿੰਘ, ਹਰਜੀਤ ਸਿੰਘ, ਸ਼ਮਿੰਦਰ ਸਿੰਘ, ਹਾਕਮ ਸਿੰਘ ਤੇ ਹੋਰ ਆਗੂ ਹਾਜ਼ਰ ਸਨ। ਇਸ ਸੰਘਰਸ਼ ਨੂੰ ਗੁਰੂ ਨਾਨਕ ਦੇਵ ਥਰਮਲ ਪਲਾਂਟ ਕਾਨਟ੍ਰੈਕਟ ਵਰਕਰਸ ਯੂਨੀਅਨ ਨੇ ਵੀ ਸਮਰਥਨ ਦਿੱਤਾ ਹੈ।


Related News