ਪੰਜਾਬ ਸਰਕਾਰ ਨੇ ਕੰਡਮ ਬੱਸਾਂ ਦੀ ਈ-ਆਕਸ਼ਨ ਰਾਹੀਂ ਰਾਖਵੀਂ ਕੀਮਤ ਤੋਂ 26 ਲੱਖ ਵੱਧ ਕਮਾਏ

12/24/2020 4:14:34 PM

ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਦੋ ਡਿਪੂਆਂ 'ਚ ਕੰਡਮ ਬੱਸਾਂ ਅਤੇ ਕਬਾੜ ਸਮੱਗਰੀ ਦੀ ਈ-ਆਕਸ਼ਨ ਰਾਹੀਂ ਵਿਕਰੀ ਨਾਲ ਰਾਖਵੀਂ ਕੀਮਤ ਤੋਂ 26 ਲੱਖ ਰੁਪਏ ਤੋਂ ਵੱਧ ਦਾ ਮਾਲੀਆ ਇੱਕਠਾ ਕੀਤਾ ਹੈ। ਸਰਕਾਰ ਨੇ 45 ਕੰਡਮ ਬੱਸਾਂ ਦੀ ਵਿਕਰੀ ਕੀਤੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਦੋ ਡਿਪੂਆਂ 'ਚ ਬੱਸਾਂ ਅਤੇ ਕਬਾੜ ਸਮੱਗਰੀ ਵੇਚਣ ਲਈ ਈ-ਆਕਸ਼ਨ ਕਰਵਾਈ ਗਈ ਸੀ। ਇਸ ਦੌਰਾਨ ਈ-ਨੀਲਾਮੀ ਰਾਹੀਂ ਅੰਮ੍ਰਿਤਸਰ -2 ਡਿਪੂ 'ਚ 25 ਕੰਡਮ ਬੱਸਾਂ ਅਤੇ ਫਿਰੋਜ਼ਪੁਰ ਡਿਪੂ 'ਚ 20 ਕੰਡਮ ਬੱਸਾਂ ਵੇਚੀਆਂ ਗਈਆਂ।

ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ -2 ਡਿਪੂ 'ਚ ਇਹ ਬੱਸਾਂ 35.74 ਲੱਖ ਰੁਪਏ ਦੀ ਰਾਖਵੀਂ ਕੀਮਤ ਤੋਂ 15.28 ਲੱਖ ਰੁਪਏ ਦੇ ਵਾਧੇ ਨਾਲ ਅਤੇ ਫਿਰੋਜ਼ਪੁਰ ਡਿਪੂ 'ਚ 31.51 ਲੱਖ ਰੁਪਏ ਦੀ ਰਾਖਵੀਂ ਕੀਮਤ ਤੋਂ 8.16 ਲੱਖ ਰੁਪਏ ਦੇ ਵਾਧੇ ਨਾਲ ਵਿਕੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤਰ੍ਹਾਂ ਇਹ ਬੱਸਾਂ 90.70 ਲੱਖ ਰੁਪਏ 'ਚ ਵਿਕੀਆਂ ਹਨ, ਜਦੋਂ ਕਿ ਇਨ੍ਹਾਂ ਦੀ ਰਾਖਵੀਂ ਕੀਮਤ 67.26 ਲੱਖ ਰੁਪਏ ਬਣਦੀ ਹੈ। ਇਸ ਤਰ੍ਹਾਂ 23.44 ਲੱਖ ਰੁਪਏ ਦਾ ਵਾਧੂ ਮਾਲੀਆ ਇੱਕਤਰ ਹੋਇਆ ਹੈ। ਇਸ ਤੋਂ ਇਲਾਵਾ ਹੋਰ ਕਬਾੜ ਸਮੱਗਰੀ ਜਿਵੇਂ ਕਿ ਕੰਡਮ ਟਾਇਰਾਂ, ਵਰਤੇ ਗਏ ਤੇਲ ਅਤੇ ਨਾ ਵਰਤਣ ਯੋਗ ਪੁਰਜਿਆਂ ਨੂੰ 12.19 ਲੱਖ ਰੁਪਏ 'ਚ ਵੇਚਿਆ ਗਿਆ ਹੈ, ਜਿਨ੍ਹਾਂ ਦੀ ਰਾਖਵੀਂ ਕੀਮਤ 9.07 ਲੱਖ ਰੁਪਏ ਬਣਦੀ ਹੈ।

ਇਸ ਤਰ੍ਹਾਂ ਕਬਾੜ ਦੀ ਵਿਕਰੀ ਤੋਂ 3.12 ਲੱਖ ਰੁਪਏ ਦਾ ਵਾਧਾ ਦਰਜ ਕੀਤਾ ਗਿਆ। ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਪਹਿਲਕਦਮੀ ਵਧੇਰੇ ਪਾਰਦਰਸ਼ਤਾ ਲਿਆਉਣ ਅਤੇ ਸਰਕਾਰੀ ਮਾਲੀਆ ਵਧਾਉਣ 'ਚ ਸਹਾਈ ਹੋਵੇਗੀ। ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਦੀ ਪ੍ਰਧਾਨਗੀ 'ਚ ਹੋਈ ਇੱਕ ਉੱਚ ਪੱਧਰੀ ਮੀਟਿੰਗ 'ਚ ਫ਼ੈਸਲਾ ਲਿਆ ਗਿਆ ਕਿ ਈ-ਬੋਲੀ ਰਾਹੀਂ ਸਕ੍ਰੈਪ ਦੀ ਵਿਕਰੀ ਕੀਤੀ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਸ਼ਮੂਲੀਅਤ ਰਾਹੀਂ ਵਧੇਰੇ ਪਾਰਦਰਸ਼ਤਾ ਲਿਆਂਦੀ ਜਾ ਸਕੇ। ਟਰਾਂਸਪੋਰਟ ਮਹਿਕਮੇ ਦੇ 2 ਡਿਪੂਆਂ 'ਚ ਇਹ ਬੋਲੀ ਮੁਕੰਮਲ ਕੀਤੀ ਗਈ ਅਤੇ ਆਉਣ ਵਾਲੇ ਸਮੇਂ 'ਚ ਬਾਕੀ ਡਿਪੂਆਂ 'ਚ ਈ-ਨੀਲਾਮੀ ਕਰਵਾਈ ਜਾਵੇਗੀ, ਜਿਸ ਨਾਲ ਮਹਿਕਮੇ ਦੇ ਮਾਲੀਏ 'ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।


Babita

Content Editor

Related News