ਪੰਜਾਬ ਨੂੰ ਜਰਮਨੀ ਤੋਂ ਮੰਗਵਾਏ ਗਏ 4 ''ਬਲਦ'' ਮਿਲੇ, ਸੂਬੇ ''ਚ ਵਧੇਗਾ ਦੁੱਧ ਦਾ ਉਤਪਾਦਨ

Monday, Dec 28, 2020 - 09:59 AM (IST)

ਚੰਡੀਗੜ੍ਹ : ਜਰਮਨੀ ਤੋਂ ਉੱਤਮ ਨਸਲ ਦੇ ਮੰਗਵਾਏ ਹੋਲਸਟੀਨ ਫ੍ਰਾਈਸੀਅਨ ਨਸਲ ਦੇ ਬਲਦਾਂ 'ਚੋਂ ਪੰਜਾਬ ਨੂੰ 4 ਬਲਦ ਮਿਲੇ ਹਨ। ਪੰਜਾਬ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰੀ ਗੋਕਲ ਮਿਸ਼ਨ ਦੇ ਤਹਿਤ ਕੌਮੀ ਡੇਅਰੀ ਵਿਕਾਸ ਬੋਰਡ ਨੇ ਦੇਸ਼ 'ਚ ਕਰਾਸਬ੍ਰੀਡ ਗਾਵਾਂ ਦੇ ਜਰਮ ਪਲਾਜ਼ਮਾ 'ਚ ਸੁਧਾਰ ਲਈ ਜਰਮਨੀ ਤੋਂ ਇਹ ਉੱਤਮ ਨਸਲ ਦੇ ਬਲਦ ਮੰਗਵਾਏ ਹਨ।

ਇਹ ਵੀ ਪੜ੍ਹੋ : ਸਾਲ 2020 : 'ਲੁਧਿਆਣਾ ਪੁਲਸ' 'ਤੇ ਸਭ ਤੋਂ ਭਾਰੂ ਰਿਹਾ 'ਕੋਰੋਨਾ', ਮੁਲਾਜ਼ਮਾਂ ਤੋਂ ਲੈ ਕੇ DCP ਤੱਕ ਆਏ ਲਪੇਟ 'ਚ

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁਹੱਈਆ ਕਰਵਾਏ ਗਏ ਉੱਤਮ ਨਸਲ ਦੇ ਇਨ੍ਹਾਂ ਬਲਦਾਂ ਨਾਲ ਸੂਬੇ 'ਚ ਨਾ ਸਿਰਫ ਦੁੱਧ ਉਤਪਾਦਨ ਨੂੰ ਹੁਲਾਰਾ ਮਿਲੇਗਾ, ਸਗੋਂ ਸੂਬੇ 'ਚ ਦੁਧਾਰੂ ਪਸ਼ੂਆਂ ਦੀ ਨਸਲ 'ਚ ਵੀ ਸੁਧਾਰ ਹੋਵੇਗਾ। ਬਾਜਵਾ ਨੇ ਕਿਹਾ ਕਿ ਜਿਵੇਂ ਹਰ ਕੋਈ ਜਾਣਦਾ ਹੈ ਕਿ ਖੁਰਾਕ ਉਤਪਾਦਨ ਲਈ ਤੇਜ਼ੀ ਨਾਲ ਵੱਧ ਰਹੀ ਲਾਗਤ ਕਰਕੇ ਰਵਾਇਤੀ ਖੇਤੀਬਾੜੀ ਹੁਣ ਕਿਸਾਨਾਂ ਲਈ ਲਾਹੇਵੰਦ ਨਹੀਂ ਰਹੀ, ਇਸ ਲਈ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਡੇਅਰੀ ਨੂੰ ਸਹਾਇਕ ਖੇਤੀ ਧੰਦੇ ਵਜੋਂ ਵਿਕਸਤ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਡੇਅਰੀ ਨੂੰ ਇੱਕ ਲਾਹੇਵੰਦ ਧੰਦਾ ਬਣਾਉਣ ਲਈ ਸੂਬੇ ਦੇ ਪਸ਼ੂ ਪਾਲਕਾਂ ਨੂੰ ਮੁਫ਼ਤ ਗਰਭਧਾਨ ਤੇ ਟੀਕਾਕਰਨ ਸੇਵਾਵਾਂ ਅਤੇ ਹੋਰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ 'ਕੋਰੋਨਾ ਟੀਕੇ' ਦਾ ਟ੍ਰਾਇਲ ਅੱਜ ਤੋਂ, ਸਰਕਾਰ ਨੇ ਖਿੱਚੀ ਪੂਰੀ ਤਿਆਰੀ

ਉਨ੍ਹਾਂ ਨਾਲ ਹੀ ਕਿਹਾ ਕਿ ਪਸ਼ੂ ਪਾਲਣ ਮਹਕਿਮਾ ਬਹੁਤੀਆਂ ਸੇਵਾਵਾਂ ਲਈ ਪਸ਼ੂ ਪਾਲਕਾਂ ਤੋਂ ਨਾਮਾਤਰ ਫ਼ੀਸ ਵਸੂਲਦਾ ਹੈ। ਪੰਜਾਬ ਪਸ਼ੂ ਪਾਲਣ ਮਹਿਕਮੇ ਦੇ ਵਧੀਕ ਮੁੱਖ ਸਕੱਤਰ ਵੀ.ਕੇ. ਜੰਜੂਆ ਨੇ ਦੱਸਿਆ ਕਿ ਦਰਾਮਦ ਕੀਤੇ ਗਏ ਐਚ. ਐਫ. ਨਸਲ ਦੇ ਬਲਦ 10 ਤੋਂ 12 ਮਹੀਨਿਆਂ ਦੇ ੳਮਰ ਦੇ ਹਨ ਅਤੇ ਅਗਲੇ 2 ਸਾਲਾਂ 'ਚ ਇੰਨਾਂ ਤੋਂ ਸੀਮਨ ਉਤਪਾਦਨ ਸਹੀ ਤਰ੍ਹਾਂ ਸ਼ੁਰੂ ਹੋ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪਹਿਲੇ ਸਾਲ ਦੌਰਾਨ, ਇਨਾਂ ਬਲਦਾਂ ਤੋਂ ਤਕਰੀਬਨ 8,000 -10,000 ਸੀਮਨ ਸਟਰਾਅ ਦੇ ਉਤਪਾਦਨ ਦੀ ਉਮੀਦ ਕੀਤੀ ਜਾ ਰਹੀ ਹੈ, ਜੋ ਆਉਣ ਵਾਲੇ ਸਾਲਾਂ 'ਚ 25000 ਸੀਮਨ ਸਟਰਾਅ ਤੱਕ ਵਧ ਜਾਵੇਗੀ।

ਇਹ ਵੀ ਪੜ੍ਹੋ : 'ਸ਼ਹੀਦੀ ਜੋੜ ਮੇਲੇ' 'ਚ ਪੁੱਜ ਰਹੀਆਂ ਸੰਗਤਾਂ ਨੂੰ ਪ੍ਰਸ਼ਾਸਨ ਦੀ ਖ਼ਾਸ ਅਪੀਲ (ਵੀਡੀਓ)

ਉਨ੍ਹਾਂ ਕਿਹਾ ਕਿ ਵਿਦੇਸ਼ੀ ਜਰਮ ਪਲਾਜ਼ਮਾ ਨੂੰ ਸਥਾਨਕ ਜੀਨ ਪੂਲ 'ਚ ਸ਼ਾਮਲ ਕੀਤਾ ਜਾਵੇਗਾ, ਜਿਸ ਦੇ ਨਤੀਜੇ ਵਜੋਂ ਨਸਲ 'ਚ ਸੁਧਾਰ ਹੋਵੇਗਾ। ਡਾਇਰੈਕਟਰ ਪਸ਼ੂ ਪਾਲਣ ਮਹਿਕਮਾ, ਪੰਜਾਬ ਡਾ. ਐਚ. ਐਸ. ਕਾਹਲੋਂ ਨੇ ਦੱਸਿਆ ਕਿ ਦਰਾਮਦ ਕੀਤੇ ਗਏ ਇਨ੍ਹਾਂ ਚਾਰ ਬਲਦਾਂ ਨੂੰ ਮਾਹਰਾਂ ਦੀ ਨਿਗਰਾਨੀ ਹੇਠ ਰੂਪਨਗਰ ਦੇ ਸੀਮਨ ਬੈਂਕ ਵਿਖੇ ਰੱਖਿਆ ਗਿਆ ਹੈ, ਜਿਨ੍ਹਾਂ 'ਚੋਂ ਦੋ ਨੂੰ ਰੌਣੀ ਫਾਰਮ ਪਟਿਆਲਾ ਵਿਖੇ ਭੇਜਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਇਨ੍ਹਾਂ ਨਵੇਂ ਬਲਦਾਂ ਤੋਂ ਸੀਮਨ ਉਤਪਾਦਨ ਸ਼ੁਰੂ ਹੋ ਜਾਵੇਗਾ ਤਾਂ ਸੀਮਨ ਬੈਂਕ ਜ਼ਰੀਏ ਸਾਰੇ ਪਸੂ ਹਸਪਤਾਲਾਂ ਅਤੇ ਜ਼ਿਲ੍ਹਿਆਂ ਦੀਆਂ ਡਿਸਪੈਂਸਰੀਆਂ ਨੂੰ ਸੀਮਨ ਸਟਰਾਅ ਵੰਡੀਆਂ ਜਾਣਗੀਆਂ, ਜੋ ਮਹਿਕਮੇ ਦੇ ਗਰਭਧਾਨ ਪ੍ਰੋਗਰਾਮ ਲਈ ਵਰਤੀਆਂ ਜਾਣਗੀਆਂ।   
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਸਾਂਝੀ ਕਰੋ ਆਪਣੀ ਰਾਏ
 


Babita

Content Editor

Related News