...ਤੇ ਪੰਜਾਬ ਦੇ ਗੈਂਗਸਟਰਾਂ ਨੂੰ ਇੰਝ ਮਿਲਦੇ ਨੇ ''ਹਥਿਆਰ'', ਹੋਇਆ ਸਨਸਨੀਖੇਜ਼ ਖੁਲਾਸਾ

Thursday, Feb 13, 2020 - 10:06 AM (IST)

...ਤੇ ਪੰਜਾਬ ਦੇ ਗੈਂਗਸਟਰਾਂ ਨੂੰ ਇੰਝ ਮਿਲਦੇ ਨੇ ''ਹਥਿਆਰ'', ਹੋਇਆ ਸਨਸਨੀਖੇਜ਼ ਖੁਲਾਸਾ

ਚੰਡੀਗੜ੍ਹ : ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰ ਮੁਹੱਈਆ ਕਰਾਉਣ ਸਬੰਧੀ ਖੁਫੀਆ ਵਿੰਗ ਦੀ ਤਫਤੀਸ਼ ਦੌਰਾਨ ਸਨਸਨੀਖੇਜ਼ ਤੱਥ ਸਾਹਮਣੇ ਆਏ ਹਨ। ਤਫਤੀਸ਼ ਕਰਨ 'ਤੇ ਪਤਾ ਲੱਗਿਆ ਹੈ ਕਿ ਪੰਜਾਬ 'ਚ ਸਰਗਰਮ ਗੈਂਗਸਟਰਾਂ ਨੂੰ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਬਿਹਾਰ ਸੂਬਿਆਂ 'ਚ ਬਣ ਰਹੇ 'ਹੋਮ ਮੇਡ' ਆਧੁਨਿਕ ਕਿਸਮ ਦੇ ਪਿਸਤੌਲ ਸਿਰਫ ਅੰਤਰਰਾਜੀ ਸਮੱਗਲਰਾਂ ਵਲੋਂ ਹੀ ਸਪਲਾਈ ਨਹੀਂ ਕੀਤੇ ਜਾਂਦੇ, ਸਗੋਂ ਪੰਜਾਬ ਦੇ ਛੋਟੇ-ਵੱਡੇ ਸ਼ਹਿਰਾਂ 'ਚ ਸਥਿਤ ਅਸਲਾ ਡੀਲਰਾਂ ਵਲੋਂ ਵੀ ਇਹ ਹਥਿਆਰ ਗੈਂਗਸਟਰਾਂ ਨੂੰ ਮੁਹੱਈਆ ਕਰਵਾਏ ਜਾਂਦੇ ਹਨ।

ਉੱਤਰ ਪ੍ਰਦੇਸ਼ ਅਤੇ ਬਿਹਾਰ 'ਚ ਹਥਿਆਰ ਸਪਲਾਈ ਕਰਨ ਵਾਲੇ ਤਸਕਰਾਂ ਦੀ ਗਿਣਤੀ ਅੱਧ ਦਰਜਨ ਦੇ ਕਰੀਬ ਹੈ। ਪੁਲਸ ਵਲੋਂ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਬੁੱਢਾ ਕੋਲੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ 'ਤੇ ਪੰਜਾਬ ਪੁਲਸ ਦੇ ਵਿਸ਼ੇਸ਼ ਸੈੱਲ ਨੇ ਅਸ਼ੀਸ਼ ਨਾਂ ਦੇ ਤਸਕਰ ਨੂੰ ਵੀ ਕਾਬੂ ਕੀਤਾ ਹੈ। ਅਸ਼ੀਸ਼ ਉੱਤਰ ਪ੍ਰਦੇਸ਼ ਦਾ ਵਸਨੀਕ ਹੈ ਅਤੇ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਨੂੰ ਵੀ ਕਈ ਅਹਿਮ ਫੌਜਦਾਰੀ ਮਾਮਲਿਆਂ 'ਚ ਲੋੜੀਂਦਾ ਸੀ। ਪੁਲਸ ਸੂਤਰਾਂ ਮੁਤਾਬਕ ਉਸ ਵਲੋਂ 100 ਤੋਂ ਵੱਧ ਪਿਸਤੌਲ ਸੁੱਖਾ ਕਾਹਲਵਾਂ, ਅਕੂਲ ਖੱਤਰੀ, ਪ੍ਰੀਤ ਫਗਵਾੜਾ, ਜੱਗੂ ਭਗਵਾਨਪੁਰੀਆ, ਗੁਗਨੀ ਅਤੇ ਸੁਖਪ੍ਰੀਤ ਉਰਫ ਬੁੱਢਾ ਨਾਮੀ ਗੈਂਗਸਟਰਾਂ ਤੇ ਹੋਰਨਾਂ ਨੂੰ ਸਪਲਾਈ ਕੀਤੇ ਗਏ ਸਨ।

ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਅਸ਼ੀਸ਼ ਮੁਤਾਬਕ ਬਿਹਾਰ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ 'ਚ ਆਧੁਨਿਕ ਕਿਸਮ ਦੇ ਪਿਸਤੌਲ ਘਰਾਂ 'ਚ ਹੀ ਬਣਦੇ ਹਨ। ਇਨ੍ਹਾਂ ਪਿਸਤੌਲਾਂ 'ਤੇ ਸ਼ਹਿਰ ਅਤੇ ਪਿੰਡ ਦਾ ਨਾਂ ਵੀ ਉੱਕਰਿਆ ਹੋਇਆ ਹੈ। ਪੁਲਸ ਮੁਤਾਬਕ ਇਨ੍ਹਾਂ ਅਸਲਾ ਡੀਲਰਾਂ ਦੇ ਕਾਗਜ਼ਾਂ ਮੁਤਾਬਕ ਜਿੰਨੇ ਹਥਿਆਰ ਰਿਕਾਰਡ 'ਚ ਹਨ, ਹਕੀਕਤ 'ਚ ਨਹੀਂ ਹਨ ਅਤੇ ਇਹ ਹਥਿਆਰ ਗੈਰ ਕਾਨੂੰਨੀ ਤੌਰ 'ਤੇ ਗੈਂਗਸਟਰਾਂ ਜਾਂ ਹੋਰਨਾਂ ਅਪਰਾਧੀਆਂ ਨੂੰ ਸਪਲਾਈ ਕੀਤੇ ਜਾਣ ਦਾ ਖਦਸ਼ਾ ਹੈ।


author

Babita

Content Editor

Related News