ਪੰਜਾਬ ਦੇ ਇਸ ਇਲਾਕੇ ''ਚ ਬਣੇ ਹੜ੍ਹ ਵਰਗੇ ਹਾਲਾਤ! ਮੁੱਖ ਸੜਕ ਵੀ ਹੋਈ ਬੰਦ
Tuesday, Aug 11, 2026 - 02:35 PM (IST)
ਬਮਿਆਲ (ਹਰਜਿੰਦਰ ਸਿੰਘ ਗੋਰਾਇਆ): ਸਰਹੱਦੀ ਖੇਤਰ ਦੇ ਬਮਿਆਲ ਖੇਤਰ ਵਿਚੋਂ ਲੰਘਦੇ ਜਲਾਲੀਆ ਦਰਿਆ ਵਿਚ ਅੱਜ ਮੁੜ ਪਾਣੀ ਦਾ ਪੱਧਰ ਵੱਧਣ ਕਾਰਨ ਹੜ੍ਹ ਵਰਗੀ ਸਥਿਤੀ ਬਣ ਗਈ, ਜਿਸ ਦੇ ਚਲਦਿਆਂ ਬਮਿਆਲ ਤੋਂ ਪਠਾਨਕੋਟ ਅਤੇ ਦੀਨਾਨਗਰ ਨੂੰ ਜਾਣ ਵਾਲਾ ਮੁੱਖ ਰਸਤਾ ਇਕ ਵਾਰ ਫਿਰ ਬੰਦ ਹੋ ਗਿਆ। ਰਸਤਾ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜਲਾਲੀਆ ਦਰਿਆ ’ਤੇ ਰੁੜ੍ਹ ਚੁੱਕੀ ਪੁਲੀ ਨੂੰ ਅਜੇ ਤੱਕ ਪੂਰੀ ਤਰ੍ਹਾਂ ਦੁਬਾਰਾ ਨਹੀਂ ਬਣਾਇਆ ਜਾ ਸਕਿਆ। ਇਸ ਕਾਰਨ ਪਿਛਲੇ ਦਿਨੀਂ ਆਏ ਹੜ੍ਹ ਦੌਰਾਨ ਵੀ ਇਹ ਰਸਤਾ ਬੰਦ ਹੋ ਗਿਆ ਸੀ। ਉਸ ਸਮੇਂ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਹਰਕਤ ਵਿੱਚ ਆਉਂਦਿਆਂ ਪੁਲੀ ਦੇ ਨਿਰਮਾਣ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰਵਾਇਆ ਗਿਆ ਸੀ।
ਪਰ ਬਰਸਾਤ ਦੇ ਮੌਸਮ ਦੌਰਾਨ ਪੁਲੀ ਦਾ ਕੰਮ ਪੂਰਾ ਹੋਣ ਤੋਂ ਪਹਿਲਾਂ ਹੀ ਅੱਜ ਮੁੜ ਦਰਿਆ ਵਿਚ ਪਾਣੀ ਦਾ ਪੱਧਰ ਵਧ ਗਿਆ ਅਤੇ ਆਵਾਜਾਈ ਪ੍ਰਭਾਵਿਤ ਹੋ ਗਈ। ਮੁੱਖ ਰਸਤਾ ਬੰਦ ਹੋਣ ਕਾਰਨ ਕਈ ਲੋਕਾਂ ਨੇ ਸਾਈਡ ਰਸਤੇ ਰਾਹੀਂ ਪਾਣੀ ਵਿਚੋਂ ਲੰਘਣ ਦੀ ਕੋਸ਼ਿਸ਼ ਕੀਤੀ, ਜੋ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇਣ ਦੇ ਬਰਾਬਰ ਸੀ। ਇਸ ਦੌਰਾਨ ਡਿਊਟੀ ’ਤੇ ਜਾਣ ਵਾਲੀਆਂ ਕਈ ਔਰਤਾਂ, ਜੋ ਸਕੂਟੀਆਂ ’ਤੇ ਸਨ, ਰਸਤਾ ਬੰਦ ਹੋਣ ਕਾਰਨ ਵਾਪਸ ਮੁੜ ਗਈਆਂ।
ਦੂਜੇ ਪਾਸੇ ਕੁਝ ਮੋਟਰਸਾਈਕਲ ਸਵਾਰ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਪਾਣੀ ਵਿਚੋਂ ਲੰਘਦੇ ਨਜ਼ਰ ਆਏ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੁਲ਼ੀ ਦਾ ਨਿਰਮਾਣ ਕਾਰਜ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ, ਤਾਂ ਜੋ ਹਰ ਵਾਰ ਬਰਸਾਤ ਦੌਰਾਨ ਬਮਿਆਲ ਇਲਾਕੇ ਦੇ ਲੋਕਾਂ ਨੂੰ ਪਠਾਨਕੋਟ ਅਤੇ ਦੀਨਾਨਗਰ ਨਾਲੋਂ ਸੰਪਰਕ ਟੁੱਟਣ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
