ਪੰਜਾਬ: ਪਟਾਕੇ ਚਲਾਉਂਦੇ ਮੁੰਡੇ ਦੀ ਛਾਤੀ ''ਚ ਵੱਜਿਆ ਬੰਬ! ਹੋਈ ਦਰਦਨਾਕ ਮੌਤ
Tuesday, Nov 10, 2026 - 06:39 PM (IST)
ਨੂਰਪੁਰਬੇਦੀ (ਭੰਡਾਰੀ, ਅਵਿਨਾਸ਼)- ਦੀਵਾਲੀ ਦੇ ਤਿਉਹਾਰ ਤੋਂ ਅਗਲੇ ਦਿਨ ਨਜ਼ਦੀਕੀ ਪਿੰਡ ਸੈਣੀਮਾਜਰਾ ਵਿਖੇ ਪਟਾਕੇ ਚਲਾਉਂਦੇ ਸਮੇਂ ਵਾਪਰੇ ਇਕ ਦਰਦਨਾਕ ਹਾਦਸੇ ਵਿਚ 38 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਕਾਰਨ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਹੱਸਦੇ-ਖੇਡਦੇ ਪਰਿਵਾਰ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿਚ ਬਦਲ ਗਈਆਂ, ਜਦੋਂ ਪਟਾਕਾ ਚਲਾਉਣ ਦੌਰਾਨ ਹੋਏ ਧਮਾਕੇ ਨੇ ਇਕ ਨੌਜਵਾਨ ਦੀ ਜਾਨ ਲੈ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ 9 ਨਵੰਬਰ ਦੀ ਰਾਤ ਕਰੀਬ ਸਾਢੇ 10 ਵਜੇ ਅਨੁਪਮ ਦਿਆਲ ਉਰਫ਼ ਨਿੱਪੀ ਪੁੱਤਰ ਪੀ.ਟੀ. ਮਾਸਟਰ ਦਰਸ਼ਨ ਕੁਮਾਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਘਰ ਵਿਚ ਪਟਾਕੇ ਚਲਾ ਰਿਹਾ ਸੀ। ਇਸ ਦੌਰਾਨ ਇਕ ਬੰਬ (ਸ਼ਾਰਟ) ਦੇ ਕੁਝ ਸਮੇਂ ਲਈ ਨਾ ਚੱਲਣ ’ਤੇ ਜਦੋਂ ਨੌਜਵਾਨ ਨਿੱਪੀ ਉਸ ਨੂੰ ਦੇਖਣ ਲਈ ਅੱਗੇ ਵਧਿਆ ਤਾਂ ਅਚਾਨਕ ਬੰਬ ਉਸ ਦੀ ਛਾਤੀ ਨਾਲ ਟਕਰਾਉਣ ਉਪਰੰਤ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਇਸ ਹਾਦਸੇ ਕਾਰਨ ਮੌਕੇ ਹਫੜਾ-ਦਫੜੀ ਮਚ ਗਈ।
ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਦੇ ਲੋਕਾਂ ਵੱਲੋਂ ਤੁਰੰਤ ਉਸ ਨੂੰ ਸਥਾਨਕ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਨੌਜਵਾਨ ਖੇਤੀਬਾੜੀ ਦੇ ਕੰਮ ਦੇ ਨਾਲ-ਨਾਲ ਇਕ ਹੋਟਲ ਵੀ ਚਲਾਉਂਦਾ ਸੀ ਅਤੇ ਮਿਹਨਤ-ਮੁਸ਼ੱਕਤ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਉਸ ਦੀ ਅਚਾਨਕ ਹੋਈ ਮੌਤ ਨੇ ਸਮੁੱਚੇ ਪਰਿਵਾਰ ਨੂੰ ਗਹਿਰੇ ਸਦਮੇ ਵਿਚ ਪਾ ਦਿੱਤਾ ਹੈ। ਉਹ ਆਪਣੇ ਪਿੱਛੇ ਵਿਧਵਾ ਪਤਨੀ, ਬਜ਼ੁਰਗ ਮਾਤਾ-ਪਿਤਾ ਅਤੇ ਪੰਜ ਸਾਲਾ ਮਾਸੂਮ ਪੁੱਤਰ ਛੱਡ ਗਿਆ ਹੈ। ਇਸ ਦੁਖਦਾਈ ਘਟਨਾ ਕਾਰਨ ਮਾਸੂਮ ਬੱਚੇ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਹੈ।
ਨੌਜਵਾਨ ਦੀ ਬੇਵਕਤੀ ਮੌਤ ’ਤੇ ਦੂਨ ਵੈੱਲਫੇਅਰ ਸਭਾ ਦੇ ਸਰਪ੍ਰਸਤ ਮਾਸਟਰ ਜਗਨਨਾਥ ਭੰਡਾਰੀ, ਪ੍ਰਧਾਨ ਮਾਸਟਰ ਨਾਨਕ ਚੰਦ ਰਾਣਾ, ਮਾਸਟਰ ਮੋਹਨ ਸਿੰਘ ਭੈਣੀ, ਬਾਬੂ ਭਜਨ ਸਿੰਘ ਝੱਜ, ਵਿਧਾਇਕ ਦਿਨੇਸ਼ ਚੱਢਾ, ਹੇਮੰਤ ਸੈਣੀ, ਦੇਸਰਾਜ ਸੈਣੀ ਅਤੇ ਭਾਜਪਾ ਆਗੂ ਵਿਜੇ ਪੁਰੀ ਸਮੇਤ ਵੱਖ-ਵੱਖ ਸ਼ਖਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਈ। ਬਾਅਦ ਦੁਪਹਿਰ ਗਮਗੀਨ ਮਾਹੌਲ ਵਿਚ ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਅਤੇ ਇਲਾਕੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਨਮ ਅੱਖਾਂ ਨਾਲ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ।
