ਵੱਡੀ ਖ਼ਬਰ: ਪੰਜਾਬ ''ਚ ਤਨਖ਼ਾਹਾਂ ਬਾਰੇ ਨਵੇਂ ਹੁਕਮ, ਜਾਰੀ ਹੋਈ NOTIFICATION
Tuesday, Nov 10, 2026 - 08:34 PM (IST)
ਚੰਡੀਗੜ੍ਹ (ਹਰਿਸ਼ਚੰਦਰ)- ਪੰਜਾਬ ਸਰਕਾਰ ਨੇ ਕਰਮਚਾਰੀਆਂ ਦੀ ਤਨਖਾਹ ਦੇ ਭੁਗਤਾਨ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਹੁਣ ਸੂਬੇ ਦੇ ਸਾਰੇ ਅਦਾਰਿਆਂ ਅਤੇ ਫੈਕਟਰੀਆਂ ਨੂੰ ਕਰਮਚਾਰੀਆਂ ਦੀ ਤਨਖਾਹ ਸਿਰਫ਼ ਚੈੱਕ, ਸਿੱਧੇ ਬੈਂਕ ਖਾਤੇ ’ਚ ਜਾਂ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਦੇਣੀ ਹੋਵੇਗੀ। ਨਕਦ ਤਨਖਾਹ ਭੁਗਤਾਨ ਦੀ ਵਿਵਸਥਾ ਖ਼ਤਮ ਕਰਦਿਆਂ ਕਿਰਤ ਵਿਭਾਗ ਨੇ 30 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ, ਜਿਸ ਨੂੰ 3 ਨਵੰਬਰ ਨੂੰ ਪੰਜਾਬ ਸਰਕਾਰ ਦੇ ‘ਅਸਾਧਾਰਨ’ ਗਜ਼ਟ ’ਚ ਪ੍ਰਕਾਸ਼ਿਤ ਕੀਤਾ ਗਿਆ।
ਕਿਰਤ ਵਿਭਾਗ ਦੇ ਸਕੱਤਰ ਮਨਵੇਸ਼ ਸਿੰਘ ਸਿੱਧੂ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਵੇਜ ਕੋਡ (ਤਨਖਾਹ ਜ਼ਾਬਤਾ)-2019 ਦੀ ਧਾਰਾ 15 ਤਹਿਤ ਇਹ ਵਿਵਸਥਾ ਲਾਗੂ ਕੀਤੀ ਗਈ ਹੈ। ਇਸ ਦੇ ਘੇਰੇ ’ਚ ਸਾਰੇ ਅਦਾਰਿਆਂ ਅਤੇ ਫੈਕਟਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸਰਕਾਰ ਦੇ ਇਸ ਫੈਸਲੇ ਨਾਲ ਬੈਂਕ ਖਾਤੇ ’ਚ ਤਨਖਾਹ ਜਮ੍ਹਾਂ ਹੋਣ ਕਰ ਕੇ ਭੁਗਤਾਨ ਦਾ ਰਿਕਾਰਡ ਉਪਲਬਧ ਰਹੇਗਾ, ਜਿਸ ਨਾਲ ਤਨਖਾਹ ’ਚ ਕਟੌਤੀ, ਬਕਾਇਆ ਭੁਗਤਾਨ ਅਤੇ ਦੇਰੀ ਨਾਲ ਜੁੜੇ ਵਿਵਾਦਾਂ ’ਚ ਕਰਮਚਾਰੀਆਂ ਨੂੰ ਆਪਣਾ ਪੱਖ ਰੱਖਣ ’ਚ ਆਸਾਨੀ ਹੋਵੇਗੀ।
ਹੁਣ ਤੱਕ ਕਈ ਛੋਟੇ ਅਦਾਰਿਆਂ ਅਤੇ ਉਦਯੋਗਿਕ ਇਕਾਈਆਂ ’ਚ ਮਜ਼ਦੂਰਾਂ ਨੂੰ ਨਕਦ ਤਨਖਾਹ ਦਿੱਤੀ ਜਾਂਦੀ ਰਹੀ ਹੈ। ਅਜਿਹੀ ਸਥਿਤੀ ’ਚ ਭੁਗਤਾਨ ਦਾ ਸਬੂਤ ਨਾ ਹੋਣ ਕਰ ਕੇ ਮਜ਼ਦੂਰਾਂ ਨੂੰ ਸ਼ਿਕਾਇਤਾਂ ਦੇ ਨਿਪਟਾਰੇ ’ਚ ਪ੍ਰੇਸ਼ਾਨੀ ਆਉਂਦੀ ਸੀ। ਨਵੀਂ ਵਿਵਸਥਾ ਨਾਲ ਮਾਲਕਾਂ ਦੀ ਜਵਾਬਦੇਹੀ ਵਧੇਗੀ ਅਤੇ ਤਨਖਾਹ ਭੁਗਤਾਨ ’ਚ ਪਾਰਦਰਸ਼ਤਾ ਆਵੇਗੀ। ਨੋਟੀਫਿਕੇਸ਼ਨ ’ਚ ਕਿਸੇ ਵਿਸ਼ੇਸ਼ ਉਦਯੋਗ ਜਾਂ ਅਦਾਰੇ ਨੂੰ ਛੋਟ ਦੇਣ ਦਾ ਜ਼ਿਕਰ ਨਹੀਂ ਹੈ। ਅਜਿਹੇ ’ਚ ਛੋਟੇ ਕਾਰਖਾਨਿਆਂ, ਦੁਕਾਨਾਂ ਅਤੇ ਹੋਰ ਅਦਾਰਿਆਂ ਨੂੰ ਵੀ ਬੈਂਕਿੰਗ ਮਾਧਿਅਮ ਰਾਹੀਂ ਤਨਖਾਹ ਭੁਗਤਾਨ ਦੀ ਵਿਵਸਥਾ ਕਰਨੀ ਪਵੇਗੀ।
