ਪੰਜਾਬ ਦਾ ਇਸ ਵਾਰ ਵੀ ਨਹੀਂ ਘਟਿਆ ‘ਝੋਨੇ ਨਾਲੋਂ ਮੋਹ’

09/17/2019 7:05:52 PM

ਜਲੰਧਰ (ਜਸਬੀਰ ਵਾਟਾਂ ਵਾਲੀ) ਪੰਜਾਬ ਵਿਚ ਜ਼ਮੀਨਦੋਜ਼ ਪਾਣੀ ਦੇ ਡਿੱਗਦੇ ਪੱਧਰ ਨੂੰ ਦੇਖਦਿਆਂ ਸਰਕਾਰ ਵੱਲੋਂ ਇਸ ਵਾਰ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਘੱਟ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਇਸ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਦਾ ਝੋਨੇ ਨਾਲੋਂ ਮੋਹ ਨਹੀਂ ਟੁੱਟਿਆ। ਖੇਤੀ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ’ਤੇ ਝਾਤੀ ਮਾਰੀਏ ਤਾਂ ਪੰਜਾਬ ਵਿਚ ਇਸ ਵਾਰ ਵੀ 29.20 ਲੱਖ ਹੈੱਕਟੇਅਰ ਝੋਨੇ ਦੀ ਬਿਜਾਈ ਕੀਤੀ ਗਈ, ਜਦਕਿ ਸਰਕਾਰ ਵੱਲੋਂ ਝੋਨੇ ਹੇਠਲਾ ਇਹ ਰਕਬਾ 29.20 ਲੱਖ ਹੈੱਕਟੇਅਰ ਤੋਂ ਘਟਾ ਕੇ 29 ਲੱਖ ਕਰਨ ਦਾ ਟੀਚਾ ਮਿਥਿਆ ਗਿਆ ਸੀ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਪੰਜਾਬ ਵਿਚ ਆਏ ਹੜ੍ਹਾਂ ਨੇ ਕਾਫੀ ਰਕਬੇ ਮੌਜੂਦਾ ਸਮੇਂ ਵਿਚ ਖਰਾਬ ਕੀਤਾ ਹੈ। 

ਇਸੇ ਤਰ੍ਹਾਂ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿਚ ਵੀ ਝੋਨੇ ਬਿਜਾਈ ਵਿਚ ਮਿਥੇ ਟੀਚੇ ਤੋਂ ਕਮੀ ਨਹੀਂ ਆਈ ਜਦਕਿ ਹਰਿਆਣਾ ਸਰਕਾਰ ਵੱਲੋਂ ਹੋਰ ਬਦਲਵੀਆਂ ਫਸਲਾਂ ਬੀਜਣ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਇਨਸੈਂਟਿਵ ਦੇਣ ਦਾ ਵੀ ਐਲਾਨ ਕੀਤਾ ਗਿਆ ਸੀ। ਸਰਕਾਰ ਵਲੋਂ ਇਸ ਵਾਰ ਝੋਨੇ ਬਿਜਾਈ ਲਈ 12 ਲੱਖ ਹੈੱਕਟੇਅਰ ਰਕਬਾ ਮਿਥਿਆ ਗਿਆ ਸੀ। ਇਸ ਦੇ ਬਾਵਜੂਦ ਇੱਥੇ 13.06 ਲੱਖ ਹੈੱਕਟੇਅਰ ਰਕਬੇ ’ਤੇ ਝੋਨੇ ਦੀ ਬਿਜਾਈ ਕੀਤੀ ਜਾ ਚੁੱਕੀ ਹੈ। ਝੋਨੇ ਦੀ ਬਿਜਾਈ ਦਾ ਇਹ ਮੋਹ ਦੇਸ਼ ਦੇ ਹੋਰ ਕਈ ਸੂਬਿਆਂ ਵਿਚ ਵੀ ਇਸੇ ਤਰ੍ਹਾਂ ਜਾਰੀ ਹੈ। ਉੱਤਰ ਪ੍ਰਦੇਸ਼ ਵਿਚ ਵੀ ਇਸ ਵਾਰ ਝੋਨੇ ਦੀ ਬਿਜਾਈ ਮਿਥੇ ਟੀਚੇ ਤੋਂ ਵੱਧ ਕੀਤੀ ਜਾ ਚੁੱਕੀ ਹੈ। ਸਥਾਨਕ ਸਰਕਾਰ ਵੱਲੋਂ ਝੋਨੇ ਦੀ ਝੋਨੇ ਦੀ ਬਿਜਾਈ ਦਾ ਟੀਚਾ 60 ਲੱਖ ਹੈੱਕਟੇਅਰ ਰੱਖਿਆ ਗਿਆ ਸੀ। ਸਤੰਬਰ ਮਹੀਨੇ ਦੀ 6 ਤਰੀਕ ਤੱਕ ਇੱਥੇ 60.05 ਲੱਖ ਹੈੱਕਟੇਅਰ ਰਕਬੇ ’ਤੇ ਝੋਨੇ ਦੀ ਬਿਜਾਈ ਕੀਤੀ ਜਾ ਚੁੱਕੀ ਹੈ। 

ਕਈ ਸੂਬਿਆਂ ਵਿਚ ਘਟਿਆ ਝੋਨੇ ਹੇਠ ਰਕਬਾ

ਦੇਸ਼ ਦੇ ਕਈ ਸੂਬਿਆਂ ਵਿਚ ਭਾਵੇਂ ਕਿ ਮਿਥੇ ਟੀਚਿਆਂ ਤੋਂ ਝੋਨੇ ਦੀ ਬਿਜਾਈ ਹੇਠ ਕਰਬਾ ਵਧਿਆ ਹੈ ਪਰ ਕੁਝ ਸੂਬੇ ਅਜਿਹੇ ਵੀ ਹਨ, ਜਿੱਥੇ ਝੋਨੇ ਬਿਜਾਈ ਹੇਠ ਰਕਬਾ ਕਾਫੀ ਘੱਟ ਗਿਆ ਹੈ। ਇਨ੍ਹਾਂ ਸੂਬਿਆਂ ਵਿਚ ਬਿਹਾਰ ਅਤੇ ਝਾਰਖੰਡ ਪ੍ਰਮੁੱਖ ਤੌਰ ’ਤੇ ਸ਼ਾਮਲ ਹਨ। ਅੰਕੜਿਆਂ ਮੁਤਾਬਕ ਬਿਹਾਰ ਵਿਚ ਝੋਨੇ ਬਿਜਾਈ ਹੇਠ 5.06 ਲੱਖ ਹੈੱਕਟੇਅਰ ਰਕਬਾ ਘਟਿਆ ਹੈ ਜਦਕਿ ਝਾਰਖੰਡ ਵਿਚ 2.35 ਲੱਖ ਹੈੱਕਟੇਅਰ ਰਕਬੇ ’ਤੇ ਝੋਨੇ ਦੀ ਬਿਜਾਈ ਘਟੀ ਹੈ। ਇਨ੍ਹਾਂ ਸੂਬਿਆਂ ਬਿਜਾਈ ਘੱਟ ਹੋਣ ਕਾਰਨ ਕੁਝ ਹੋਰ ਨਹੀਂ ਬਲਕਿ ਬਿਜਾਈ ਦੇ ਦਿਨਾਂ ਦੌਰਾਨ ਹੀ ਇਨ੍ਹਾਂ ਸੂਬਿਆਂ ਵਿਚ ਹੜ੍ਹ ਆ ਗਏ ਸਨ। 

ਪੰਜਾਬ ਦੇ ਰੇਗਿਸਤਾਨ ਬਣਨ ਦੀ ਹੋ ਚੁੱਕੀ ਹੈ ਭਵਿੱਖਬਾਣੀ

ਬੀਤੇ ਜੁਲਾਈ ਮਹੀਨੇ ਦੀ 16 ਤਰੀਕ ਨੂੰ 'ਪੰਜਾਬ ਸਾਇਲ ਕੰਜ਼ਰਵੇਟਰ ਅਤੇ ਸੈਂਟਰਲ ਅੰਡਰ ਗਰਾਊਂਡ ਵਾਟਰ ਲੈਵਲ ਬੋਰਡ'  ਵੱਲੋਂ ਸੈਟੇਲਾਈਟ ਸਰਵੇ ਦੇ ਹਵਾਲੇ ਨਾਲ ਕਿਹਾ ਸੀ ਕਿ ਸਾਲ 2037 ਤੱਕ ਪੰਜਾਬ ਦੇ 5 ਫੀਸਦੀ ਇਲਾਕੇ 'ਚ ਹੀ ਭੂ-ਜਲ ਬਚੇਗਾ। ਇਸ ਸੰਸਥਾ ਮੁਤਾਬਕ 1985 'ਚ ਪੰਜਾਬ ਵਧੀਆ ਸਥਿਤੀ 'ਚ ਸੀ ਅਤੇ 85 ਫੀਸਦੀ ਇਲਾਕਿਆਂ ਵਿਚ ਭੂ-ਜਲ ਦਾ ਪੱਧਰ ਸਹੀ ਸੀ। 2018 ਤੱਕ ਆਉਦਿਆਂ-ਆਉਦਿਆਂ ਇਹ ਤੇਜ਼ੀ ਨਾਲ ਹੇਠਾਂ ਡਿੱਗਿਆ। ਇਸ ਦੌਰਾਨ ਕਰੀਬ 45 ਫੀਸਦੀ ਇਲਾਕਿਆਂ 'ਚ ਜ਼ਮੀਨਦੋਜ਼ ਪਾਣੀ ਦੀ ਪੱਧਰ ਕਾਫੀ ਘੱਟ ਹੋ ਚੁੱਕਾ ਹੈ। ਪੰਜਾਬ ਦੇ ਕਰੀਬ 6 ਫੀਸਦੀ ਇਲਾਕਿਆਂ ਵਿਚ ਤਾਂ ਭੂ-ਜਲ ਲਗਭਗ ਖਤਮ ਹੋ ਚੁੱਕਾ ਹੈ। ਇਸ ਸਭ ਨੂੰ ਦੇਖਦਿਆਂ ਹੀ ਪੰਜਾਬ ਸਰਕਾਰ ਵੱਲੋਂ ਝੋਨੇ ਹੇਠ ਰਕਬਾ ਘੱਟ ਕਰਨ ਦਾ ਟੀਚਾ ਮਿਥਿਆ ਗਿਆ ਸੀ। 
PunjabKesari


jasbir singh

News Editor

Related News