ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਉਮੀਦਵਾਰਾਂ ਦਾ ਐਲਾਨ
Monday, Mar 11, 2019 - 06:48 PM (IST)

ਚੰਡੀਗੜ੍ਹ : ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਲੋਕ ਸਭਾ ਚੋਣਾਂ ਲਈ 5 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਡੈਮੋਕ੍ਰੇਟਿਕ ਅਲਾਇੰਸ ਵਲੋਂ ਮਾਸਟਰ ਬਲਦੇਵ ਸਿੰਘ ਨੂੰ ਫਰੀਦਕੋਟ ਅਤੇ ਬੀਬੀ ਪਰਜਮੀਤ ਕੌਰ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਡਾ. ਧਰਮਵੀਰ ਗਾਂਧੀ ਨੂੰ ਪਟਿਆਲਾ ਤੋਂ ਚੋਣ ਲੜਨਗੇ ਜਦਕਿ ਮਨਵਿੰਦਰ ਸਿੰਘ ਨੂੰ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਇਹ ਦੋਵੇਂ ਉਮੀਦਵਾਰ ਪੰਜਾਬ ਏਕਤਾ ਪਾਰਟੀ ਵਲੋਂ ਚੋਣ ਲੜਨਗੇ। ਇਸ ਤੋਂ ਇਲਾਵਾ ਬਸਪਾ ਵਲੋਂ ਵਿਕਰਮ ਸਿੰਘ ਸੋਢੀ ਨੂੰ ‘ਸ੍ਰੀ ਆਨੰਦਪੁਰ ਸਾਹਿਬ ਤੋਂ, ਬਲਵਿੰਦਰ ਸਿੰਘ ਨੂੰ ਜਲੰਧਰ ਤੋਂ ਅਤੇ ਚੌਧਰੀ ਖੁਸ਼ੀ ਰਾਮ ਨੂੰ ਹੁਸ਼ਿਆਰਪੁਰ ਤੋਂ ਚੋਣ ਮੈਦਾਨ ਵਿਚ ਉਤਾਰਿੱਆ ਗਿਆ ਹੈ। ਆਰ. ਐੱਮ. ਪੀ. ਆਈ. (ਇਨਕਲਾਬੀ ਮਾਰਕਸਵਾਦੀ ਪਾਰਟੀ) ਨੂੰ ਗੁਰਦਾਸਪੁਰ ਤੋਂ ਚੋਣ ਲੜੇਗੀ। ਇਸ ਤੋਂ ਇਲਾਵਾ ਪੰਜਾਬ ਏਕਤਾ ਪਾਰਟੀ ਬਠਿੰਡਾ ਤੋਂ ਉਮੀਦਵਾਰ ਦੇ ਨਾਂ ਦਾ ਐਲਾਨ ਕਰੇਗੀ ਅਤੇ ਸੰਗਰੂਰ ਸੀਟ 'ਤੇ ਵੀ ਫਿਲਹਾਲ ਚਰਚਾ ਚੱਲ ਰਹੀ ਹੈ। ਜਦਕਿ ਲੁਧਿਆਣਾ, ਅੰਮ੍ਰਿਤਸਰ ਸੀਟ ਲੋਕ ਇਨਸਾਫ ਪਾਰਟੀ ਨੂੰ ਦਿੱਤੀ ਗਈ ਹੈ। ਬਠਿੰਡਾ ਅਤੇ ਫਿਰੋਜ਼ਪੁਰ ਸੀਟ 'ਤੇ ਉਮੀਦਵਾਰ ਦਾ ਫੈਸਲਾ ਹਰਸਿਮਰਤ ਬਾਦਲ ਦੇ ਚੋਣ ਲੜਨ ਤੋਂ ਬਾਅਦ ਹੀ ਹੋਵੇਗਾ।
ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਲੀਡਰਾਂ ਨੇ ਕਿਹਾ ਕਿ ਦੋ ਸੀਟਾਂ 'ਤੇ ਉਮੀਦਵਾਰਾਂ ਦੇ ਐਲਾਨ ਕਰਕੇ ਅਕਾਲੀ ਦਲ ਟਕਸਾਲੀ ਦੀ ਕਿਸੇ ਪਾਰਟੀ ਨਾਲ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ ਹੈ। ਪੰਜਾਬ ਏਕਤਾ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਨੇ ਕਿਹਾ ਕਿ ਜੇਕਰ ਹੁਣ ਟਕਸਾਲੀ ਅਲਾਇੰਸ ਦਾ ਹਿੱਸਾ ਬਣਦੇ ਵੀ ਹਨ ਤਾਂ ਵੀ ਸੀਟਾਂ 'ਚ ਬਦਲਾਅ ਨਹੀਂ ਕੀਤਾ ਜਾਵੇਗਾ, ਜੇਕਰ ਟਕਸਾਲੀ ਅਸਲ ਵਿਚ ਅਕਾਲੀ ਦਲ ਬਾਦਲ ਦੇ ਖਿਲਾਫ ਹੁੰਦੇ ਤਾਂ ਉਹ ਖੁਦ ਦੋ ਸੀਟਾਂ ਜਲਦਬਾਜ਼ੀ 'ਚ ਨਾ ਐਲਾਨਦੇ। ਖਹਿਰਾ ਨੇ ਕਿਹਾ ਕਿ ਚੰਡੀਗੜ੍ਹ ਸੀਟ ਲਈ ਫਿਲਹਾਲ ਅਲਾਇੰਸ ਵਿਚਾਲੇ ਚਰਚਾ ਚੱਲ ਰਹੀ ਹੈ ਅਤੇ ਜਲਦ ਹੀ ਇਸ ਦਾ ਐਲਾਨ ਕੀਤਾ ਜਾਵੇਗਾ।