ਚੰਡੀਗੜ੍ਹ ਵਿਖੇ ਰਾਜਾ ਵੜਿੰਗ ਦੀ ਅਗਵਾਈ 'ਚ ਪੰਜਾਬ ਕਾਂਗਰਸ ਦਾ ਹੱਲਾ ਬੋਲ, ਪੁਲਸ ਨੇ ਛੱਡੀਆਂ ਪਾਣੀ ਦੀਆਂ ਵਾਛੜਾਂ
Thursday, Jun 16, 2022 - 04:21 PM (IST)

ਚੰਡੀਗੜ੍ਹ– ਨੈਸ਼ਨਲ ਹੈਰਾਲਡ ਮਾਮਲੇ ਵਿਚ ਈ. ਡੀ. ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਈ. ਡੀ. ਸਾਹਮਣੇ ਰਾਹੁਲ ਗਾਂਧੀ ਦੀ ਪੇਸ਼ੀ ਨੂੰ ਲੈ ਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਵੀ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਵਿਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਚੰਡੀਗੜ੍ਹ ਵਿਚ ਪ੍ਰਦਰਸ਼ਨ ਕੀਤਾ ਗਿਆ। ਚੰਡੀਗੜ੍ਹ 'ਚ ਇਕੱਠੇ ਹੋਏ ਕਾਂਗਰਸੀ ਵਰਕਰਾਂ ਨੂੰ ਰਾਜ ਭਵਨ ਦਾ ਘਿਰਾਓ ਕਰਨ ਜਾਣ ਤੋਂ ਪਹਿਲਾਂ ਹੀ ਪੁਲਸ ਨੇ ਬੈਰੀਕੇਡ ਲਗਾ ਕੇ ਪੰਜਾਬ ਕਾਂਗਰਸ ਭਵਨ ਨੇੜੇ ਰੋਕ ਲਿਆ। ਜਦੋਂ ਇਸ ਦੌਰਾਨ ਕਾਂਗਰਸੀਆਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਚੰਡੀਗੜ੍ਹ ਪੁਲਸ ਨੇ ਰੋਕਣ ਲਈ ਵਰਕਰਾਂ 'ਤੇ ਪਾਣੀ ਦੀਆਂ ਵਾਛੜਾਂ ਛੱਡੀਆਂ। ਜਾਣਕਾਰੀ ਮੁਤਾਬਕ ਕਈ ਕਾਂਗਰਸੀ ਆਗੂਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।
ਇਹ ਵੀ ਪੜ੍ਹੋ: ਫਿਰੋਜ਼ਪੁਰ ’ਚ ਵੱਡੀ ਵਾਰਦਾਤ, ਬਜ਼ੁਰਗ ਬੀਬੀ ਦਾ ਕਤਲ ਕਰਕੇ ਬੈੱਡ ’ਚ ਲੁਕੋਈ ਲਾਸ਼
ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਅਜਿਹਾ ਕੀ ਕੀਤਾ ਹੈ, ਜੋ ਉਨ੍ਹਾਂ ਨੂੰ ਤਿੰਨ ਵਾਰ ਬੁਲਾਇਆ ਗਿਆ ਹੈ। ਦਿੱਲੀ ਪੁਲਸ ਨੇ ਅੱਜ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਦਫ਼ਤਰ ਵਿਚ ਦਾਖ਼ਲ ਹੋ ਕੇ ਸਾਡੇ ਸੰਸਦ ਮੈਂਬਰਾਂ ਦੀ ਕੁੱਟਮਾਰ ਕੀਤੀ ਹੈ। ਅਜਿਹੀ ਬਦਲਾਖੋਰੀ ਵਾਲੀ ਸਿਆਸਤ ਪਹਿਲਾਂ ਕਦੇ ਨਹੀਂ ਵੇਖੀ। ਸਰਕਾਰ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੇ।
ਪ੍ਰਦਰਸ਼ਨ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਬੈਰੀਕੇਡ 'ਤੇ ਚੜ੍ਹ ਗਏ। ਰਾਜਾ ਵੜਿੰਗ ਦੀ ਪੁਲਸ ਨਾਲ ਬਹਿਸ ਵੀ ਹੋਈ। ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਘੰਟਿਆਂਬੱਧੀ ਜਾਣਬੁੱਝ ਕੇ ਬਿਠਾ ਕੇ ਰੱਖਿਆ ਜਾ ਰਿਹਾ ਹੈ। ਜਦਕਿ ਸਭ ਕੁਝ ਕਾਗਜ਼ਾਂ 'ਚ ਲਿਖਿਆ ਹੋਇਆ ਹੈ। ਕੇਂਦਰ ਦੀ ਮੋਦੀ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਸਿਆਸੀ ਬਦਲਾਖੋਰੀ ਤਹਿਤ ਅਜਿਹੀ ਕਾਰਵਾਈ ਕਰ ਰਹੀ ਹੈ, ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ: ਜਲੰਧਰ ਪੁੱਜੇ ਭਗਵੰਤ ਮਾਨ ਨੇ ਸਾਧੇ ਪਿਛਲੀਆਂ ਸਰਕਾਰਾਂ ’ਤੇ ਤੰਜ, ਆਖੀਆਂ ਵੱਡੀਆਂ ਗੱਲਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ