ਸ਼ਹੀਦਾਂ ਨੂੰ ਸਮਰਪਿਤ ਕਾਂਗਰਸ ਦੀ ਸਿਆਸੀ ਰੈਲੀ ’ਤੇ ਵੀ ਧੜੇਬੰਦੀ ਦਾ ਪਰਛਾਵਾਂ
Tuesday, Aug 11, 2026 - 05:48 PM (IST)
ਮਾਛੀਵਾੜਾ ਸਾਹਿਬ (ਟੱਕਰ)- ਕਾਂਗਰਸ ਪਾਰਟੀ ਵੱਲੋਂ 15 ਅਗਸਤ ਨੂੰ ਪੁਲਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਪਿੰਡ ਈਸੜੂ ਵਿਖੇ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਅਤੇ ਭੁਪਿੰਦਰ ਸਿੰਘ ਦੀ ਯਾਦ ਵਿਚ ਸਿਆਸੀ ਰੈਲੀ ਕਰਵਾਈ ਜਾਂਦੀ ਹੈ। ਇਸ ਵਾਰ ਕਰਵਾਈ ਜਾ ਰਹੀ ਈਸੜੂ ਰੈਲੀ ’ਤੇ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਵਿਚ ਜੋ ਧੜੇਬੰਦੀ ਉੱਭਰ ਕੇ ਆਈ ਹੈ ਉਸਦਾ ਪਰਛਾਵਾਂ ਇਸ ਰੈਲੀ ਦੇ ਪੋਸਟਰਾਂ ’ਤੇ ਦੇਖਣ ਨੂੰ ਮਿਲ ਰਿਹਾ ਹੈ। ਕਾਂਗਰਸ ਵੱਲੋਂ ਕੀਤੀ ਜਾ ਰਹੀ ਰਾਜਨੀਤਿਕ ਰੈਲੀ ਵਿਚ ਪੁਲਸ ਜ਼ਿਲਾ ਖੰਨਾ ਅਧੀਨ ਪੈਂਦੇ 3 ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਨੇ ਜੋ ਪੋਸਟਰ ਲਗਾਏ ਹਨ ਉਸ ਵਿਚ ਆਪਣੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਣਗੌਲਿਆਂ ਕਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫੋਟੋ ਵਾਲੇ ਵੱਡੇ ਪੋਸਟਰ ਲਗਾ ਕੇ ਇਹ ਦਰਸਾਇਆ ਹੈ ਕਿ ਉਹ ਚੰਨੀ ਦੇ ਸਮਰਥਕ ਹਨ।

ਖੰਨਾ ਵਿਧਾਨ ਸਭਾ ਹਲਕਾ ਤੋਂ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਪਾਇਲ ਤੋਂ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਜੋ ਕਿ ਪਹਿਲਾਂ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਵਲੋਂ ਕੀਤੀਆਂ ਜਾਂਦੀਆਂ ਮੀਟਿੰਗਾਂ ਵਿਚ ਸ਼ਾਮਲ ਹੁੰਦੇ ਹਨ ਅਤੇ ਉਨ੍ਹਾਂ ਵਲੋਂ ਚੰਨੀ ਦਾ ਖੁੱਲ੍ਹ ਕੇ ਸਮਰਥਨ ਕੀਤਾ ਗਿਆ ਕਿ ਉਕਤ ਆਗੂ ਨੂੰ ਪੰਜਾਬ ਵਿਚ ਮੁੱਖ ਮੰਤਰੀ ਦੇ ਚਿਹਰੇ ਵਜੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅੱਗੇ ਲਿਆਂਦਾ ਜਾਵੇ। ਕਾਂਗਰਸ ਪਾਰਟੀ ਦੇ ਸੂਬਾ ਇੰਚਾਰਜ ਭੁਪੇਸ਼ ਬਘੇਲ ਵੱਲੋਂ ਆਪਣੇ 8 ਦਿਨਾਂ ਪੰਜਾਬ ਦੌਰੇ ਦੌਰਾਨ ਕੀਤੀਆਂ ਗਈਆਂ ਮੀਟਿੰਗਾਂ ਵਿਚ ਪਾਰਟੀ ਵਿਚ ਫੈਲੀ ਧੜੇਬੰਦੀ ਨੂੰ ਖਤਮ ਕਰਨ ਦੇ ਯਤਨ ਤਾਂ ਕੀਤੇ ਪਰ ਇਹ ਘਟਣ ਦੀ ਬਜਾਏ ਇਸ ਕਦਰ ਵਧ ਗਈ ਕਿ ਕਾਂਗਰਸੀ ਵਰਕਰ ਖੁੱਲ੍ਹ ਕੇ ਚੰਨੀ ਦੇ ਹੱਕ ਵਿਚ ਇਨ੍ਹਾਂ ਰੈਲੀਆਂ ’ਚ ਨਾਅਰੇ ਲਗਾਉਂਦੇ ਦਿਖਾਈ ਦਿੱਤੇ।
ਖੰਨਾ ਵਿਖੇ ਹੋਈ ਰੈਲੀ ਦੌਰਾਨ ਵੀ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਸੰਬੋਧਨ ਦੌਰਾਨ ਸਾਬਕਾ ਮੰਤਰੀ ਗੁਰਕੀਰਤ ਕੋਟਲੀ ’ਤੇ ਮਿੱਠੇ ਢੰਗ ਨਾਲ ਤਿੱਖੇ ਸ਼ਬਦੀ ਵਾਰ ਕੀਤੇ ਕਿ ਉਹ ਸਾਬਕਾ ਮੁੱਖ ਮੰਤਰੀ ਚੰਨੀ ਦਾ ਜ਼ਿਆਦਾ ਸਮਰਥਨ ਨਾ ਕਰਨ। ਇਸ ਦੇ ਬਾਵਜ਼ੂਦ ਵੀ ਪੁਲਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ ਖੰਨਾ, ਪਾਇਲ ਤੇ ਸਮਰਾਲਾ ਦੇ ਪਾਰਟੀ ਇੰਚਾਰਜਾਂ ਦੀ ਤਿੱਕੜੀ ਨੇ ਈਸੜੂ ਦੀ ਰਾਜਨੀਤਿਕ ਰੈਲੀ ਵਿਚ ਸਭ ਤੋਂ ਵੱਡੀਆਂ ਸਾਬਕਾ ਮੁੱਖ ਮੰਤਰੀ ਚੰਨੀ ਵਾਲੀਆਂ ਤਸਵੀਰਾਂ ਲਗਾ ਕੇ ਇਹ ਦਰਸਾ ਦਿੱਤਾ ਕਿ ਉਹ ਚੰਨੀ ਨਾਲ ਚੱਟਾਨ ਵਾਂਗ ਖੜੇ ਹਨ। ਪੰਜਾਬ ਦੀ ਕਾਂਗਰਸ ਵਿਚ ਵਧਦੀ ਜਾ ਰਹੀ ਧੜੇਬੰਦੀ ਕਾਰਨ ਜਿੱਥੇ ਵਰਕਰਾਂ ਵਿਚ ਨਿਰਾਸ਼ਾ ਹੈ ਉੱਥੇ ਹਾਈਕਮਾਂਡ ਵਲੋਂ ਯਤਨ ਕਰਨ ਦੇ ਬਾਵਜ਼ੂਦ ਵੀ ਇਸਦਾ ਖਤਮ ਨਾ ਹੋਣਾ ਚਿੰਤਾ ਵਿਸ਼ਾ ਬਣਿਆ ਹੋਇਆ ਹੈ। ਜੇਕਰ ਕਾਂਗਰਸ ਹਾਈਕਮਾਂਡ ਇਹ ਧੜੇਬੰਦੀ ਖਤਮ ਕਰਨ ਵਿਚ ਸਫ਼ਲ ਨਾ ਹੋਈ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਇਸ ਦਾ ਖੁਮਿਆਜ਼ਾ ਭੁਗਤਨਾ ਪੈ ਸਕਦਾ ਹੈ।
