ਪੰਜਾਬ ਕਾਂਗਰਸ ਦੇ ਨਵੇਂ ਸੰਗਠਨਾਤਮਕ ਢਾਂਚੇ ਦਾ ਗਠਨ ਜੁਲਾਈ ''ਚ

Sunday, Jun 10, 2018 - 06:45 AM (IST)

ਜਲੰਧਰ (ਧਵਨ)  - ਪੰਜਾਬ ਕਾਂਗਰਸ ਕਮੇਟੀ ਦੇ ਨਵੇਂ ਸੰਗਠਨਾਤਮਕ ਢਾਂਚੇ ਦਾ ਗਠਨ ਸ਼ਾਇਦ ਜੁਲਾਈ ਮਹੀਨੇ 'ਚ ਕੀਤਾ ਜਾਵੇਗਾ। ਪੰਜਾਬ ਕਾਂਗਰਸ ਦੇ ਸੰਗਠਨ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਇਸ ਦਾ ਗਠਨ ਦੋ ਪੜਾਵਾਂ 'ਚ ਕੀਤਾ  ਜਾ ਰਿਹਾ ਹੈ। ਪਹਿਲੇ ਪੜਾਅ 'ਚ ਜ਼ਿਲਾ ਪ੍ਰਧਾਨਾਂ ਨੂੰ ਨਾਮਜ਼ਦ ਕੀਤਾ ਜਾਣਾ ਹੈ। ਕਾਂਗਰਸੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਲਾਹ ਕਰਨ ਤੋਂ ਬਾਅਦ ਜ਼ਿਲਾ ਪ੍ਰਧਾਨਾਂ ਦੀ  ਸੂਚੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪਿਛਲੇ 20 ਦਿਨਾਂ ਤੋਂ ਭੇਜੀ ਹੋਈ ਹੈ, ਜਿਸ 'ਤੇ ਹੁਣ ਰਾਹੁਲ ਗਾਂਧੀ ਦੀ ਮੋਹਰ ਲੱਗਣੀ ਹੀ ਬਾਕੀ ਹੈ।
ਰਾਹੁਲ ਗਾਂਧੀ ਪਹਿਲਾਂ ਕਰਨਾਟਕ ਵਿਧਾਨ ਸਭਾ ਚੋਣਾਂ, ਫਿਰ ਕਰਨਾਟਕ 'ਚ ਨਵੀਂ ਸਰਕਾਰ ਦੇ ਗਠਨ ਅਤੇ ਉਸ ਤੋਂ ਬਾਅਦ ਆਪਣੀ ਮਾਤਾ ਸੋਨੀਆ ਗਾਂਧੀ ਨਾਲ ਕੁਝ ਦਿਨਾਂ ਲਈ ਵਿਦੇਸ਼ੀ ਦੌਰੇ 'ਤੇ ਚਲੇ ਗਏ ਸਨ । ਇਸ ਕਾਰਨ ਜ਼ਿਲਾ ਪ੍ਰਧਾਨਾਂ ਦੇ ਨਾਵਾਂ ਦੀ ਸੂਚੀ ਨੂੰ ਜਾਰੀ ਨਹੀਂ ਕੀਤਾ ਜਾ ਸਕਿਆ। ਹੁਣ ਰਾਹੁਲ  ਦਿੱਲੀ 'ਚ ਮੌਜੂਦ ਹਨ ਅਤੇ ਸਮਝਿਆ ਜਾ ਰਿਹਾ ਹੈ ਕਿ ਨਵੇਂ ਜ਼ਿਲਾ ਪ੍ਰਧਾਨਾਂ ਦੀ ਸੂਚੀ ਨੂੰ ਰਾਹੁਲ ਵਲੋਂ ਸ਼ਾਇਦ ਅਗਲੇ ਹਫਤੇ ਜਾਰੀ ਕਰ ਦਿੱਤਾ ਜਾਵੇਗਾ। ਕਾਂਗਰਸੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਕਾਂਗਰਸ ਦੇ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਜੁਲਾਈ ਮਹੀਨੇ 'ਚ ਕੀਤੀਆਂ ਜਾਣਗੀਆਂ। ਪੰਜਾਬ ਕਾਂਗਰਸ ਨੂੰ ਮਿਸ਼ਨ -2019 ਨੂੰ ਸਾਹਮਣੇ ਰੱਖਦੇ ਹੋਏ ਤਿਆਰ ਕੀਤਾ ਜਾ ਰਿਹਾ ਹੈ।
ਨਵੇਂ ਨੌਜਵਾਨ ਚਿਹਰਿਆਂ ਨੂੰ ਲੈਣ ਦੀ ਵਕਾਲਤ
ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਸੰਗਠਨਾਤਮਕ ਢਾਂਚੇ  'ਚ ਨਵੇਂ ਨੌਜਵਾਨ ਚਿਹਰਿਆਂ ਨੂੰ ਲੈਣ ਦੀ ਵਕਾਲਤ ਰਾਹੁਲ ਦੇ ਸਾਹਮਣੇ ਕੀਤੀ ਸੀ। ਉਂਝ ਵੀ ਮੌਜੂਦਾ ਸੰਗਠਨਾਤਮਕ ਢਾਂਚੇ 'ਚ ਸ਼ਾਮਿਲ ਕਾਂਗਰਸੀ ਨੇਤਾ ਇਸ ਸਮੇਂ ਜਾਂ ਤਾਂ ਮੰਤਰੀ ਬਣ ਚੁੱਕੇ ਹਨ ਜਾਂ ਫਿਰ ਵਿਧਾਇਕ ਬਣ ਚੁੱਕੇ ਹਨ। ਕਾਂਗਰਸ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਹੋਇਆ ਹੈ ਕਿ ਮੰਤਰੀ ਜਾਂ ਵਿਧਾਇਕ ਦੋ ਅਹੁਦਿਆਂ 'ਤੇ ਨਹੀਂ ਰਹਿਣਗੇ। ਉਨ੍ਹਾਂ ਨੂੰ ਇਕ ਹੀ ਅਹੁਦੇ 'ਤੇ ਰਹਿਣਾ ਹੋਵੇਗਾ। ਇਹ ਵੀ ਪਤਾ ਲੱਗਾ ਹੈ ਕਿ ਨਵੇਂ ਬਣਨ ਵਾਲੇ ਅਹੁਦੇਦਾਰਾਂ ਨੂੰ ਸੂਬਾ ਲੀਡਰਸ਼ਿਪ ਵਲੋਂ ਜ਼ਿਲਿਆਂ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਜਾਵੇਗੀ।


Related News