ਮੂਸੇਵਾਲਾ ਕਤਲ ਮਾਮਲੇ 'ਚ ਪੰਜਾਬ ਕਾਂਗਰਸ ਦਾ ਵਫ਼ਦ ਰਾਜਪਾਲ ਨੂੰ ਮਿਲਿਆ, ਸਰਕਾਰ 'ਤੇ ਚੁੱਕੇ ਸਵਾਲ
Wednesday, Jun 01, 2022 - 03:43 PM (IST)
ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਪੰਜਾਬ ਕਾਂਗਰਸ ਦੇ ਵਫ਼ਦ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ 'ਚ ਬੁੱਧਵਾਰ ਨੂੰ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਦੱਸਿਆ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਜਾਂਚ ਐੱਨ. ਆਈ. ਏ. ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵਧਾਉਣ ਦੀ ਥਾਂ ਘਟਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਵਾਪਸੀ ਦੇ ਆਰਡਰ ਜਨਤਕ ਕਰਨ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਹੁਣ ਨੀਰਜ ਬਵਾਨਾ ਗੈਂਗ ਦਾ ਐਲਾਨ, 2 ਦਿਨਾਂ 'ਚ ਲਵਾਂਗੇ 'ਸਿੱਧੂ ਮੂਸੇਵਾਲਾ' ਦੇ ਕਤਲ ਦਾ ਬਦਲਾ
ਰਾਜਾ ਵੜਿੰਗ ਦੇ ਨਾਲ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਸਨ, ਜਿਨ੍ਹਾਂ ਨੇ ਪੰਜਾਬ ਸਰਕਾਰ 'ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਹਨ। ਇਸ ਦੇ ਨਾਲ ਹੀ ਲੁਧਿਆਣਾ 'ਚ ਬੱਸ ਕੰਡਕਟਰ ਨਾਲ ਹੋਈ ਲੁੱਟ ਬਾਰੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਹਾਈਵੇਅ 'ਤੇ ਦਿਨ-ਦਿਹਾੜੇ ਬੰਦੂਕ ਦੀ ਨੋਕ 'ਤੇ ਕੰਡਕਟਰ ਕੋਲੋਂ ਬੈਗ ਖੋਹ ਕੇ ਲੈ ਜਾਣਾ ਅਪਰਧਾਈਆਂ ਦੇ ਵਧੇ ਹੋਏ ਹੌਂਸਲੇ ਬਿਆਨ ਕਰਦਾ ਹੈ।
ਇਹ ਵੀ ਪੜ੍ਹੋ : ਪੰਜਾਬ ਬਣਿਆ 'ਗੈਂਗਲੈਂਡ' ਤੇ ਜ਼ੁਰਮ ਦੇ ਰਾਹ 'ਤੇ ਜ਼ਿੰਦਗੀ, ਵੱਡੀ ਗੈਂਗਵਾਰ ਹੋਣ ਦਾ ਡਰ (ਤਸਵੀਰਾਂ)
ਉਨ੍ਹਾਂ ਕਿਹਾ ਕਿ ਅਜਿਹੇ ਅਪਰਾਧੀ ਕਾਨੂੰਨ ਨੂੰ ਛਿੱਕੇ ਟੰਗ ਕੇ ਸ਼ਰੇਆਮ ਵਾਰਦਾਤਾਂ ਕਰ ਰਹੇ ਹਨ ਅਤੇ ਸੂਬੇ 'ਚ ਆਮ ਆਦਮੀ ਡਰ ਨਾਲ ਸਹਿਮਿਆ ਹੋਇਆ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਭਗਵੰਤ ਮਾਨ ਜੀ ਪੰਜਾਬ ਜੰਗਲ ਰਾਜ ਵੱਲ ਵੱਧ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ