ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਕਈ ਜ਼ਿਲ੍ਹਿਆਂ ’ਚ ਯੈਲੋ ਅਲਰਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

Friday, Dec 15, 2023 - 04:59 PM (IST)

ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਕਈ ਜ਼ਿਲ੍ਹਿਆਂ ’ਚ ਯੈਲੋ ਅਲਰਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਜਲੰਧਰ (ਪੁਨੀਤ)–ਸਰਦੀ ਆਪਣਾ ਰੰਗ ਵਿਖਾਉਣ ਲੱਗੀ ਹੈ ਅਤੇ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਤਕ ਪਹੁੰਚ ਗਿਆ ਹੈ, ਜਿਸ ਕਾਰਨ ਦੁਪਹਿਰ ਦੇ ਸਮੇਂ ਵੀ ਪੂਰੀ ਠੰਡ ਮਹਿਸੂਸ ਹੋ ਰਹੀ ਹੈ। ਪਹਾੜਾਂ ਵਿਚ ਪਿਛਲੇ 2-3 ਦਿਨਾਂ ਤੋਂ ਹੋ ਰਹੀ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿਚ ਵੇਖਣ ਨੂੰ ਮਿਲ ਰਿਹਾ ਹੈ। ਧੁੰਦ ਕਾਰਨ ਵਿਜ਼ੀਬਿਲਟੀ ਵਿਚ ਭਾਰੀ ਕਮੀ ਆਈ ਹੈ ਅਤੇ ਸਵੇਰੇ 3 ਤੋਂ 5 ਵਜੇ ਤਕ ਜੀ. ਟੀ. ਰੋਡ ’ਤੇ ਧੁੰਦ ਦਾ ਕਾਫ਼ੀ ਅਸਰ ਵੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਟ੍ਰੈਫਿਕ ਪ੍ਰਭਾਵਿਤ ਹੋ ਰਹੀ ਹੈ।

ਦੂਜੇ ਪਾਸੇ ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਯੈਲੋ ਅਲਰਟ ਐਲਾਨਿਆ ਗਿਆ ਹੈ, ਜਿਸ ਵਿਚ ਜਲੰਧਰ ਵੀ ਸ਼ਾਮਲ ਹੈ। ਜਲੰਧਰ ਵਿਚ ਘੱਟ ਤੋਂ ਘੱਟ ਤਾਪਮਾਨ 7 ਡਿਗਰੀ, ਜਦਕਿ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਦਰਜ ਕੀਤਾ ਗਿਆ। ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਵਿਚ ਇਕ ਤਿਹਾਈ ਅੰਤਰ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਅੰਕੜਿਆਂ ਮੁਤਾਬਕ ਦਿਨ ਅਤੇ ਰਾਤ ਦੇ ਤਾਪਮਾਨ ਵਿਚ 14 ਡਿਗਰੀ ਤਕ ਦਾ ਅੰਤਰ ਵੇਖਣ ਨੂੰ ਮਿਲ ਰਿਹਾ ਹੈ, ਜੋਕਿ ਆਮ ਤੌਰ ’ਤੇ ਦਸੰਬਰ ਦੇ ਆਖਿਰ ਵਿਚ ਵੇਖਣ ਨੂੰ ਮਿਲਦਾ ਹੈ। ਘੱਟ ਤੋਂ ਘੱਟ ਤਾਪਮਾਨ ਵਿਚ 1-2 ਡਿਗਰੀ ਦੀ ਗਿਰਾਵਟ ਦਰਜ ਹੋਈ, ਜਿਸ ਕਾਰਨ ਠੰਡ ਵਿਚ ਵਾਧਾ ਹੋਇਆ ਹੈ।
ਮੌਸਮ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਸਰਦੀ ਨੇ ਦੇਰੀ ਨਾਲ ਦਸਤਕ ਦਿੱਤੀ ਹੈ ਪਰ 8 ਦਸੰਬਰ ਤੋਂ ਬਾਅਦ ਅਚਾਨਕ ਬਦਲਾਅ ਹੋ ਰਹੇ ਹਨ। ਇਸੇ ਕ੍ਰਮ ਵਿਚ ਹਿਮਾਚਲ ਦੇ ਉਪਰਲੇ ਇਲਾਕਿਆਂ ਵਿਚ ਬਰਫ਼ਬਾਰੀ ਦਾ ਸਿੱਧਾ ਪ੍ਰਭਾਵ ਪੰਜਾਬ ਦੇ ਮੈਦਾਨੀ ਇਲਾਕਿਆਂ ’ਚ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਕਈ ਇਲਾਕਿਆਂ ਵਿਚ ਘੱਟ ਤੋਂ ਘੱਟ ਤਾਪਮਾਨ 6 ਡਿਗਰੀ ਤਕ ਪਹੁੰਚ ਗਿਆ ਹੈ। ਅੰਮ੍ਰਿਤਸਰ ਦੇ ਸਰਹੱਦੀ ਇਲਾਕੇ 4.8 ਡਿਗਰੀ ਤਕ ਤਾਪਮਾਨ ਰਿਕਾਰਡ ਕੀਤਾ ਗਿਆ, ਜੋਕਿ ਆਮ ਤੋਂ 2 ਡਿਗਰੀ ਤਕ ਘੱਟ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : 3 ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਨੂੰ ਮਿਲਣ ਦੀ ਇੱਛਾ ਰਹਿ ਗਈ ਅਧੂਰੀ

ਅਗਲੇ 2-3 ਦਿਨਾਂ ਤਕ ਧੁੰਦ ਦਾ ਕਹਿਰ ਵਧੇਗਾ, ਜਿਸ ਕਾਰਨ ਦੁਪਹਿਰ ਦੇ ਸਮੇਂ ਠੰਡ ਵਿਚ ਵਾਧਾ ਹੋਵੇਗਾ। ਮੌਜੂਦਾ ਸਮੇਂ ਸ਼ਹਿਰਾਂ ਵਿਚ ਧੁੰਦ ਦਾ ਕੋਈ ਖਾਸ ਅਸਰ ਵੇਖਣ ਨੂੰ ਨਹੀਂ ਮਿਲਿਆ ਪਰ ਅਗਲੇ ਹਫ਼ਤੇ ਸ਼ਹਿਰਾਂ ’ਤੇ ਵੀ ਧੁੰਦ ਦਾ ਪ੍ਰਭਾਵ ਪਵੇਗਾ ਅਤੇ ਜਨਜੀਵਨ ਅਸਤ-ਵਿਅਸਤ ਹੋਵੇਗਾ। ਪੰਜਾਬ ਦੇ ਗੁਆਂਢੀ ਸੂਬਿਆਂ ਵਿਚ ਬਾਰਿਸ਼ ਪੈਣ ਦੇ ਆਸਾਰ ਵੀ ਬਣੇ ਹੋਏ ਹਨ, ਜਿਸ ਦਾ ਅਸਰ ਪੰਜਾਬ ’ਤੇ ਵੀ ਪੈ ਰਿਹਾ ਹੈ। ਵੀਰਵਾਰ ਨੂੰ ਸਵੇਰੇ ਧੁੱਪ ਰਹੀ ਪਰ ਦੁਪਹਿਰ 2 ਵਜੇ ਤੋਂ ਬਾਅਦ ਬੱਦਲ ਛਾ ਗਏ। ਇਸੇ ਕਾਰਨ ਬੱਦਲਾਂ ਅਤੇ ਸੂਰਜ ਵਿਚ ਲੁਕਣਮੀਟੀ ਦਾ ਸਿਲਸਿਲਾ ਸ਼ੁਰੂ ਹੋ ਗਿਆ, ਜਿਸ ਕਾਰਨ ਸ਼ਾਮ ਤੋਂ ਪਹਿਲਾਂ ਹੀ ਠੰਡ ਦਾ ਅਸਰ ਵੇਖਣ ਨੂੰ ਮਿਲਿਆ।

ਪਹਿਲੇ ਦਿਨ ਦੁਪਹਿਰ ’ਚ ਚੱਲੀਆਂ ਠੰਡੀਆਂ ਹਵਾਵਾਂ
ਸਰਦੀ ਦੇ ਮੌਸਮ ਦੀ ਸ਼ੁਰੂਆਤ ਤੋਂ ਬਾਅਦ ਅੱਜ ਪਹਿਲਾ ਦਿਨ ਸੀ, ਜਦੋਂ ਇੰਨੀਆਂ ਠੰਡੀਆਂ ਹਵਾਵਾਂ ਚੱਲੀਆਂ। ਹਵਾਵਾਂ ਦੀ ਰਫ਼ਤਾਰ 6 ਕਿਲੋਮੀਟਰ ਤਕ ਘੱਟ ਰਹੀ ਪਰ ਸੀਤ ਲਹਿਰ ਹੋਣ ਕਾਰਨ ਇਸ ਦਾ ਪ੍ਰਭਾਵ ਜ਼ਿਆਦਾ ਰਿਹਾ। ਮੌਸਮ ਵਿਚ ਅਗਲੇ ਕੁਝ ਦਿਨਾਂ ਵਿਚ ਠੰਡਕ ਵਧੇਗੀ ਅਤੇ ਖਾਸ ਤੌਰ ’ਤੇ ਦੁਪਹਿਰ ਇਸ ਦਾ ਅਸਰ ਰਹੇਗਾ। ਬੁੱਧਵਾਰ ਤੱਕ ਸਵੇਰੇ ਤੜਕਸਾਰ ਧੁੰਦ ਛਾਈ ਰਹਿੰਦੀ ਸੀ ਅਤੇ ਦੁਪਹਿਰ ਦੇ ਸਮੇਂ ਮੌਸਮ ਖੁੱਲ੍ਹ ਜਾਂਦਾ ਸੀ ਪਰ ਵੀਰਵਾਰ ਦੁਪਹਿਰ ਦੇ ਸਮੇਂ ਬਦਲਾਅ ਵੇਖਣ ਨੂੰ ਮਿਲਿਆ।

ਹਲਕੀ ਬੂੰਦਾਬਾਂਦੀ ਦੇ ਬਣ ਰਹੇ ਆਸਾਰ
ਕੁਝ ਦਿਨ ਪਹਿਲਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਬੂੰਦਾਬਾਂਦੀ ਹੋਈ ਸੀ, ਜਿਸ ਕਾਰਨ ਠੰਡ ਦੇ ਅਸਰ ਵਿਚ ਵਾਧਾ ਹੋਇਆ। ਇਸੇ ਕ੍ਰਮ ਵਿਚ ਜਲੰਧਰ ਸਮੇਤ ਗੁਆਂਢੀ ਜ਼ਿਲਿਆਂ ਵਿਚ ਬੱਦਲ ਛਾ ਜਾਣ ਨਾਲ ਬੂੰਦਾਬਾਂਦੀ ਦੇ ਆਸਾਰ ਬਣ ਰਹੇ ਹਨ। ਮੌਸਮ ਮਾਹਿਰਾਂ ਵੱਲੋਂ ਅਗਲੇ ਕੁਝ ਦਿਨਾਂ ਤਕ ਆਸਮਾਨ ਵਿਚ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀ ਸਾਵਧਾਨ, ਸਟੱਡੀ ਵੀਜ਼ਾ ’ਤੇ ਫਾਈਨਾਂਸਰ ਏ. ਵੀ. ਇੰਝ ਕਰ ਰਿਹੈ ਫਰਾਡ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

shivani attri

Content Editor

Related News