ਪੰਜਾਬ ਸਰਕਾਰ ਦਾ ਮਜ਼੍ਹਬੀ ਸਿੱਖ, ਵਾਲਮੀਕਿ ਭਾਈਚਾਰੇ ਵਿਰੋਧੀ ਚਿਹਰਾ ਹੋਇਆ ਬੇਨਕਾਬ
Sunday, Apr 22, 2018 - 05:56 PM (IST)

ਕਪੂਰਥਲਾ (ਗੁਰਵਿੰਦਰ ਕੌਰ)— ਪੰਜਾਬ ਕਾਂਗਰਸ ਸਰਕਾਰ ਨੇ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਆਪਣੇ ਵੱਲੋਂ ਮਜ਼੍ਹਬੀ ਸਿੱਖ, ਵਾਲਮੀਕਿ ਭਾਈਚਾਰੇ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸੱਤਾ 'ਚ ਆਈ ਸੀ ਪਰ ਕਾਂਗਰਸ ਸਰਕਾਰ ਨੇ ਅੱਜ ਮੰਤਰੀ ਮੰਡਲ ਦਾ ਵਿਸਥਾਰ ਕਰਦੇ ਹੋਏ ਮਜ਼੍ਹਬੀ ਸਿੱਖ ਅਤੇ ਵਾਲਮੀਕਿ ਭਾਈਚਾਰੇ ਦਾ ਕੋਈ ਵੀ ਮੰਤਰੀ ਮੰਡਲ 'ਚ ਨਹੀਂ ਲਿਆ, ਜਿਸ ਨਾਲ ਜਿੱਥੇ ਕਾਂਗਰਸ ਸਰਕਾਰ ਵੱਲੋਂ ਵਾਲਮੀਕਿ ਅਤੇ ਮਜ਼੍ਹਬੀ ਸਿੱਖ ਵਿਰੋਧੀ ਚਿਹਰਾ ਸਾਰਿਆਂ ਦੇ ਸਾਹਮਣੇ ਆਇਆ ਹੈ, ਉਥੇ ਹੀ ਅਜਿਹਾ ਕਰਕੇ ਕਾਂਗਰਸ ਸਰਕਾਰ ਨੇ ਵਾਲਮੀਕਿ ਅਤੇ ਮਜ਼੍ਹਬੀ ਸਿੱਖ ਭਾਈਚਾਰੇ ਨਾਲ ਵੱਡਾ ਧੋਖਾ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੈੱਸ ਨਾਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੇ ਹਲਕਾ ਇੰਚਾਰਜ ਐਡ. ਪਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮਜ਼੍ਹਬੀ ਸਿੱਖ ਅਤੇ ਵਾਲਮੀਕਿ ਭਾਈਚਾਰੇ ਨੇ ਵਿਧਾਨ ਸਭਾ ਚੋਣਾਂ 2017 'ਚ ਕਾਂਗਰਸ ਪਾਰਟੀ ਨੂੰ ਪੂਰਾ ਸਹਿਯੋਗ ਦਿੱਤਾ ਸੀ, ਇਸ ਦੇ ਬਾਵਜੂਦ ਵੀ ਵਾਲਮੀਕਿ ਭਾਈਚਾਰੇ ਨੂੰ ਕੋਈ ਮਾਨ ਸਨਮਾਨ ਨਹੀਂ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਜ਼੍ਹਬੀ ਸਿੱਖ ਅਤੇ ਵਾਲਮੀਕਿ ਭਾਈਚਾਰੇ ਵਿਰੁੱਧ ਤਾਨਾਸ਼ਾਹੀ ਰਵੱਈਆ ਅਪਣਾਉਂਦੇ ਹੋਏ ਵਾਲਮੀਕਿ ਭਾਈਚਾਰੇ ਤੋਂ ਦਰਕਿਨਾਰ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਪੰਜਾਬ ਦੇ 77 ਐੱਮ. ਐੱਲ. ਏ. 'ਚੋਂ ਕਾਫੀ ਗਿਣਤੀ 'ਚ ਐੱਮ. ਐੱਲ. ਏ. ਮਜ਼੍ਹਬੀ ਸਿੱਖ ਅਤੇ ਵਾਲਮੀਕਿ ਹਨ ਪਰ ਫਿਰ ਵੀ ਇਨ੍ਹਾਂ ਨੂੰ ਮੰਤਰੀ ਮੰਡਲ 'ਚ ਸ਼ਾਮਲ ਨਹੀਂ ਕੀਤਾ ਗਿਆ, ਜਦੋਂਕਿ ਇਤਿਹਾਸ ਗਵਾਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮਜ਼੍ਹਬੀ ਸਿੱਖ ਵਾਲਮੀਕਿ ਭਾਈਚਾਰੇ ਨੂੰ ਮੰਤਰੀ ਮੰਡਲ 'ਚ ਅਤੇ ਹੋਰ ਵੀ ਹਰ ਜਗ੍ਹਾ 'ਤੇ ਬਣਦਾ ਮਾਣ ਸਤਿਕਾਰ ਦਿੱਤਾ ਗਿਆ ਸੀ।