ਪੰਜਾਬ ਦੀਆਂ ਸਰਹੱਦਾਂ ਤੋਂ ਇਸ ਸਾਲ 212 ਕਿਲੋ ਹੈਰੋਇਨ ਤੇ ਭਾਰੀ ਅਸਲਾ ਬਰਾਮਦ
Monday, Dec 09, 2019 - 12:58 PM (IST)

ਫਿਰੋਜ਼ਪੁਰ (ਕੁਮਾਰ) - ਇਕ ਪਾਸੇ ਪਾਕਿ ਭਾਰਤ ਨਾਲ ਚੰਗੇ ਸਬੰਧ ਬਣਾਉਣ ਦੀ ਗੱਲ ਕਰ ਰਿਹਾ ਹੈ ਤੇ ਦੂਜੇ ਪਾਸੇ ਭਾਰਤ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ 'ਚ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਾਕਿ ਆਈ. ਐੱਸ. ਆਈ. ਅਤੇ ਸਮੱਗਲਰਾਂ ਦੀ ਮਦਦ ਨਾਲ ਪੰਜਾਬ ਸਰਹੱਦਾਂ ਤੋਂ ਵੱਡੇ ਪੱਧਰ 'ਤੇ ਹੈਰੋਇਨ ਅਤੇ ਹਥਿਆਰ ਭੇਜਣ ਦੀ ਤਾਕ 'ਚ ਰਹਿੰਦਾ ਹੈ। ਪੰਜਾਬ ਦੀਆਂ ਭਾਰਤ-ਪਾਕਿ ਸਰਹੱਦਾਂ 'ਤੇ ਬੀ. ਐੱਸ. ਐੱਫ. ਦਾ ਸਖਤ ਪਹਿਰਾ ਹੋਣ ਕਾਰਨ ਪਾਕਿ ਅੱਤਵਾਦੀ ਏਜੰਸੀ ਆਈ. ਐੱਸ. ਆਈ. ਅਤੇ ਪਾਕਿ ਸਮੱਗਲਰਾਂ ਦੀਆਂ ਨਾਪਾਕ ਇਰਾਦਿਆਂ ਨੂੰ ਫੇਲ ਕੀਤਾ ਜਾ ਰਿਹਾ ਹੈ। ਜਵਾਨਾਂ ਨੇ ਕਈ ਵਾਰ ਪਾਕਿ ਵਲੋਂ ਭੇਜੀ ਹੈਰੋਇਨ ਤੇ ਹਥਿਆਰ ਦੀ ਵੱਡੀ ਖੇਪ ਨੂੰ ਫੜਿਆ ਹੈ। ਕਈ ਵਾਰ ਪਾਕਿ ਤੇ ਭਾਰਤੀ ਸਮੱਗਲਰਾਂ ਨੂੰ ਅਜਿਹੇ ਦੇਸ਼ ਵਿਰੋਧੀ ਕੋਸ਼ਿਸ਼ਾਂ ਕਰਦੇ ਮਾਰ ਗਿਰਾਇਆ ਹੈ ਅਤੇ ਕਈ ਵਾਰ ਜ਼ਿੰਦਾ ਫੜਿਆ।
ਸਰਦੀ ਦਾ ਮੌਸਮ ਸ਼ੁਰੂ ਹੋਣ 'ਤੇ ਧੁੰਦ ਦਾ ਫਾਇਦਾ ਉਠਾਉਂਦੇ ਆਈ. ਐੱਸ. ਆਈ. ਅਤੇ ਪਾਕਿ ਸਮੱਗਲਰਾਂ ਨੇ ਆਪਣੀਆਂ ਭਾਰਤ ਵਿਰੋਧੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ, ਜਿਨ੍ਹਾਂ ਨੂੰ ਦੇਖਦੇ ਹੋਏ ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਨੇ ਪੈਟਰੋਲਿੰਗ ਅਤੇ ਨਾਕਾਬੰਦੀ ਵਧਾ ਦਿੱਤੀ। ਫੈਸਿੰਗ ਦੇ ਨਾਲ-ਨਾਲ ਅਤੇ ਬੀ. ਐੱਸ. ਐੱਫ. ਟਾਵਰਾਂ 'ਤੇ ਜਵਾਨ ਆਧੁਨਿਕ ਹਥਿਆਰਾਂ ਅਤੇ ਯੰਤਰਾਂ ਨਾਲ ਲੈਸ ਹੋ ਕੇ ਦੁਸ਼ਮਣ ਦੇਸ਼ ਦੀਆਂ ਗਤੀਵਿਧੀਆਂ 'ਤੇ ਸਖਤ ਨਜ਼ਰ ਰੱਖ ਰਹੇ ਹਨ। ਸਖਤ ਪਹਿਰੇ ਦੇ ਬਾਵਜੂਦ ਕਈ ਵਾਰ ਪਾਕਿ ਸਮੱਗਲਰ ਹੈਰੋਇਨ ਅਤੇ ਹਥਿਆਰ ਆਦਿ ਭਾਰਤੀ ਸਮੱਗਲਰ ਕੱਢ ਕੇ ਲਿਜਾਣ 'ਚ ਕਾਮਯਾਬ ਹੋ ਜਾਂਦੇ ਹਨ। ਪੰਜਾਬ ਪੁਲਸ, ਸੀ.ਆਈ.ਏ. ਸਟਾਫ, ਕਾਊਂਟਰ ਇੰਟੈਲੀਜੈਂਸ, ਐਂਟੀ ਨਾਰਕੋਟਿਕਸ ਸੈੱਲ ਆਦਿ ਨੇ ਭਾਰਤੀ ਸਮੱਗਲਰਾਂ ਨੂੰ ਕਈ ਵਾਰ ਹੈਰੋਇਨ ਦੀ ਖੇਪ ਸਣੇ ਗ੍ਰਿਫਤਾਰ ਕਰਨ 'ਚ ਭਾਰੀ ਸਫਲਤਾ ਹਾਸਲ ਕੀਤੀ ਹੈ।
ਸਾਲ 2019 'ਚ ਬੀ. ਐੱਸ. ਐੱਫ. ਨੇ ਪੰਜਾਬ 'ਚੋਂ ਬਰਾਮਦ ਕੀਤੀ 212 ਕਿਲੋ ਹੈਰੋਇਨ
ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਨੇ ਫਿਰੋਜ਼ਪੁਰ, ਅਬੋਹਰ, ਅੰਮ੍ਰਿਤਸਰ ਆਦਿ ਸੈਕਟਰਾਂ 'ਚ ਸਾਲ 2019 ਦੌਰਾਨ ਜਨਵਰੀ ਤੋਂ ਲੈ ਕੇ ਹੁਣ ਤੱਕ ਕਰੀਬ 212 ਕਿਲੋ 202 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 10 ਅਰਬ 60 ਕਰੋੜ ਰੁਪਏ ਦੱਸੀ ਜਾਂਦੀ ਹੈ। ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਦੇ ਪਬਲਿਕ ਰਿਲੇਸ਼ਨ ਅਫਸਰ ਅਨੁਸਾਰ ਜਨਵਰੀ 2019 ਤੋਂ ਲੈ ਕੇ ਅੱਜ ਤੱਕ ਬੀ. ਐੱਸ. ਐੱਫ. ਨੇ ਪੰਜਾਬ ਭਰ ਦੀਆਂ ਸਰਹੱਦਾਂ 'ਤੇ 212 ਕਿਲੋ 202 ਗ੍ਰਾਮ ਹੈਰੋਇਨ, 1 ਕਿਲੋ ਗ੍ਰਾਮ ਅਫੀਮ, 11 ਵੱਖ-ਵੱਖ ਤਰ੍ਹਾਂ ਦੇ ਹਥਿਆਰ, 458 ਕਾਰਤੂਸ, 18 ਭਾਰਤੀ ਮੋਬਾਇਲ ਦੇ ਸਿਮ ਕਾਰਡ, 21 ਪਾਕਿ ਮੋਬਾਇਲ ਦੇ ਸਿਮ ਕਾਰਡ, 18 ਭਾਰਤੀ ਮੋਬਾਇਲ ਅਤੇ ਕਈ ਸਮੱਗਲਰਾਂ ਨੂੰ ਫੜਨ 'ਚ ਸਫਲਤਾ ਹਾਸਲ ਕੀਤੀ ਹੈ।
ਪਾਕਿ ਸਮੱਗਲਰਾਂ ਨੂੰ ਦਿਨਾਂ ਅਤੇ ਘੰਟਿਆਂ ਦੇ ਹਿਸਾਬ ਨਾਲ ਆਪਣੀਆਂ ਚੌਕੀਆਂ ਵੇਚਦੈ : ਏ. ਆਈ. ਜੀ. ਸਿੱਧੂ
ਏ. ਆਈ. ਜੀ. ਨਰਿੰਦਰਪਾਲ ਸਿੰਘ ਸਿੱਧੂ ਅਨੁਸਾਰ ਪਾਕਿ ਹਿੰਦੁਸਤਾਨ ਸਰਹੱਦ ਨਾਲ ਲੱਗਦੀਆਂ ਚੌਕੀਆਂ ਦਿਨਾਂ ਅਤੇ ਘੰਟਿਆਂ ਦੇ ਹਿਸਾਬ ਨਾਲ ਪਾਕਿ ਸਮੱਗਲਰਾਂ ਅਤੇ ਅੱਤਵਾਦੀਆਂ ਨੂੰ ਵੇਚਦਾ ਹੈ। ਸਮੇਂ ਮੁਤਾਬਕ ਉਹ ਜਿੰਨੀ ਚਾਹੇ ਹੈਰੋਇਨ, ਹਥਿਆਰ ਅਤੇ ਜਾਅਲੀ ਕਰੰਸੀ ਆਦਿ ਇਨ੍ਹਾਂ ਚੌਕੀਆਂ ਦੇ ਰਸਤੇ ਭਾਰਤੀ ਸਰਹੱਦ 'ਚ ਭਾਰਤੀ ਸਮੱਗਲਰ ਸਾਥੀਆਂ ਨੂੰ ਭੇਜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੱਗਲਿੰਗ 'ਚ ਦੋਵਾਂ ਦੇਸ਼ਾਂ ਦੇ ਸਮੱਗਲਰ ਵਟਸਐਪ ਦਾ ਇਸਤੇਮਾਲ ਕਰਦੇ ਹਨ। ਪਾਕਿ ਤੇ ਭਾਰਤੀ ਸਮੱਗਲਰਾਂ ਤੇ ਆਈ. ਐੱਸ. ਆਈ. ਦੇ ਨਾਪਾਕ ਇਰਾਦਿਆਂ ਨੂੰ ਅਸਫਲ ਕਰਨ ਲਈ ਬੀ. ਐੱਸ. ਐੱਫ. ਅਤੇ ਹੋਰ ਪੋਸਟਾਂ ਆਪਣੀ ਜਾਨ 'ਤੇ ਖੇਡ ਕੇ ਦੇਸ਼ ਦੀ ਰੱਖਿਆ ਕਰ ਰਹੀਆਂ ਹਨ। ਬੀ. ਐੱਸ. ਐੱਫ. ਵੱਲੋਂ ਫੈਸਿੰਗ ਨਾਲ-ਨਾਲ ਸਤਲੁਜ ਦਰਿਆ 'ਚ ਵੀ ਆਪਣੀ ਪੈਟਰੋਲਿੰਗ ਜਾਰੀ ਰੱਖੀ ਜਾਂਦੀ ਹੈ।