ਕਿਸਾਨਾਂ ਕਰਕੇ ਜੇ ਮੇਰੇ 'ਤੇ ਪਰਚੇ ਵੀ ਦਰਜ ਹੋ ਜਾਣ ਤਾਂ ਉਹ ਵੀ ਮੈਡਲਾਂ ਵਰਗੇ : ਬਿੱਟੂ

10/21/2020 6:11:18 PM

ਮਾਛੀਵਾੜਾ ਸਾਹਿਬ (ਟੱਕਰ) : ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਵਿਧਾਨ ਸਭਾ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਬਿੱਲਾਂ ਨੂੰ ਨਕਾਰ ਦਿੱਤਾ ਗਿਆ ਹੈ, ਇਸ ਲਈ ਪੰਜਾਬ ਦੇ ਭਾਜਪਾ ਆਗੂ ਇਨ੍ਹਾਂ ਬਿੱਲਾਂ ਨੂੰ ਰੱਦੀ ਦੀ ਟੋਕਰੀ 'ਚ ਪਾ ਕੇ ਦਿੱਲੀ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇ ਦੇਣ। ਮਾਛੀਵਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਭਾਜਪਾ ਨੇ ਲੋਕ ਸਭਾ 'ਚ ਬੜੇ ਹੀ ਜ਼ੋਰ-ਸ਼ੋਰ ਨਾਲ ਕਿਸਾਨ ਵਿਰੋਧੀ ਖੇਤੀ ਬਿੱਲ ਪਾਸ ਕੀਤੇ ਗਏ ਪਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਬਿੱਲ ਪਾਸ ਕਰਕੇ ਉਨ੍ਹਾਂ ਨੂੰ ਰੱਦੀ ਬਣਾ ਕੇ ਦੇ ਦਿੱਤਾ ਹੈ ਅਤੇ ਹੁਣ ਅਸੀਂ ਇਹ ਰੱਦੀ ਬਣਿਆ ਬਿੱਲ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰਨਾਂ ਆਗੂਆਂ ਨੂੰ ਦੇਵਾਂਗੇ, ਜੋ ਦਿੱਲੀ ਜਾ ਕੇ ਵਾਪਿਸ ਕਰ ਆਉਣ। ਉਨ੍ਹਾਂ ਕਿਹਾ ਕਿ ਸਾਰੀਆਂ ਹੀ ਪਾਰਟੀਆਂ ਨੇ ਵਿਧਾਨ ਸਭਾ 'ਚ ਕਿਸਾਨ ਪੱਖੀਂ ਰਵੱਈਆ ਦਿਖਾਇਆ ਪਰ ਹੁਣ ਬਾਹਰ ਜਾ ਕੇ ਸਿਆਸਤ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਕਾਂਗਰਸ ਸਰਕਾਰ ਨੇ ਕਿਸਾਨ ਹਿਤਾਂ ਲਈ ਸਪੱਸ਼ਟ ਸਟੈਂਡ ਲਿਆ ਅਤੇ ਜੋ ਨਵੇਂ ਬਿੱਲ ਪਾਸ ਕੀਤੇ, ਉਨ੍ਹਾਂ ਅਧੀਨ ਹੁਣ ਕਿਸਾਨਾਂ ਦੀ ਲੁੱਟ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਅਜੇ ਤਾਂ ਕਿਸਾਨ ਹਿਤਾਂ ਦੀ ਸ਼ੁਰੂਆਤ ਹੈ, ਇਸ ਬਿੱਲ ਉਪਰ ਅਜੇ ਰਾਸ਼ਟਰਪਤੀ ਅਤੇ ਰਾਜਪਾਲ ਦੇ ਦਸਤਖ਼ਤ ਹੋਣੇ ਹਨ ਅਤੇ ਜੇਕਰ ਉਨ੍ਹਾਂ ਪੰਜਾਬ ਦੇ ਪਾਸ ਕੀਤੇ ਗਏ ਬਿੱਲਾਂ 'ਤੇ ਸਹਿਮਤੀ ਨਾ ਪ੍ਰਗਟਾਈ ਤਾਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਦਿੱਲੀ ਜਾ ਕੇ ਪੱਕੇ ਤੌਰ 'ਤੇ ਧਰਨਾ ਲਾ ਦੇÎਣਗੇ। ਐੱਮ. ਪੀ. ਬਿੱਟੂ ਨੇ ਕਿਹਾ ਕਿ ਭਾਜਪਾ ਆਗੂਆਂ ਵਲੋਂ ਉਸ ਖਿਲਾਫ਼ ਵੱਖ-ਵੱਖ ਥਾਣਿਆਂ 'ਚ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਰਹੀਆਂ ਹਨ ਅਤੇ ਜੇਕਰ ਪਰਚੇ ਵੀ ਦਰਜ ਹੋ ਜਾਂਦੇ ਹਨ ਤਾਂ ਉਹ ਵੀ ਉਨ੍ਹਾਂ ਲਈ ਮੈਡਲਾਂ ਵਰਗੇ ਹਨ ਕਿਉਂਕਿ ਅਸੀਂ ਸਾਰੇ ਹੀ ਪੰਜਾਬੀ ਕਿਸਾਨ ਹਾਂ ਅਤੇ ਸਾਡੇ ਸੂਬੇ ਦੀ ਆਤਮ-ਨਿਰਭਰਤਾ ਕਿਸਾਨੀ 'ਤੇ ਹੀ ਹੈ।

ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਨੇ ਵਿਧਾਨ ਸਭਾ 'ਚ ਪੇਸ਼ ਕੀਤੇ ਕਿਸਾਨ ਪੱਖੀ ਬਿੱਲਾਂ ਦਾ ਕੀਤਾ ਸਵਾਗਤ

ਅੰਬਾਨੀ-ਅਡਾਨੀ ਨੇ ਸਮਰਥਨ ਮੁੱਲ ਤੋਂ ਘੱਟ ਰੇਟ 'ਤੇ ਫਸਲ ਖਰੀਦੀ ਤਾਂ ਨਾਭਾ ਜੇਲ੍ਹ 'ਚ ਡੱਕਾਂਗੇ
ਐੱਮ. ਪੀ. ਰਵਨੀਤ ਸਿੰਘ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਦੇ ਚਹੇਤੇ ਅੰਬਾਨੀ-ਅਡਾਨੀ 'ਤੇ ਵਰਦਿਆਂ ਕਿਹਾ ਕਿ ਹੁਣ ਪੰਜਾਬ ਵਿਧਾਨ ਸਭਾ ਵਿਚ ਬਿੱਲ ਪਾਸ ਹੋ ਗਿਆ ਹੈ ਕਿ ਕੋਈ ਵੀ ਵਪਾਰੀ ਜੇਕਰ ਸਮਰਥਨ ਮੁੱਲ ਤੋਂ ਘੱਟ ਭਾਅ 'ਤੇ ਫਸਲ ਖਰੀਦੇਗਾ ਤਾਂ ਉਸ ਨੂੰ 3 ਸਾਲ ਦੀ ਸਜ਼ਾ ਹੋਵੇਗੀ। ਇਸ ਲਈ ਪਹਿਲੀ ਗੱਲ ਤਾਂ ਕੇਂਦਰ ਵਲੋਂ ਪਾਸ ਕੀਤਾ ਗਿਆ ਖੇਤੀਬਾੜੀ ਬਿੱਲ ਲਾਗੂ ਨਹੀਂ ਹੋਣ ਦਿਆਂਗੇ ਅਤੇ ਜੇਕਰ ਫਿਰ ਵੀ ਮੋਦੀ ਨੇ ਧੱਕੇ ਨਾਲ ਅੰਬਾਨੀ-ਅਡਾਨੀ ਨੂੰ ਧੱਕੇ ਨਾਲ ਫਸਲ ਖਰੀਦਣ ਭੇਜ ਦਿੱਤਾ ਅਤੇ ਘੱਟ ਰੇਟ 'ਤੇ ਫਸਲ ਖਰੀਦੀ ਤਾਂ ਉਨ੍ਹਾਂ ਨੂੰ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਨਾਲ ਨਾਭਾ ਜੇਲ੍ਹ 'ਚ ਡੱਕਾਂਗੇ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਵਲੋਂ ਖੇਤੀ ਬਿੱਲ ਪਾਸ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ

ਮੋਦੀ ਨੇ ਧੱਕਾ ਕੀਤਾ ਤਾਂ ਦਿੱਲੀ ਨੂੰ ਜਾਂਦਾ ਪਾਣੀ ਤੇ ਡੈਮਾਂ 'ਤੋਂ ਜਾਂਦੀ ਬਿਜਲੀ ਬੰਦ ਕਰ ਦਵਾਂਗੇ
ਐੱਮ. ਪੀ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੀਆਂ ਫਸਲਾਂ ਨੂੰ ਖਰੀਦਣ ਲਈ ਰੁਕਾਵਟਾਂ ਖੜ੍ਹੀਆਂ ਕੀਤੀਆਂ ਤਾਂ ਅਖੀਰ ਵਿਚ ਪੰਜਾਬ ਦੇ ਲੋਕ ਆਰ-ਪਾਰ ਦੀ ਲੜਾਈ ਲੜਦਿਆਂ ਦਿੱਲੀ ਨੂੰ ਜਾਂਦਾ ਪਾਣੀ ਅਤੇ ਭਾਖੜਾ ਡੈਮ 'ਚੋਂ ਜਾਂਦੀ ਬਿਜਲੀ ਬੰਦ ਕਰ ਦੇਣਗੇ। ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਹੋਣ ਦੀਆਂ ਕਿਆਸ ਅਰਾਈਆਂ 'ਤੇ ਬਿੱਟੂ ਨੇ ਕਿਹਾ ਕਿ ਮੋਦੀ ਕੁਝ ਵੀ ਕਰ ਸਕਦਾ ਹੈ, ਜਿਸ ਤਰ੍ਹਾਂ ਜੰਮੂ-ਕਸ਼ਮੀਰ 'ਚ ਉੱਥੋਂ ਦੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ, ਉਸੇ ਤਰ੍ਹਾਂ ਹੀ ਪੰਜਾਬ ਦੇ ਕਿਸਾਨਾਂ ਨਾਲ ਵੀ ਉਹ ਹੱਦ ਤੋਂ ਵੱਧ ਧੱਕੇਸ਼ਾਹੀ ਕਰ ਸਕਦਾ ਹੈ।

ਇਹ ਵੀ ਪੜ੍ਹੋ : ਕੋਵਿਡ ਮਰੀਜ਼ ਦੀ ਮ੍ਰਿਤਕ ਦੇਹ ਬਦਲਣ ਦੇ ਮਾਮਲੇ 'ਚ ਪੀ. ਜੀ. ਆਈ. ਨੇ ਦਿੱਤਾ ਬਿਆਨ


Anuradha

Content Editor Anuradha