ਪੰਜਾਬ 'ਚ ਗਰਜਣਗੇ ਕਾਲੇ ਬੱਦਲ, ਗੜ੍ਹਿਆਂ ਵਾਲਾ ਮੀਂਹ ਵਰ੍ਹਾਏਗਾ ਕਹਿਰ
Monday, Jan 21, 2019 - 02:48 PM (IST)

ਲੁਧਿਆਣਾ : ਠੰਡ ਨਾਲ ਠੁਰ-ਠੁਰ ਕਰ ਰਹੇ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ 2-3 ਦਿਨਾਂ 'ਚ ਸਰਦੀ ਹੋਰ ਵੀ ਕਾਂਬਾ ਛੇੜੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵਾਤਾਵਰਣ ਮਾਹਿਰ ਡਾ. ਪ੍ਰਭਜੋਤ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ 21, 22 ਅਤੇ 23 ਜਨਵਰੀ ਨੂੰ ਪੰਜਾਬ ਦੇ ਕਈ ਹਿੱਸਿਆਂ 'ਚ ਕਾਲੇ ਬੱਦਲ ਗਰਜਣਗੇ ਅਤੇ ਇਸ ਤੋਂ ਇਲਾਵਾ ਗੜ੍ਹਿਆਂ ਵਾਲਾ ਮੀਂਹ ਵੀ ਕਹਿਰ ਵਰ੍ਹਾਵੇਗਾ। ਇਸ ਨਾਲ ਤਾਪਮਾਨ ਹੋਰ ਡਿਗ ਸਕਦਾ ਹੈ, ਜਿਸ ਤੋਂ ਬਾਅਦ ਠੰਡ ਵਧ ਜਾਵੇਗੀ। ਮੌਸਮ ਵਿਭਾਗ ਵਲੋਂ ਕਿਸਾਨਾਂ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਆਪਣੀ ਫਸਲ ਨੂੰ ਪਾਣੀ ਨਾ ਲਾਉਣ ਕਿਉਂਕਿ ਵਾਧੂ ਪਾਣੀ ਲਾਉਣ ਨਾਲ ਫਸਲ ਦਾ ਨੁਕਸਾਨ ਹੋ ਸਕਦਾ ਹੈ। ਡਾ. ਪ੍ਰਭਜੋਤ ਨੇ ਆਮ ਲੋਕਾਂ ਨੂੰ ਵੀ ਹਦਾਇਤ ਦਿੰਦਿਆਂ ਕਿਹਾ ਹੈ ਕਿ ਲੋਕ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਨਾ ਨਿਕਲਣ। ਮੌਸਮ ਵਿਭਾਗ ਮੁਤਾਬਕ ਪੱਛਮੀ ਚੱਕਰਵਾਤ ਕਾਰਨ ਸੀਤ ਲਹਿਰ ਚੱਲਣੀ ਫਿਲਹਾਲ ਜਾਰੀ ਰਹੇਗੀ ਅਤੇ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਲੋਕਾਂ ਨੂੰ ਠੰਡ ਤੋਂ ਕੋਈ ਰਾਹਤ ਨਹੀਂ ਮਿਲੇਗੀ।