ਪੰਜਾਬ ਦੇ 10 ਹਜ਼ਾਰ ਡਿੱਪੂ ਹੋਲਡਰ ਵੀ ਸ਼ਾਮਲ ਹੋਣਗੇ ਸੰਸਦ ਦੇ ਘਿਰਾਓ ''ਚ

07/13/2017 4:10:05 AM

ਚੰਡੀਗੜ੍ਹ (ਭੁੱਲਰ)  - ਆਲ ਇੰਡੀਆ ਫੇਅਰਪ੍ਰਾਈਸ ਸ਼ਾਪ ਫੈੱਡਰੇਸ਼ਨ ਦੇ ਸੱਦੇ 'ਤੇ 18 ਜੁਲਾਈ ਨੂੰ ਹੋਣ ਵਾਲੇ ਸੰਸਦ ਦੇ ਘਿਰਾਓ ਦੇ ਐਕਸ਼ਨ ਵਿਚ ਪੰਜਾਬ ਦੇ 10 ਹਜ਼ਾਰ ਡਿੱਪੂ ਹੋਲਡਰ ਵੀ ਸ਼ਾਮਲ ਹੋਣਗੇ। ਇਹ ਐਲਾਨ ਅੱਜ ਇਥੇ ਪੰਜਾਬ ਰਾਜ ਡਿੱਪੂ ਹੋਲਡਰ ਯੂਨੀਅਨ (ਸਿੱਧੂ) ਦੇ ਸੂਬਾ ਪ੍ਰਧਾਨ ਇੰਜੀ. ਗੁਰਜਿੰਦਰ ਸਿੰਘ ਸਿੱਧੂ ਤੇ ਹੋਰ ਅਹੁਦੇਦਾਰਾਂ ਨੇ ਪ੍ਰੈੱਸ ਕਾਨਫਰੰਸ 'ਚ ਕੀਤਾ। ਉਨ੍ਹਾਂ ਦੱਸਿਆ ਕਿ ਘਿਰਾਓ ਦੇ ਇਸ ਪ੍ਰੋਗਰਾਮ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਛੋਟੇ ਭਰਾ ਪ੍ਰਹਿਲਾਦ ਮੋਦੀ ਨਾਲ ਫੈੱਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਬਿਸ਼ੰਬਰ ਬਾਸੂ ਕਰਨਗੇ। ਜ਼ਿਕਰਯੋਗ ਹੈ ਕਿ ਪ੍ਰਹਿਲਾਦ ਮੋਦੀ ਡਿੱਪੂ ਹੋਲਡਰਾਂ ਦੀ ਫੈੱਡਰੇਸ਼ਨ ਦੇ ਕੌਮੀ ਆਗੂ ਹਨ, ਜੋ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ ਉਠਾ ਰਹੇ ਹਨ।
ਸਿੱਧੂ ਨੇ ਦੱਸਿਆ ਕਿ ਸੰਸਦ ਦੇ ਘਿਰਾਓ ਸੰਬੰਧੀ ਪੂਰੇ ਪੰਜਾਬ ਵਿਚ ਜ਼ਿਲਾ ਪੱਧਰ 'ਤੇ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੀਆਂ ਮੁੱਖ ਮੰਗਾਂ ਹਨ ਕਿ ਦੇਸ਼ ਦੀ ਸਮੁੱਚੀ ਆਬਾਦੀ ਨੂੰ ਫੂਡ ਸਕਿਓਰਿਟੀ ਬਿੱਲ ਦੇ ਘੇਰੇ 'ਚ ਲਿਆਂਦਾ ਜਾਵੇ, ਅਨਾਜ ਬਦਲੇ ਪੈਸਾ ਨਾ ਦਿੱਤਾ ਜਾਵੇ ਤੇ ਸਿਰਫ਼ ਆਨਾਜ ਹੀ ਮਿਲੇ, ਪੰਜ ਕਿਲੋ ਗੈਸ ਵਾਲਾ ਸਿਲੰਡਰ ਡਿੱਪੂਆਂ ਨੂੰ ਉਪਲੱਬਧ ਕਰਵਾਇਆ ਜਾਵੇ ਅਤੇ ਖੰਡ ਤੇ ਮਿੱਟੀ ਦਾ ਤੇਲ ਸਭ ਨੂੰ ਮਿਲੇ। ਰਾਸ਼ਨ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਦਾ ਵੀ ਵਿਰੋਧ ਕੀਤਾ ਗਿਆ। ਡਿੱਪੂ ਹੋਲਡਰਾਂ ਨੂੰ 87 ਰੁਪਏ ਪ੍ਰਤੀ ਕੁਇੰਟਲ ਕਮੀਸ਼ਨ ਤੇ ਮਾਸਿਕ ਭੱਤਾ ਦੇਣ ਦੀ ਵੀ ਮੰਗ ਉਠਾਈ ਗਈ ਹੈ। ਪ੍ਰੈੱਸ ਕਾਨਫਰੰਸ 'ਚ ਬ੍ਰਹਮ ਦੱਤ, ਸੁਰਜੀਤ ਸਿੰਘ, ਸੁਭਾਸ਼ ਬਾਂਸਲ, ਇੰਦਰਜੀਤ, ਰਣਜੀਤ ਸਿੰਘ, ਬਲਕਾਰ ਸਿੰਘ ਲਹਿਰਾਗਾਗਾ, ਪੱਤੀ ਸਮਾਣਾ, ਰਾਮ ਸਰੂਪ, ਕਰਮਜੀਤ ਦੋਰਾਹਾ, ਜਥੇ. ਬਿੱਕਰ ਸਿੰਘ ਤੇ ਸੂਬੇਦਾਰ ਰਿਟਾ. ਸਰਬਜੀਤ ਸਿੰਘ ਆਦਿ ਮੌਜੂਦ ਸਨ।


Related News