ਸਾਲ ਦੇ 12 ਹਜ਼ਾਰ ਸੜਕ ਹਾਦਸਿਆਂ ਨਾਲ ਕੰਬ ਜਾਂਦੈ ਪੰਜਾਬ

Thursday, Jan 03, 2019 - 01:04 PM (IST)

ਸਾਲ ਦੇ 12 ਹਜ਼ਾਰ ਸੜਕ ਹਾਦਸਿਆਂ ਨਾਲ ਕੰਬ ਜਾਂਦੈ ਪੰਜਾਬ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) - ਪੰਜਾਬ 'ਚ ਹਰ ਸਾਲ 12 ਹਜ਼ਾਰ ਦੇ ਕਰੀਬ ਸੜਕ ਹਾਦਸੇ ਵਾਪਰਦੇ ਹਨ, ਜੋ ਪੁਲਸ ਥਾਣਿਆਂ 'ਚ ਦਰਜ ਨਹੀਂ ਹੁੰਦੇ ਅਤੇ ਕਈਆਂ ਹਾਦਸਿਆ ਦਾ ਨਿਪਟਾਰਾ ਬਾਹਰ ਹੀ ਹੋ ਜਾਂਦਾ ਹੈ। ਜੇਕਰ ਵੇਖਿਆ ਜਾਵੇ ਤਾਂ ਸਾਲ 1997 ਤੋਂ ਲੈ ਕੇ ਇਨ੍ਹਾਂ ਦੋ ਦਹਾਕਿਆਂ ਦੌਰਾਨ ਹਾਦਸਿਆਂ ਦੀ ਗਿਣਤੀ ਵਧ ਰਹੀ ਹੈ। ਦੁਨੀਆ ਤਰੱਕੀ ਕਰ ਗਈ ਹੈ। ਇਹ ਪੜ੍ਹਿਆ-ਲਿਖਿਆ ਵਿਗਿਆਨਕ ਯੁੱਗ ਹੈ, ਜਿਸ ਦੇ ਬਾਵਜੂਦ ਲੋਕ ਕਾਨੂੰਨ ਅਨੁਸਾਰ ਟਰੈਫ਼ਿਕ ਨਿਯਮਾਂ ਦੀ ਪਾਲਣਾ ਨਹੀਂ ਕਰਦ, ਕਿਉਂਕਿ ਜ਼ਿੰਦਗੀ ਕੁਦਰਤ ਦੀ ਅਣਮੁੱਲੀ ਦਾਤ ਹੈ। ਇਸ ਸਮੇਂ ਸੜਕ ਆਵਾਜਾਈ ਬਹੁਤ ਜ਼ਿਆਦਾ ਵਧ ਗਈ ਹੈ। ਕੁਝ ਕੁ ਗਰੀਬ ਪਰਿਵਾਰਾਂ ਨੂੰ ਛੱਡ ਕੇ ਹਰ ਘਰ 'ਚ ਕਈ ਵਾਹਨ ਹਨ। 

ਨਸ਼ੇ 'ਚ ਗੱਡੀ ਚਲਾਉਣਾ ਵੀ ਹੈ ਕਾਰਨ 
ਸ਼ਰਾਬ ਪੀ ਕੇ ਜਾਂ ਹੋਰ ਨਸ਼ੇ ਦੀ ਵਰਤੋਂ ਕਰਕੇ ਗੱਡੀ ਚਲਾਉਣ ਨਾਲ ਸੜਕਾਂ 'ਤੇ ਵਾਹਨਾਂ ਦੀ ਟੱਕਰ ਹੋ ਜਾਂਦੀ ਹੈ, ਜਿਸ ਕਾਰਨ ਬੇਕਸੂਰ ਲੋਕ ਮਾਰੇ ਜਾਂਦੇ ਹਨ। ਇਸ ਤੋਂ ਇਲਾਵਾ ਡਰਾਈਵਿੰਗ ਕਰਨ ਸਮੇਂ ਮੋਬਾਇਲ ਦੀ ਕੀਤੀ ਜਾ ਰਹੀ ਵਰਤੋਂ ਵੀ ਹਾਦਸਿਆਂ ਦਾ ਕਾਰਨ ਬਣਦੀ ਹੈ। ਪੁਲਸ ਵਿਭਾਗ ਦੇ ਟਰੈਫ਼ਿਕ ਸੈੱਲ ਦੀ ਲੋਕ ਪ੍ਰਵਾਹ ਨਹੀਂ ਕਰਦੇ।

ਇਲਾਜ 'ਤੇ ਖਰਚ ਹੁੰਦੇ ਹਨ ਲੱਖਾਂ ਰੁਪਏ
ਸੂਰਜ ਦੀ ਟਿੱਕੀ ਚੜ੍ਹਨ ਤੋਂ ਪਹਿਲਾਂ ਹੀ ਹਨੇਰੇ 'ਚ ਬੱਸਾਂ, ਕਾਰਾਂ, ਟਰੱਕਾਂ, ਮੋਟਰਸਾਈਕਲਾਂ ਤੇ ਹੋਰ ਵਾਹਨਾਂ ਦੀ ਗੂੰਜ ਸ਼ੁਰੂ ਹੋ ਜਾਂਦੀ ਹੈ। ਸੜਕਾਂ ਭਰ ਜਾਂਦੀਆਂ ਹਨ। ਇਕ ਸਰਵੇਖਣ ਅਨੁਸਾਰ 1990 ਦੇ ਮੁਕਾਬਲੇ ਹੁਣ ਵਾਹਨਾਂ ਦੀ ਗਿਣਤੀ 3 ਗੁਣਾ ਜ਼ਿਆਦਾ ਹੈ ਪਰ ਉਸ ਹਿਸਾਬ ਨਾਲ ਸੜਕਾਂ ਦੀ ਗਿਣਤੀ ਘੱਟ ਹੈ। ਆਪਣੀ ਮੰਜ਼ਿਲ 'ਤੇ ਜਲਦੀ ਪਹੁੰਚਣ ਲਈ ਲੋਕ ਵਾਹਨਾਂ ਨੂੰ ਤੇਜ਼ ਚਲਾਉਂਦੇ ਹਨ, ਜਿਸ ਕਾਰਨ ਕਈ ਲੋਕਾਂ ਦੀਆਂ ਮੌਤਾਂ ਹੁੰਦੀਆਂ ਹਨ ਅਤੇ ਕਈ ਲੋਕ ਜ਼ਖ਼ਮੀ। ਜ਼ਖ਼ਮੀ ਹੋਏ ਲੋਕਾਂ ਦੇ ਇਲਾਜ 'ਤੇ ਲੱਖਾਂ ਰੁਪਏ ਖਰਚ ਹੁੰਦੇ ਹਨ। 

ਰੋਜ਼ਾਨਾ ਹੁੰਦੀਆਂ ਨੇ 10 ਤੋਂ 12 ਮੌਤਾਂ
ਸੂਬੇ 'ਚ ਹਰ ਸਾਲ ਹਾਦਸਿਆਂ ਦੌਰਾਨ 4500 ਤੋਂ ਵਧ ਮੌਤਾਂ ਹੁੰਦੀਆਂ ਹਨ, ਜੇਕਰ ਵੇਖਿਆ ਜਾਵੇ ਤਾਂ ਹਰ ਮਹੀਨੇ ਕਰੀਬ 360 ਅਤੇ ਹਰ ਰੋਜ਼ 10 ਤੋਂ 12 ਮੌਤਾਂ ਔਸਤ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਸੂਬੇ ਦੇ 22 ਜ਼ਿਲਿਆਂ 'ਚ 20 ਹਜ਼ਾਰ ਤੋਂ ਵਧ ਲੋਕ ਸੜਕ ਹਾਦਸਿਆਂ 'ਚ ਫ਼ੱਟੜ ਹੋ ਜਾਂਦੇ ਹਨ। ਇਨ੍ਹਾਂ 'ਚੋਂ 2000 ਲੋਕ ਅਜਿਹੇ ਹਨ, ਜੋ ਇਨ੍ਹਾਂ ਹਾਦਸਿਆਂ ਦੌਰਾਨ ਆਪਣੇ ਸਰੀਰ ਦੇ ਅੰਗ ਗੁਆ ਲੈਂਦੇ ਹਨ ਅਤੇ ਸਦਾ ਲਈ ਅੰਗਹੀਣ ਹੋ ਕੇ ਰਹਿ ਜਾਂਦੇ ਹਨ। ਸਿਰ ਦੀਆਂ ਸੱਟਾਂ ਕਾਰਨ ਮਾਨਸਿਕ ਰੋਗੀ ਬਣ ਜਾਂਦੇ ਹਨ। ਕਈ ਪੂਰੇ ਦੇ ਪੂਰੇ ਪਰਿਵਾਰ ਹੀ ਖਤਮ ਹੋ ਗਏ ਹਨ ਅਤੇ ਕਈ ਘਰਾਂ ਦੇ ਚਿਰਾਗ ਬੁਝ ਗਏ ਹਨ। ਨੌਜਵਾਨਾਂ ਅਤੇ ਬੱਚਿਆਂ ਦੀਆਂ ਮੌਤਾਂ ਦੇ ਅੰਕੜੇ ਵਧ ਦੱਸੇ ਜਾ ਰਹੇ ਹਨ। ਉਂਝ ਤਾਂ ਔਰਤਾਂ ਦੀ ਗਿਣਤੀ ਮਰਨ ਵਾਲਿਆਂ 'ਚ ਸ਼ਾਮਲ ਹੈ। ਜੇਕਰ ਸਮੁੱਚੇ ਲੋਕ ਸੜਕਾਂ 'ਤੇ ਵਾਹਨ ਚਲਾਉਣ ਸਮੇਂ ਸਹੀ ਢੰਗ ਨਾਲ ਡਰਾਈਵਿੰਗ ਕਰਨ ਅਤੇ ਟਰੈਫ਼ਿਕ ਨਿਯਮਾਂ ਦੀ ਚੰਗੀ ਤਰ੍ਹਾਂ ਪਾਲਣਾ ਕਰਨ ਤਾਂ ਸੜਕਾਂ ਉੱਪਰ ਹੋ ਰਹੇ ਹਾਦਸਿਆਂ ਦੀ ਗਿਣਤੀ ਘੱਟ ਸਕਦੀ ਹੈ।


author

rajwinder kaur

Content Editor

Related News