ਕਾਂਗਰਸ ਤੇ ਅਕਾਲੀਆਂ ''ਚ ਹਲਚਲ, ਪੰਜਾਬ ''ਚ ਸਿਆਸੀ ਭੂਚਾਲ ਕਿਸੇ ਵੇਲੇ ਵੀ!

12/14/2019 12:30:15 AM

ਲੁਧਿਆਣਾ,(ਮੁੱਲਾਂਪੁਰੀ)- ਪੰਜਾਬ ਦੀ ਰਾਜਸੀ ਫਿਜ਼ਾ ਵਿਚ ਜਿਸ ਤਰੀਕੇ ਦੇ ਹਾਲਾਤ ਦੇਖੇ ਜਾ ਰਹੇ ਹਨ, ਉਸ ਨੂੰ ਲੈ ਕੇ ਜਿੱਥੇ ਸ਼੍ਰੋਮਣੀ ਅਕਾਲੀ ਦਲ 'ਚ ਦੋ ਫਾੜ ਹੋਣ ਵਰਗੀ ਹਲਚਲ ਦੇਖੀ ਜਾ ਰਹੀ ਹੈ, ਉੱਥੇ ਸੱਤਾਧਾਰੀ ਕਾਂਗਰਸ ਸਰਕਾਰ 'ਚ ਮੰਤਰੀ-ਵਿਧਾਇਕਾਂ ਦੀਆਂ ਆਪਣੀ ਸਰਕਾਰ ਅਤੇ ਅਫਸਰਸ਼ਾਹੀ ਸਬੰਧੀ ਟਕੋਰਾਂ ਜਾਰੀ ਹਨ। ਇਹ ਦੋਵਾਂ ਵੱਡੀਆਂ ਪਾਰਟੀਆਂ 'ਚ ਧੁਖ ਰਹੀ ਰਾਜਸੀ ਧੂਣੀ ਹੁਣ ਕਿਸੇ ਵੇਲੇ ਵੀ ਲਾਂਬੂ ਦਾ ਰੂਪ ਧਾਰ ਸਕਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਸ ਨੇ ਲਗਾਤਾਰ 10 ਸਾਲ ਰਾਜ ਭਾਗ ਮਾਣਿਆ, ਵਿਕਾਸ ਕਰਵਾਉਣ 'ਚ ਬਾਜ਼ੀ ਤਾਂ ਮਾਰ ਗਿਆ ਪਰ ਲੋਕਾਂ 'ਚ ਵਿਸ਼ਵਾਸ ਪੈਦਾ ਕਰਨ ਵਿਚ ਬੁਰੀ ਤਰ੍ਹਾਂ ਫੇਲ ਹੋ ਗਿਆ।

ਇੱਥੇ ਹੀ ਬਸ ਨਹੀਂ, ਬਰਗਾੜੀ ਕਾਂਡ, ਨਸ਼ਾ ਅਤੇ ਗੁੰਡਾ ਟੈਕਸ ਅਤੇ ਹੋਰ ਅਲਾਮਤਾਂ ਨੂੰ ਇਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕਾਬੂ ਨਾ ਕਰ ਕੇ ਜੋ ਰਾਜਸੀ ਹਲਕਿਆਂ 'ਚ ਆਪਣੀ ਹੇਠੀ ਕਰਵਾਈ ਹੈ, ਉਸ ਕਾਰਣ ਕੋਈ ਹੋਰ ਨਹੀਂ, ਸ਼੍ਰੋਮਣੀ ਅਕਾਲੀ ਦਲ ਦੇ ਘਾਗ ਆਗੂ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ ਤੇ ਹੋਰ ਦੋ ਦਰਜਨ ਨੇਤਾ ਅੱਜ ਬਾਗੀ ਹੋ ਕੇ ਅੱਖਾਂ ਦਿਖਾ ਰਹੇ ਹਨ। ਇਸੇ ਤਰ੍ਹਾਂ 80 ਦੇ ਕਰੀਬ ਵਿਧਾਇਕ ਲੈ ਕੇ ਪੰਜਾਬ 'ਚ ਰਾਜ ਕਰਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਪੰਜਾਬ ਦੇ ਲੋਕ ਤਾਂ ਛੱਡੋ, ਕਾਂਗਰਸੀ ਨੇਤਾ, ਵਿਧਾਇਕ, ਮੰਤਰੀ ਵੀ ਸੰਤੁਸ਼ਟ ਨਹੀਂ ਹਨ। ਉਹ ਅਫਸਰਸ਼ਾਹੀ ਦਾ ਰੋਣਾ ਰੋ ਰਹੇ ਹਨ, ਪਿਛਲੇ 3 ਸਾਲਾਂ ਤੋਂ ਹਾਲ ਦੁਹਾਈ ਪਾ ਰਹੇ ਹਨ, ਹੁਣ ਜਦੋਂ ਪਾਣੀ ਸਿਰ ਤੋਂ ਲੰਘਣ ਵਾਲੀ ਗੱਲ ਹੋਣ ਲੱਗੀ ਤਾਂ ਇਹ ਮੰਤਰੀ, ਵਿਧਾਇਕਾਂ ਨੇ ਆਪਣੀ ਸਰਕਾਰ ਖਿਲਾਫ ਫਰੰਟ ਖੋਲ੍ਹ ਦਿੱਤੇ ਹਨ। ਅੱਜ-ਕੱਲ ਪਿੰਡਾਂ ਅਤੇ ਸ਼ਹਿਰਾਂ ਦੇ ਕਾਂਗਰਸੀ ਵਰਕਰਾਂ 'ਚ ਬੇਚੈਨੀ ਦਾ ਮਾਹੌਲ ਹੈ ਅਤੇ ਅਫਸਰਸ਼ਾਹੀ ਦੇ ਰਵੱਈਏ ਤੋਂ ਡਾਢੇ ਪ੍ਰੇਸ਼ਾਨ ਹਨ। ਇਸ ਤਰ੍ਹਾਂ ਦੇ ਹਾਲਾਤ ਨੂੰ ਦੇਖ ਕੇ ਲਗਦਾ ਹੈ ਕਿ ਪੰਜਾਬ 'ਚ ਵੱਖ-ਵੱਖ ਸਿਆਸੀ ਪਾਰਟੀਆਂ ਵਿਚ ਵੱਡਾ ਭੂਚਾਲ ਕਿਸੇ ਵੀ ਵੇਲੇ ਆ ਸਕਦਾ ਹੈ, ਜਿਸ ਨਾਲ ਵੱਡੇ ਪੱਧਰ 'ਤੇ ਉਥਲ-ਪੁਥਲ ਮਚਣ ਤੋਂ ਇਲਾਵਾ ਰਾਜਸੀ ਭੰਨਤੋੜ ਵੀ ਹੋ ਸਕਦੀ ਹੈ ਕਿਉਂਕਿ ਦੋਵਾਂ ਪਾਰਟੀਆਂ ਦੇ ਆਗੂ ਹੁਣ ਆਪਣੀਆਂ ਪਾਰਟੀਆਂ 'ਚ ਕੁਝ ਕਰਨ ਲਈ ਲੋਹਾ ਲਾਲ ਕਰੀ ਬੈਠੇ ਹਨ, ਬਸ ਹੁਣ ਸੱਟ ਮਾਰਨ ਦੀ ਤਿਆਰੀ 'ਚ ਦੱਸੇ ਜਾ ਰਹੇ ਹਨ ਤਾਂ ਜੋ ਭੂਚਾਲ ਵਰਗੇ ਹਾਲਾਤ ਕੋਈ ਹੋਰ ਨਹੀਂ ਇਹ ਆਗੂ ਹੀ ਲਿਆਉਣਗੇ। ਦੇਖਦੇ ਹਾਂ ਕਿ ਭੂਚਾਲ ਦਾ ਪਹਿਲਾ ਝਟਕਾ ਕਿਸ ਨੂੰ ਲਗਦਾ ਹੈ।

 


Related News