ਪਾਰਕ ਦੇ ਜਨਤਕ ਪਖਾਨੇ ਦਾ ਸਟੈੱਪ ਚੜ੍ਹਨਾ ਬਜ਼ੁਰਗਾਂ ਲਈ ਔਖਾ

Saturday, Mar 31, 2018 - 01:02 PM (IST)

ਪਾਰਕ ਦੇ ਜਨਤਕ ਪਖਾਨੇ ਦਾ ਸਟੈੱਪ ਚੜ੍ਹਨਾ ਬਜ਼ੁਰਗਾਂ ਲਈ ਔਖਾ

ਮੋਹਾਲੀ (ਕੁਲਦੀਪ) : ਗਮਾਡਾ ਵਲੋਂ ਸ਼ਹਿਰ ਦੇ ਵੱਖ-ਵੱਖ ਪਾਰਕਾਂ ਵਿਚ ਆਮ ਜਨਤਾ ਦੀ ਵਰਤੋਂ ਲਈ ਬਣਾਏ ਗਏ ਪਖਾਨਿਆਂ ਵਿਚੋਂ ਬਹੁਤਿਆਂ ਦੇ ਸਟੈੱਪ ਚੜ੍ਹਨਾ ਬਜ਼ੁਰਗਾਂ ਲਈ ਕਾਫ਼ੀ ਔਖਾ ਹੈ, ਜਿਸ ਕਾਰਨ ਇਹ ਪਖਾਨੇ ਬਜ਼ੁਰਗਾਂ ਦੀ ਵਰਤੋਂ ਵਿਚ ਨਹੀਂ ਆ ਰਹੇ ਹਨ। ਪਾਰਕ ਵਿਚ ਰੋਜ਼ਾਨਾ ਸੈਰ ਕਰਨ ਆਉਣ ਵਾਲੇ ਮਹਿੰਦਰ ਸਿੰਘ, ਗੁਰਮੇਲ ਸਿੰਘ ਕੰਗ ਤੇ ਐੱਨ. ਆਰ. ਬਾਲੀ ਆਦਿ ਬਜ਼ੁਰਗਾਂ ਨੇ ਦੱਸਿਆ ਕਿ ਫੇਜ਼-4 ਦੇ ਬੋਗਨਵਿਲਿਆ ਪਾਰਕ ਵਿਚ ਸਹੂਲਤ ਲਈ ਬਣਾਏ ਗਏ ਜਨਤਕ ਪਖਾਨੇ ਦੇ ਦਰਵਾਜ਼ੇ ਵਾਲਾ ਪਹਿਲਾ ਸਟੈੱਪ ਹੀ ਇੰਨਾ ਉੱਚਾ ਹੈ ਕਿ ਕੋਈ ਵੀ ਬਜ਼ੁਰਗ ਵਿਅਕਤੀ ਇਸ 'ਤੇ ਨਹੀਂ ਚੜ੍ਹ ਸਕਦਾ । 
ਉਨ੍ਹਾਂ ਕਿਹਾ ਕਿ ਭਾਵੇਂ ਪਾਰਕ ਵਿਚ ਸੈਰ ਕਰਨ ਲਈ ਹਰੇਕ ਉਮਰ ਵਰਗ ਦੇ ਲੋਕ ਆਉਂਦੇ ਹਨ ਪਰ ਪਖਾਨਿਆਂ ਦੀ ਜ਼ਿਆਦਾਤਰ ਜ਼ਰੂਰਤ ਬਜ਼ੁਰਗਾਂ ਨੂੰ ਹੀ ਰਹਿੰਦੀ ਹੈ, ਜੋ ਕਿ ਪਾਰਕ ਵਿਚ ਪੂਰਾ-ਪੂਰਾ ਦਿਨ ਬੈਠ ਕੇ ਇਕ-ਦੂਜੇ ਨਾਲ ਵਿਚਾਰ ਸਾਂਝੇ ਕਰਦੇ ਰਹਿੰਦੇ ਹਨ । ਜਦੋਂ ਬਾਥਰੂਮ ਆਦਿ ਜਾਣ ਦੀ ਜ਼ਰੂਰਤ ਪੈਂਦੀ ਹੈ ਤਾਂ ਉੱਚੇ ਸਟੈੱਪ 'ਤੇ ਉਨ੍ਹਾਂ ਤੋਂ ਚੜ੍ਹਿਆ ਨਹੀਂ ਜਾਂਦਾ । ਗਮਾਡਾ ਦੇ ਸਾਬਕਾ ਇੰਜੀਨੀਅਰ ਤੇ ਫੇਜ਼-4 ਦੀ ਐੱਚ. ਐੱਮ. ਹਾਊਸਿਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਐੱਨ. ਐੱਸ. ਕਲਸੀ ਨੇ ਕਿਹਾ ਕਿ ਇਹ ਸਟੈੱਪ 9 ਇੰਚ ਉੱਚਾ ਹੈ, ਜਿਸ 'ਤੇ ਚੜ੍ਹਨਾ ਬਜ਼ੁਰਗਾਂ ਦੇ ਵੱਸ ਦੀ ਗੱਲ ਨਹੀਂ ਹੈ । ਗਮਾਡਾ ਵਲੋਂ ਬਣਾਏ ਗਏ ਇਹ ਜਨਤਕ ਪਖਾਨੇ ਹੁਣ ਨਗਰ ਨਿਗਮ ਵਲੋਂ ਟੇਕਓਵਰ ਕਰ ਲਏ ਗਏ ਹਨ । ਇਸ ਲਈ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਪਾਰਕਾਂ ਵਿਚ ਬਣੇ ਪਖਾਨਿਆਂ ਨੂੰ ਰੈਨੋਵੇਟ ਕਰਕੇ ਬਜ਼ੁਰਗਾਂ ਲਈ ਰੈਂਪ ਵੀ ਬਣਾਏ ਜਾਣ, ਤਾਂ ਜੋ ਇਹ ਬਜ਼ੁਰਗਾਂ ਦੇ ਕੰਮ ਆ ਸਕਣ।


Related News