''ਪਦਮਾਵਤ'' ਖਿਲਾਫ਼ ਪ੍ਰਗਟਾਇਆ ਰੋਹ

01/20/2018 4:29:23 AM

ਹੁਸ਼ਿਆਰਪੁਰ, (ਘੁੰਮਣ)- ਬਜਰੰਗ ਦਲ (ਹਿੰਦੋਸਤਾਨ) ਦੇ ਵਰਕਰਾਂ ਨੇ ਰਾਸ਼ਟਰੀ ਪ੍ਰਧਾਨ ਜੇ. ਕੇ. ਚੱਗਰਾਂ ਦੇ ਨਿਰਦੇਸ਼ਾਂ ਅਨੁਸਾਰ ਅੱਜ ਬੱਸ ਸਟੈਂਡ ਨੇੜੇ ਹਿੰਦੀ ਫਿਲਮ 'ਪਦਮਾਵਤ' ਖਿਲਾਫ਼ ਰੋਹ ਪ੍ਰਗਟਾਇਆ। ਬਜਰੰਗੀਆਂ ਨੇ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਅਤੇ ਕਲਾਕਾਰਾਂ ਦਾ ਪੁਤਲਾ ਵੀ ਫੂਕਿਆ। ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਸੂਬਾ ਜਨਰਲ ਸਕੱਤਰ ਰਣਜੋਧ ਸਿੰਘ ਨੇ ਕਿਹਾ ਕਿ ਫਿਲਮ 'ਪਦਮਾਵਤ' 'ਚ ਮਹਾਰਾਣੀ ਪਦਮਾਵਤੀ ਸਬੰਧੀ ਜੋ ਇਤਰਾਜ਼ਯੋਗ ਗੱਲਾਂ ਕਹੀਆਂ ਗਈਆਂ ਹਨ, ਉਸ ਨਾਲ ਹਿੰਦੂਆਂ ਵਿਸ਼ੇਸ਼ ਤੌਰ 'ਤੇ ਰਾਜਪੂਤ ਬਰਾਦਰੀ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਉਕਤ ਫਿਲਮ ਕਿਸੇ ਵੀ ਸੂਰਤ 'ਚ ਸਿਨੇਮਿਆਂ ਵਿਚ ਨਾ  ਚੱਲਣ ਦੇਣ ਦੀ ਧਮਕੀ ਵੀ ਦਿੱਤੀ। ਇਸ ਮੌਕੇ ਰਾਸ਼ਟਰੀ ਉਪ ਪ੍ਰਧਾਨ ਦੀਪਕ ਸੱਗੜ, ਕੋ-ਆਰਡੀਨੇਟਰ ਜਸਵੀਰ ਸਿੰਘ, ਪੰਜਾਬ ਉਪ ਪ੍ਰਧਾਨ ਪਰਮਜੀਤ ਰਾਣਾ, ਦੋਆਬਾ ਪ੍ਰਧਾਨ ਸੁਰਿੰਦਰ ਸਿੰਘ, ਸਿਟੀ ਪ੍ਰਧਾਨ ਦਵਿੰਦਰ ਨਾਗਰ, ਸੁਖਦੇਵ ਆਦਿ ਵੀ ਹਾਜ਼ਰ ਸਨ। 
ਮੁਕੇਰੀਆਂ, (ਜੱਜ)-ਹਿੰਦੀ ਫਿਲਮ ਪਦਮਾਵਤ ਸਬੰਧੀ ਰਾਜਪੂਤ ਸਮਾਜ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਸਥਾਨਕ ਸ਼ੀਤਲਾ ਮਾਤਾ ਮੰਦਰ ਵਿਖੇ ਰਾਜਪੂਤ ਸਭਾ ਦੀ ਵਿਸ਼ੇਸ਼ ਮੀਟਿੰਗ ਚੇਅਰਮੈਨ ਡਾ. ਪ੍ਰਦੀਪ ਕਟੋਚ ਤੇ ਪ੍ਰਧਾਨ ਠਾਕੁਰ ਸ਼ਮਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਵੱਖ-ਵੱਖ ਥਾਵਾਂ ਤੋਂ ਹਿੰਦੂ ਸੰਗਠਨਾਂ ਦੇ ਵਰਕਰਾਂ ਨੇ ਹਿੱਸਾ ਲਿਆ। ਜਿਸ 'ਚ ਇਸ ਫਿਲਮ ਨੂੰ ਬੰਦ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਉਪਰੰਤ ਰਾਜਪੂਤ ਸਭਾ ਨੇ ਹਿੰਦੂ ਸੰਗਠਨਾਂ ਦੇ ਸਹਿਯੋਗ ਨਾਲ ਸ਼ਹਿਰ 'ਚ ਰੋਸ ਰੈਲੀ ਕੱਢੀ, ਜੋ ਕਿ ਸ਼ੀਤਲਾ ਮਾਤਾ ਮੰਦਰ ਤੋਂ ਸ਼ੁਰੂ ਹੋ ਕੇ ਐੱਸ. ਡੀ. ਐੱਮ. ਕੰਪਲੈਕਸ ਪਹੁੰਚੀ, ਜਿੱਥੇ ਵਰਕਰਾਂ ਨੇ ਐੱਸ. ਡੀ. ਐੱਮ. ਕੋਮਲ ਮਿੱਤਲ ਨੂੰ ਮੰਗ ਪੱਤਰ ਸੌਂਪਿਆ।
ਚੇਅਰਮੈਨ ਡਾ. ਪ੍ਰਦੀਪ ਕਟੋਚ ਤੇ ਪ੍ਰਧਾਨ ਠਾਕੁਰ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਰਾਣੀ ਪਦਮਾਵਤੀ 'ਤੇ ਅਧਾਰਿਤ ਇਸ ਫ਼ਿਲਮ 'ਚ ਇਤਿਹਾਸ ਨਾਲ ਛੇੜਖਾਨੀ ਕੀਤੀ ਗਈ ਹੈ ਜੋ ਕਿ ਗਲਤ ਹੈ, ਜਿਸ ਨੂੰ ਰਾਜਪੂਤ ਸਮਾਜ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ 25 ਜਨਵਰੀ ਨੂੰ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ। ਇਸ ਲਈ ਹਰ ਸੰਭਵ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਫਿਲਮ ਨੂੰ ਕਿਸੇ ਵੀ ਸੂਰਤ 'ਚ ਰਿਲੀਜ਼ ਨਾ ਕੀਤਾ ਜਾਵੇ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਫਿਲਮ ਨੂੰ ਪੰਜਾਬ ਦੇ ਕਿਸੇ ਸਿਨੇਮਾ ਘਰ 'ਚ ਨਾ ਦਿਖਾਇਆ ਜਾਵੇ।
ਇਸ ਮੌਕੇ ਸੰਗਰਾਮ ਸਿੰਘ, ਸੁਲਖਣ ਸਿੰਘ ਜੱਗੀ, ਵਿਕਾਸ ਮਨਕੋਟੀਆ, ਸੰਦੀਪ ਮਿਨਹਾਸ, ਅਨਿਲ ਠਾਕੁਰ, ਰਣਜੀਤ ਸਿੰਘ, ਵਿਕਰਮ ਸਿੰਘ, ਰਮੇਸ਼ ਰਾਣਾ, ਸਰਿਸ਼ਟਾ ਦੇਵੀ, ਅੰਜਨਾ ਕਟੋਚ, ਬਲਬੀਰ ਸਿੰਘ, ਮਨਦੀਪ ਕਟੋਚ, ਪ੍ਰਿੰਸ ਕਤਨਾ ਜ਼ਿਲਾ ਪ੍ਰਧਾਨ, ਸ਼ਿਵਨੰਦਨ ਸ਼ਰਮਾ ਪ੍ਰਧਾਨ ਧਨੋਆ ਮੰਦਰ, ਅਸ਼ੋਕ ਕੁਮਾਰ, ਕਮਲਜੀਤ ਸਿੰਘ, ਕੁੰਵਰ ਰਤਨ ਸਿੰਘ, ਕੈਪ. ਉਂਕਾਰ ਸਿੰਘ, ਸਰਜੀਵਨ ਸਿੰਘ, ਠਾਕੁਰ ਵਿਨੋਦ, ਅਰਜੁਨ ਠਾਕੁਰ, ਗੋਪੀ, ਜਗਦੀਪ, ਰਣਦੀਪ ਜਰਿਆਲ ਆਦਿ ਹਾਜ਼ਰ ਸਨ।


Related News