ਨਿੱਜੀ ਕਾਲਜਾਂ ਦੇ ਖੇਤੀਬਾੜੀ ਕੋਰਸਾਂ ਦੀ ਮਾਨਤਾ ਰੱਦ ਕਰਨ ਦਾ ਵਿਰੋਧ

07/09/2019 2:10:29 PM

ਚੰਡੀਗੜ੍ਹ (ਭੁੱਲਰ) : ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ (ਪੁੱਕਾ) ਅਤੇ ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨਸ ਐਸੋਸੀਏਸ਼ਨ (ਪੁਟੀਆ) ਨੇ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਬੀ. ਐੱਸ. ਸੀ. ਕੋਰਸ ਦੀ ਪ੍ਰਵਾਨਗੀ ਅਤੇ ਮਾਨਤਾ ਲਈ ਦਖਲ ਦੇਣ ਦੀ ਅਪੀਲ ਕੀਤੀ ਹੈ। ਇਹ ਦੱਸਣਯੋਗ ਹੈ ਕਿ ਪੰਜਾਬ ਰਾਜ ਕਾਊਂਸਲ ਫਾਰ ਐਗਰੀਕਲਚਰ ਐਜੂਕੇਸ਼ਨ ਨੇ 5 ਜੁਲਾਈ 2019 ਨੂੰ ਇਕ ਨੋਟਿਸ ਜਾਰੀ ਕਰ ਕੇ 25 ਸੰਸਥਾਵਾਂ ਅਤੇ ਕਾਲਜਾਂ ਦੇ ਖੇਤੀ ਨਾਲ ਸਬੰਧਤ ਕੋਰਸਾਂ ਦੀ ਮਾਨਤਾ ਰੱਦ ਕਰਨ ਦਾ ਐਲਾਨ ਕੀਤਾ ਹੈ, ਜਿਸ ਬਾਰੇ ਕੌਂਸਲ ਦੇ ਮੁਖੀ ਕਾਹਨ ਸਿੰਘ ਪੰਨੂ ਵਲੋਂ ਬਿਆਨ ਜਾਰੀ ਕੀਤਾ ਗਿਆ ਸੀ। ਇਸ ਤੋਂ ਇਲਾਵਾ 82 ਹੋਰ ਸੰਸਥਾਵਾਂ ਵੀ ਕਾਰਵਾਈ ਦੇ ਘੇਰੇ 'ਚ ਹੋਣ ਦੀ ਗੱਲ ਆਖੀ ਗਈ ਸੀ।

ਪੁੱਕਾ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਅਤੇ ਪੁਟੀਆ ਦੇ ਉਪ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ 107 ਇੰਸਟੀਚਿਊਸ਼ਨਸ 'ਚ ਪਹਿਲਾਂ ਤੋਂ ਚੱਲ ਰਹੇ ਬੀ. ਐੱਸ. ਸੀ. ਖੇਤੀਬਾੜੀ ਕੋਰਸ ਦੀ ਡਿਗਰੀ ਨੇ ਕਾਲਜਿਸ 'ਚ ਪੜ੍ਹ ਰਹੇ 15000 ਤੋਂ ਜ਼ਿਆਦਾ ਵਿਦਿਆਰਥੀਆਂ ਅਤੇ ਇਨ੍ਹਾਂ ਕਾਲਜਾਂ 'ਚ ਇਸ ਸਾਲ ਦਾਖਲਾ ਲੈ ਚੁੱਕੇ 3000-4000 ਤੋਂ ਜ਼ਿਆਦਾ ਵਿਦਿਆਰਥੀਆਂ ਦੇ ਮਨ 'ਚ ਵਹਿਮ ਪੈਦਾ ਕਰ ਦਿੱਤਾ ਹੈ। ਬੀ. ਐੱਸ. ਸੀ. ਖੇਤੀਬਾੜੀ ਕੋਰਸ 'ਚ 70% ਦਾਖਲੇ ਹੋਰ ਰਾਜਾਂ ਤੋਂ ਹਨ।  ਕੁੱਝ ਨਿਯਮਾਂ ਦੀ ਆੜ 'ਚ ਕੋਰਸਾਂ ਦੀ ਮਾਨਤਾ ਰੱਦ ਕਰਨਾ ਕਿਸੇ ਵੀ ਤਰ੍ਹਾਂ ਵਾਜਿਬ ਨਹੀਂ, ਜਿਸ ਨਾਲ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਪ੍ਰਭਾਵਿਤ ਹੋਵੇਗਾ।


Anuradha

Content Editor

Related News