'ਹੁਸ਼ਿਆਰਪੁਰ ਦਾ ਮਾਣ ਹਨ ਭਾਰਤ ਦੇ ਨਵੇਂ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ' (ਵੀਡੀਓ)
Wednesday, Nov 28, 2018 - 09:43 AM (IST)
ਹੁਸ਼ਿਆਰਪੁਰ (ਅਮਰੀਕ)—ਭਾਰਤ ਦੇ ਨਵ-ਨਿਯੁਕਤ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਹੁਸ਼ਿਆਰਪੁਰ ਦਾ ਮਾਣ ਹਨ। ਰਾਜਸਥਾਨ ਕਾਡਰ ਦੇ 1900 ਬੈਚ ਦੇ ਸਾਬਕਾ ਆਈ. ਏ. ਐੱਸ. ਅਧਿਕਾਰੀ ਸੁਨੀਲ ਅਰੋੜਾ ਦੇ ਮਾਤਾ ਸ਼੍ਰੀਮਤੀ ਪੁਸ਼ਪਾ ਅਰੋੜਾ ਸਥਾਨਕ ਡੀ. ਏ. ਵੀ. ਕਾਲਜ ਫਾਰ ਗਰਲਜ਼ ਦੇ ਕਾਫੀ ਸਮੇਂ ਤੱਕ ਪ੍ਰਿੰਸੀਪਲ ਰਹੇ।
'ਕਾਂਗਰਸ ਸੋਸ਼ਲ ਪਾਰਟੀ ਆਫ਼ ਇੰਡੀਆ' ਦੇ ਆਰਗੇਨਾਈਜ਼ਰ ਮੇਹਰ ਅਸ਼ੋਕ ਵਤਸ ਨੇ ਦੱਸਿਆ ਕਿ ਸ਼੍ਰੀ ਅਰੋੜਾ ਹੁਸ਼ਿਆਰਪੁਰ ਸ਼ਹਿਰ ਦਾ ਮਾਣ ਹਨ। ਸ਼੍ਰੀ ਅਰੋੜਾ ਨੇ ਮੁੱਢਲੀ ਅਤੇ ਕਾਲਜ ਦੀ ਸਿੱਖਿਆ ਹੁਸ਼ਿਆਰਪੁਰ 'ਚੋਂ ਹੀ ਪ੍ਰਾਪਤ ਕੀਤੀ। ਆਈ. ਏ. ਐੱਸ. ਕਾਡਰ 'ਚ ਆਉਣ ਤੋਂ ਬਾਅਦ ਉਹ ਰਾਜਸਥਾਨ 'ਚ ਕਈ ਮਹੱਤਵਪੂਰਨ ਅਹੁਦਿਆਂ 'ਤੇ ਤਾਇਨਾਤ ਰਹੇ। ਸਾਲ 2005 ਤੋਂ 2008 ਤੱਕ ਉਹ ਰਾਜਸਥਾਨ ਦੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਵੀ ਰਹੇ। ਸ਼੍ਰੀ ਅਰੋੜਾ 5 ਸਾਲ ਤੱਕ ਇੰਡੀਅਨ ਏਅਰਲਾਈਨਜ਼ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਵੀ ਰਹੇ। ਇਸ ਦੌਰਾਨ ਸਮਾਜਕ ਸੰਗਠਨ 'ਸਵੇਰਾ' ਦੇ ਕਨਵੀਨਰ ਡਾ. ਅਜੈ ਬੱਗਾ ਨੇ ਸ਼੍ਰੀ ਸੁਨੀਲ ਅਰੋੜਾ ਨੂੰ ਭਾਰਤ ਦਾ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਸਮੂਹ ਜ਼ਿਲਾ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਅਰੋੜਾ ਦਾ ਹੁਸ਼ਿਆਰਪੁਰ ਆਉਣ 'ਤੇ ਵੱਖ-ਵੱਖ ਸੰਗਠਨਾਂ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ।
