ਪ੍ਰਨੀਤ ਕੌਰ ਨੇ ਮੰਨਿਆ, ਦਿੱਲੀ ''ਚ ਹੋਵੇਗੀ ਕਾਂਗਰਸ ਦੀ ਹਾਰ!
Sunday, Feb 09, 2020 - 06:39 PM (IST)
ਪਟਿਆਲਾ (ਇੰਦਰਜੀਤ ਬਖਸ਼ੀ) : ਦਿੱਲੀ ਵਿਧਾਨ ਸਭਾ ਚੋਣਾਂ ਹੋ ਚੁੱਕੀਆਂ ਹਨ। ਹਰ ਕਿਸੇ ਨੂੰ ਚੋਣ ਨਤੀਜਿਆਂ ਦਾ ਇੰਤਜ਼ਾਰ ਹੈ ਅਤੇ ਇਹ ਇੰਤਜ਼ਾਰ 11 ਫਰਵਰੀ ਨੂੰ ਖਤਮ ਹੋ ਜਾਵੇਗਾ। ਐਗਜ਼ਿਟ ਪੋਲ ਦੇ ਨਤੀਜਿਆਂ ਦੀ ਮੰਨੀਏ ਤਾਂ ਦਿੱਲੀ ਵਿਚ ਇਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ ਤੇ ਹੁਣ ਲੱਗਦਾ ਹੈ ਕਿ ਕਾਂਗਰਸ ਨੇ ਵੀ ਹਾਰ ਮੰਨ ਲਈ ਹੈ। ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਦਾ ਕਹਿਣਾ ਹੈ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਹਵਾ ਹੈ, ਜਦਕਿ ਕਾਂਗਰਸ ਦਾ ਜ਼ਿਆਦਾ ਜ਼ੋਰ ਨਹੀਂ ਹੈ, ਉਨ੍ਹਾਂ ਕਿਹਾ ਕਿ ਐਗਜ਼ਿਟ ਪੋਲ ਵੀ ਵਿਚ 'ਆਪ' ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ।
ਢੱਡਰੀਆ ਵਾਲੇ ਵਿਵਾਦ 'ਤੇ ਬੋਲਦੇ ਹੋਏ ਪ੍ਰਨੀਤ ਕੌਰ ਨੇ ਕਿਹਾ ਕਿ ਇਹ ਸੰਤ ਸਮਾਜ ਦਾ ਮਸਲਾ ਹੈ, ਲਿਹਾਜ਼ਾ ਦੋਹਾਂ ਧਿਰਾਂ ਨੂੰ ਬੈਠ ਕੇ ਸੁਲਝਾਉਣਾ ਚਾਹੀਦਾ ਹੈ। ਪ੍ਰਨੀਤ ਕੌਰ ਅੱਜ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਰਵਿਦਾਸ ਕਲੋਨੀ ਵਿਖੇ ਇਕ ਸਮਾਗਮ ਵਿਚ ਸ਼ਿਰਕਤ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਗੁਰਦੁਆਰਾ ਸਾਹਿਬ ਵਿਚ ਬੈਠ ਕੇ ਕੀਰਤਨ ਸਰਵਣ ਕੀਤਾ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਫਿਲਹਾਲ ਦਿੱਲੀ ਚੋਣਾਂ ਤੋਂ ਪਹਿਲਾਂ ਪ੍ਰਨੀਤ ਕੌਰ ਦੇ ਇਸ ਬਿਆਨ ਨੇ ਸਾਫ ਕਰ ਦਿੱਤਾ ਕਿ ਕਾਂਗਰਸ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਹਾਰ ਮੰਨ ਚੁੱਕੀ ਹੈ।