ਪੰਜਾਬ 'ਚ Pain Killer 'ਤੇ ਲੱਗੀ ਪਾਬੰਦੀ! ਜਾਰੀ ਹੋ ਗਏ ਹੁਕਮ
Wednesday, Sep 04, 2024 - 08:31 AM (IST)
ਤਰਨਤਾਰਨ/ਮੋਗਾ (ਰਮਨ/ਗੋਪੀ): ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ Pain Killer, ਹੱਡੀ ਰੋਗਾਂ ਅਤੇ ਨਾੜਾਂ ਲਈ ਵਰਤੇ ਜਾਂਦੇ ਪ੍ਰੇਗਾਬਾਲਿਨ ਨਾਂ ਦੇ ਸਾਲਟ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦਵਾਈ ਦੀ ਕੁਝ ਲੋਕਾਂ ਵੱਲੋਂ ਦੁਰਵਰਤੋਂ ਕੀਤੀ ਜਾ ਰਹੀ ਸੀ। ਇਸ ਦੇ ਮੱਦੇਨਜ਼ਰ ਮੋਗਾ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਆਦਿ ਜ਼ਿਲ੍ਹਿਆਂ ਵਿਚ ਇਸ ਦਵਾਈ ਦੀ ਵਿਕਰੀ ਅਤੇ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਇਸ ਦਵਾਈ ਦੀ ਵਰਤੋਂ ਕਰਨ ਨਾਲ ਇਨਸਾਨ ਨੂੰ ਨਸ਼ਾ ਮਹਿਸੂਸ ਹੋਣ ਲੱਗ ਪੈਂਦਾ ਹੈ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਸਖਤ ਮੁਹਿੰਮ ਦੌਰਾਨ ਇਸ ਦਵਾਈ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਮੋਗਾ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਆਦਿ ਜ਼ਿਲ੍ਹਿਆਂ ਦੇ ਐੱਸ. ਐੱਸ. ਪੀ. ਅਤੇ ਡਿਪਟੀ ਕਮਿਸ਼ਨਰਾਂ ਵੱਲੋਂ ਪਹਿਲਕਦਮੀ ਕਰਦੇ ਹੋਏ ਇਸ ਦਵਾਈ ਦੀ ਵਿਕਰੀ ਅਤੇ ਵਰਤੋਂ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਡੇਰਾ ਬਿਆਸ ਵੱਲੋਂ ਇਕ ਹੋਰ ਪੱਤਰ ਜਾਰੀ
ਕੈਮਿਸਟਾਂ ਵੱਲੋਂ ਵੀ ਪ੍ਰਸ਼ਾਸਨ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਗਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਦਵਾਈ ਦੀ ਵਰਤੋਂ ਨਾਲ ਇਨਸਾਨ ਨੂੰ ਨਸ਼ਾ ਮਹਿਸੂਸ ਹੋਣ ਲੱਗ ਪੈਂਦਾ ਹੈ ਅਤੇ ਇਸ ਦਾ ਅਸਰ ਕਰੀਬ 7 ਤੋਂ 8 ਘੰਟਿਆਂ ਤੱਕ ਰਹਿੰਦਾ ਹੈ। ਬਾਜ਼ਾਰ ’ਚ ਇਸ ਦੀ ਮਾਤਰਾ 300 ਮਿਲੀਗ੍ਰਾਮ ਤੱਕ ਮੌਜੂਦ ਹੈ। ਡਾਕਟਰਾਂ ਵੱਲੋਂ ਇਸ ਦਵਾਈ ਦੀ ਵਰਤੋਂ ਹੱਡੀਆਂ ਰੋਗਾਂ ਅਤੇ ਨਾੜਾਂ ਲਈ ਵਰਤੀ ਜਾਂਦੀ ਹੈ।
ਇਸ ਦਵਾਈ ਦਾ ਕੈਪਸੂਲ ਬਾਜ਼ਾਰ ’ਚ 20 ਰੁਪਏ ਤੱਕ ਵਿਕਦਾ ਹੈ, ਜਿਸ ਨੂੰ ਆਸਾਨੀ ਨਾਲ ਨੌਜਵਾਨ ਲੈ ਕੇ ਨਸ਼ੇ ਦੇ ਆਦੀ ਹੁੰਦੇ ਜਾ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਦਵਾਈ ਦੀ ਦੁਰਵਰਤੋਂ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਅਤੇ ਸਕੂਲਾਂ ਕਾਲਜਾਂ ’ਚ ਪੜ੍ਹਨ ਵਾਲੇ ਨੌਜਵਾਨ ਵੀ ਇਸ ਦੇ ਆਦੀ ਬਣਦੇ ਜਾ ਰਹੇ ਸਨ। ਤਰਨਤਾਰਨ ਦੇ ਐੱਸ. ਐੱਸ. ਪੀ. ਗੌਰਵ ਧੂਰਾ ਵੱਲੋਂ ਇਸ ਦਵਾਈ ਦੀ ਹੋ ਰਹੀ ਦੁਰਵਰਤੋਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੂੰ ਪੱਤਰ ਲਿਖਦੇ ਹੋਏ ਇਸ ਉੱਪਰ ਐਕਸ਼ਨ ਲੈਣ ਲਈ ਬੇਨਤੀ ਕੀਤੀ ਸੀ, ਜਿਸ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਪ੍ਰੇਗਾਬਾਲਿਨ ਸਾਲਟ ਦੀ ਵਰਤੋਂ, ਸਟਾਕ ਅਤੇ ਵੇਚਣ ਉੱਪਰ ਪਬੰਦੀ ਲਾ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਮਿਸਟ ਆਰਗੇਨਾਈਜ਼ੇਸ਼ਨ ਦੇ ਚੇਅਰਮੈਨ ਸੁਖਬੀਰ ਸਿੰਘ ਸੱਗੂ, ਜ਼ਿਲ੍ਹਾ ਪ੍ਰਧਾਨ ਮੁਕੇਸ਼ ਗੁਪਤਾ, ਸ਼ਹਿਰੀ ਪ੍ਰਧਾਨ ਗਗਨਦੀਪ ਸਿੰਘ ਚਾਵਲਾ, ਜਨਰਲ ਸਕੱਤਰ ਪਵਨ ਕੁਮਾਰ, ਜਤਿੰਦਰ ਕੁਮਾਰ ਵਧਵਾ, ਸੀਨੀਅਰ ਮੀਤ ਪ੍ਰਧਾਨ ਪਵਨ ਕੁਮਾਰ ਮੁਰਾਦਪੁਰਾ, ਹਰਿੰਦਰ ਸਿੰਘ ਰਾਣਾ, ਮੰਗਲਦੀਪ ਕਹਿਲੋ, ਰਜੀਵ ਬਜਾਜ ਸ਼ਿਵ ਫਾਰਮਾ ਵਾਲੇ, ਸੋਨੂ ਤੇਜਪਾਲ, ਨਵਦੀਪ ਸਿੰਘ ਅਰੋੜਾ, ਰਣਜੀਤ ਸਿੰਘ ਭੋਲਾ, ਅੰਗਰੇਜ਼ ਸਿੰਘ ਤੁੜ ਆਇਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਾਲਟ ਉੱਪਰ ਲਾਈ ਗਈ ਪਾਬੰਦੀ ਦਾ ਉਹ ਸਾਰੇ ਸਵਾਗਤ ਕਰਦੇ ਹਨ, ਉਨ੍ਹਾਂ ਦੱਸਿਆ ਕਿ ਇਸ ਦਵਾਈ ਦੀ ਕੁਝ ਵਿਅਕਤੀਆਂ ਵੱਲੋਂ ਧੜੱਲੇ ਨਾਲ ਸੇਲ ਕੀਤੀ ਜਾ ਰਹੀ ਸੀ, ਜਿਸ ਨਾਲ ਸਮੂਹ ਕੈਮਿਸਟ ਬਦਨਾਮ ਹੋ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - ਛੁੱਟੀਆਂ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ ਪੰਜਾਬ ਦੇ ਇਹ ਅਦਾਰੇ, ਜਾਰੀ ਹੋ ਗਏ ਨਵੇਂ ਹੁਕਮ
ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਫਰੀਦਾਬਾਦ ਦੀ ਦਵਾਈ ਉੱਪਰ 2 ਮਹੀਨਿਆਂ ਲਈ ਪਾਬੰਦੀ ਲਾਈ ਗਈ ਹੈ, ਜਿਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ। ਇਸ ਦੌਰਾਨ ਜ਼ਿਲ੍ਹੇ ਦੇ ਐੱਸ. ਐੱਸ. ਪੀ. ਗੌਰਵ ਤੂਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹੇ ’ਚ ਇਸ ਪ੍ਰੇਗਾਬਾਲਿਨ ਸਾਲਟ ਦੀ ਹੋ ਰਹੀ ਦੁਰਵਰਤੋਂ ਨੂੰ ਤੁਰੰਤ ਰੋਕਦੇ ਹੋਏ ਨਸ਼ਾ ਮੁਕਤ ਕਰਨ ਲਈ ਪਹਿਲ ਕਦਮੀ ਕੀਤੀ ਗਈ ਹੈ।
ਇਸੇ ਤਰ੍ਹਾਂ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜੀਸਟ੍ਰੇਟ ਘਣਸ਼ਿਆਮ ਥੋਰੀ, ਗੁਰਦਾਸਪੁਰ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸੁਰਿੰਦਰ ਸਿੰਘ ਤੇ ਮੋਗਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਿਸ਼ੇਸ਼ ਸਾਰੰਗਲ ਵੱਲੋਂ ਵੀ ਆਪੋ-ਆਪਣੇ ਅਧਿਕਾਰ ਖੇਤਰ ਵਿਚ ਪ੍ਰੇਗਾਬਾਲਿਨ ਸਾਲਟ ਦੀ ਵਰਤੋਂ, ਸਟਾਕ ਅਤੇ ਵੇਚਣ ਉੱਪਰ ਪਬੰਦੀ ਲਾ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8