ਵੱਡੀ ਖਬਰ : ਬਾਜਵਾ ਨੇ ਸ਼ਰੇਆਮ ਕੀਤੀ ਕੈਪਟਨ ਨੂੰ ਹਟਾਉਣ ਦੀ ਮੰਗ (ਵੀਡੀਓ)
Monday, Jan 13, 2020 - 06:45 PM (IST)
ਜਲੰਧਰ : ਗੁਰਦਾਸਪੁਰ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸ਼ਰੇਆਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੰਗ ਕੀਤੀ ਹੈ। 'ਜਗਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਜਦੋਂ ਉਨ੍ਹਾਂ ਕੋਲੋਂ ਸਵਾਲ ਕੀਤਾ ਗਿਆ ਕਿ ਕੈਪਟਨ ਕਹਿ ਰਹੇ ਹਨ ਕਿ ਜਦੋਂ ਤੱਕ ਉਹ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦਿੰਦੇ ਓਨੀ ਦੇਰ ਤੱਕ ਸਿਆਸਤ ਨਹੀਂ ਛੱਡਣਗੇ। ਇਸ ਸਵਾਲ ਦਾ ਜਵਾਬ ਦਿੰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਸ ਲਈ ਕੈਪਟਨ ਨੂੰ 1 ਹਜ਼ਾਰ ਸਾਲ ਤੱਕ ਜਿਊਣਾ ਪਏਗਾ, ਜੇ ਕੈਪਟਨ ਨੇ ਆਪਣਾ ਸੁਪਨਾ ਸਾਕਾਰ ਕਰਨਾ ਹੈ। ਉਨ੍ਹਾਂ ਕਿਹਾ ਕਿ 2 ਸਾਲਾਂ ਵਿਚ ਕੁੱਝ ਨਹੀਂ ਹੁੰਦਾ।
ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਜਿੰਨੇ ਵੀ ਵਾਅਦੇ ਕੀਤੇ ਸਨ ਉਨ੍ਹਾਂ ’ਚੋਂ ਅਜੇ ਤੱਕ ਕੋਈ ਵਾਅਦਾ ਪੂਰਾ ਨਹੀਂ ਕੀਤਾ ਅਤੇ ਮੈਂ ਕੈਪਟਨ ਨਾਲ ਉਸ ਸਮੇਂ ਤੱਕ ਨਹੀਂ ਚੱਲਾਂਗਾ ਜਦੋਂ ਤੱਕ ਉਹ ਆਪਣੇ ਵਾਅਦੇ ਪੂਰੇ ਨਹੀਂ ਕਰ ਲੈਂਦੇ। ਜਿਹੜਾ ਗੁਰੂ ਘਰ ਨਾਲ ਕੀਤਾ ਵਾਅਦਾ ਪੂਰਾ ਨਹੀਂ ਕਰ ਸਕਦਾ ਉਸ ਨਾਲ ਪ੍ਰਤਾਪ ਸਿਘ ਬਾਜਵਾ ਨਹੀਂ ਚੱਲੇਗਾ। ਚਾਹੇ ਇਸ ਲਈ ਉਨ੍ਹਾਂ ਨੂੰ ਕੋਈ ਸਿਆਸੀ ਕੀਮਤ ਹੀ ਕਿਉਂ ਨਾ ਚਕਾਉਣੀ ਪਏ। ਉਨ੍ਹਾਂ ਕਿਹਾ ਜੇ ਕੈਪਟਨ ਆਪਣੀ ਸਹੁੰ ਪੂਰੀ ਕਰਨਗੇ ਤਾਂ ਉਹ ਨਾਲ ਚੱਲਣ ਬਾਰੇ ਜ਼ਰੂਰ ਸੋਚਣਗੇ। ਪੰਜਾਬ ਵਿਚ ਕਾਂਗਰਸ ਤੇ ਅਕਾਲੀ ਦਲ ਦੇ ਭਵਿੱਖ ਨੂੰ ਲੈ ਕੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਸਮੇਂ ਦੋਵਾਂ ਪਾਰਟੀਆਂ ਦੀ ਲੀਡਰਸ਼ਿਪ ਤੋਂ ਮਾਯੂਸ ਹਨ। ਜੇਕਰ ਇਨ੍ਹਾਂ ਦੋਵਾਂ ਪਾਰਟੀਆਂ ਵਿਚ ਨਵੇਂ ਚਿਹਰਿਆਂ ਨੂੰ ਅੱਗੇ ਲਿਆਂਦਾ ਜਾਵੇਗਾ ਤਾਂ ਹੀ ਇਨ੍ਹਾਂ ਦੋਵਾਂ ਪਾਰਟੀਆਂ ਦੀ ਹੋਂਦ ਕਾਇਮ ਰਹਿ ਸਕਦੀ ਹੈ। ਬਾਜਵਾ ਨੇ ਕਿਹਾ ਕਿ ਕੈਪਟਨ ਕੋਲ ਸਿਰਫ 2 ਸਾਲ ਹੀ ਬਚੇ ਹਨ ਅਤੇ ਜੇਕਰ ਕਾਂਗਰਸ ਨੂੰ ਪੰਜਾਬ ਵਿਚ ਬਚਾਉਣਾ ਹੈ ਤਾਂ ਕੈਪਟਨ ਨੂੰ ਆਪਣੀ ਕੁਰਸੀ ਛੱਡਣੀ ਚਾਹੀਦੀ ਹੈ।