‘ਆਪ’ ਵਿਧਾਇਕ ਦੇ ਭਰਾ ਵੱਲੋਂ ਮਹਿਲਾ ਡਾਕਟਰ ਨੂੰ ਧਮਕਾਉਣ ਦੇ ਮਾਮਲੇ ’ਚ ਬੋਲੇ ਪ੍ਰਤਾਪ ਬਾਜਵਾ, ਕਹੀ ਵੱਡੀ ਗੱਲ
Thursday, Sep 22, 2022 - 09:56 PM (IST)
ਚੰਡੀਗੜ੍ਹ : ਬੀਤੇ ਦਿਨੀਂ ਜਲੰਧਰ ਵਿਖੇ ਹੋਏ ‘ਆਪ’ ਵਿਧਾਇਕ ਤੇ ਡੀ. ਸੀ. ਪੀ. ਰੈਂਕ ਦੇ ਅਧਿਕਾਰੀ ਦੇ ਵਿਵਾਦ ਤੋਂ ਬਾਅਦ ਦੇਰ ਰਾਤ ਸਿਵਲ ਹਸਪਤਾਲ ਜਲੰਧਰ ਵਿਖੇ ਵਿਧਾਇਕ ਦੇ ਭਰਾ ’ਤੇ ਮਹਿਲਾ ਡਾਕਟਰ ਨੂੰ ਧਮਕਾਉਣ ਦੇ ਇਲਜ਼ਾਮ ਲੱਗੇ ਸਨ। ਇਸ ਮਾਮਲੇ ਸਬੰਧੀ ਹੁਣ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਟਵੀਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਬਾਜਵਾ ਨੇ ਕਿਹਾ ਕਿ ‘ਆਪ’ ਵਿਧਾਇਕ ਤੇ ਉਸ ਦੇ ਸਮਰਥਕਾਂ ਵੱਲੋਂ ਡੀ. ਸੀ. ਪੀ. ਪੱਧਰ ਦੇ ਅਧਿਕਾਰੀ ਦੀ ਕੁੱਟਮਾਰ ਤੋਂ ਬਾਅਦ ਇਕ ਹੋਰ ‘ਆਪ’ ਵਿਧਾਇਕ ਦੇ ਭਰਾ ਨੇ ਮਹਿਲਾ ਡਾਕਟਰ ਨਾਲ ਬਦਸਲੂਕੀ ਕੀਤੀ। ਵਿਧਾਇਕ ਦਾ ਭਰਾ ਮਹਿਲਾ ਡਾਕਟਰ ਨੂੰ ਐੱਮ. ਐੱਲ. ਆਰ. ਕੱਟਣ ਦੀ ਧਮਕੀ ਦੇਣ ਕਾਰਨ ਸੁਰਖੀਆਂ ’ਚ ਹੈ।
ਬਾਜਵਾ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ‘ਆਪ’ ਵਿਧਾਇਕਾਂ ਦੇ ਅਜਿਹੇ ਰਵੱਈਏ ’ਤੇ ਜਲਦ ਤੋਂ ਜਲਦ ਕਾਬੂ ਪਾਇਆ ਜਾਵੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਲੰਧਰ ਦੇ ‘ਆਪ’ ਵਿਧਾਇਕ ਤੇ ਡੀ. ਸੀ. ਪੀ. ਪੱਧਰ ਦੇ ਅਧਿਕਾਰੀ ਵਿਚਕਾਰ ਤਕਰਾਰ ਹੋ ਗਈ ਸੀ ਤੇ ਇਸ ਤਕਰਾਰ ਤੋਂ ਬਾਅਦ ਸਿਵਲ ਹਸਪਤਾਲ ਵਿਖੇ ਐੱਮ. ਐੱਲ. ਆਰ. ਕੱਟਣ ਨੂੰ ਲੈ ਕੇ ਵਿਧਾਇਕ ਦੇ ਭਰਾ ਤੇ ਮਹਿਲਾ ਡਾਕਟਰ ਵਿਚਕਾਰ ਵੀ ਬਹਿਸਬਾਜ਼ੀ ਹੋਈ, ਜਿਸ ਕਾਰਨ ਹਸਪਤਾਲ ਦੇ ਸਟਾਫ ਵੱਲੋਂ ਪੁਲਸ ਸ਼ਿਕਾਇਤ ਵੀ ਕੀਤੀ ਗਈ। ਇਸ ਸਾਰੇ ਘਟਨਾਚੱਕਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋਈ ਸੀ।
ਇਹ ਵੀ ਪੜ੍ਹੋ : ਲੋਕ ਨਿਰਮਾਣ ਵਿਭਾਗ 'ਚ 30 ਅਧਿਕਾਰੀਆਂ ਨੂੰ ਨੋਟੀਫਿਕੇਸ਼ਨ ਮਾਮਲੇ ਮਗਰੋਂ ਹੋਰ ਮਸਲੇ ਆਉਣ ਲੱਗੇ ਬਾਹਰ