ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਘੇਰੀ ਪੰਜਾਬ ਸਰਕਾਰ, ਕਿਹਾ-ਸੂਬੇ ਦੇ ਲੋਕਾਂ ਦੀ ਸੁਰੱਖਿਆ ਰੱਬ ਆਸਰੇ
Friday, Sep 23, 2022 - 07:59 PM (IST)
ਚੰਡੀਗੜ੍ਹ : ਜਲੰਧਰ 'ਆਪ' ਵਿਧਾਇਕ ਤੇ ਡੀ. ਸੀ. ਪੀ. ਰੈਂਕ ਦੇ ਅਧਿਕਾਰੀ ਵਿਚਕਾਰ ਹੋਈ ਤਕਰਾਰ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਵਿਰੋਧੀ ਧਿਰ ਨੇ ਨੇਤਾ ਪ੍ਰਤਾਪ ਸਿੰਘ ਬਾਜਵਾ ਲਗਾਤਾਰ ਪੰਜਾਬ ਸਰਕਾਰ ’ਤੇ ਨਿਸ਼ਾਨੇ ਲਗਾ ਰਹੇ ਹਨ। ਪ੍ਰਤਾਪ ਸਿੰਘ ਬਾਜਵਾ ਨੇ ਅੱਜ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਤੇ ਲੀਡਰਸ਼ਿਪ ਕਿਸ ਚੀਜ਼ ਦੀ ਉਡੀਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੁੰਡਾਗਰਦੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਬਾਜਵਾ ਨੇ ਕਿਹਾ ਕਿ ਕਾਨੂੰਨੀ ਰਾਹ ਅਪਣਾਉਣ ਦੀ ਬਜਾਏ ਵਿਧਾਇਕ ਖ਼ੁਦ ਹੀ ਕਾਨੂੰਨ ਬਣ ਬੈਠਾ ਹੈ। ਉਨ੍ਹਾਂ ਕਿਹਾ ਕਿ ਜੇਕਰ ਡੀ. ਸੀ. ਪੀ. ਹੀ ਸੁਰੱਖਿਅਤ ਨਹੀਂ ਹੈ ਤਾਂ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਰੱਬ ਹੀ ਆਸਰਾ ਹੈ।
ਇਹ ਵੀ ਪੜ੍ਹੋ : ਸੰਗਰੂਰ ’ਚ ਲੱਗਣ ਵਾਲੇ 'ਖੇਤਰੀ ਸਰਸ ਮੇਲੇ' ਦਾ ਲੋਗੋ ਜਾਰੀ, ਵੱਖ-ਵੱਖ ਸ਼ਿਲਪਕਾਰ ਕਰਨਗੇ ਆਪਣੀ ਕਲਾ ਦਾ ਪ੍ਰਦਰਸ਼ਨ
ਪ੍ਰਤਾਪ ਬਾਜਵਾ ਨੇ ਅੱਗੇ ਬੋਲਦਿਆਂ ਕਿਹਾ ਕਿ ਝਗੜੇ ਦੌਰਾਨ ਸਬੰਧਿਤ ਪੁਲਸ ਅਧਿਕਾਰੀ ਦਾ ਤਬਾਦਲਾ ਪੀ. ਏ. ਪੀ. ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਦੇ ਸਮਰਥਕ ਸਿਰਫ਼ ਡੀ. ਸੀ. ਪੀ. ਦੀ ਕੁੱਟਮਾਰ ਕਰ ਕੇ ਹੀ ਸ਼ਾਂਤ ਨਹੀਂ ਹੋਏ ਸਗੋਂ ਇਕ ਹੋਰ 'ਆਪ' ਵਿਧਾਇਕ ਦੇ ਭਰਾ ਨੇ ਆਪਣੇ ਮੁਤਾਬਕ ਡਾਕਟਰੀ ਰਿਪੋਰਟ ਬਣਾਉਣ ਲਈ ਮਹਿਲਾ ਡਾਕਟਰ ’ਤੇ ਦਬਾਅ ਬਣਾਇਆ ਤੇ ਸਿਵਲ ਹਸਪਤਾਲ 'ਚ ਭੰਨ-ਤੋੜ ਵੀ ਕੀਤੀ। ਪ੍ਰਤਾਪ ਬਾਜਵਾ ਨੇ ਪੰਜਾਬ ਸਰਕਾਰ 'ਤੇ ਤੰਜ਼ ਕੱਸਦਿਆਂ ਕਿਹਾ ਕਿ ਪੰਜਾਬ ’ਚ ਬਦਲਾਅ ਪੂਰੇ ਜ਼ੋਰਾਂ ’ਤੇ ਹੈ। ਉਨ੍ਹਾਂ ਕਿਹਾ ਕਿ ਪਹਿਲਾਂ 'ਆਪ' ਵਿਧਾਇਕ ਨੇ ਡੀ. ਸੀ. ਪੀ. ਰੈਂਕ ਦੇ ਅਧਿਕਾਰੀ ਨਾਲ ਬਦਸਲੂਕੀ ਕੀਤੀ ਤੇ ਫਿਰ ਵਿਧਾਇਕ ਦੇ ਸਮਕਥਕਾਂ ਨੇ ਡੀ. ਸੀ. ਪੀ. ਨਾਲ ਕੁੱਟਮਾਰ ਕੀਤੀ।
ਬਾਜਵਾ ਨੇ ਕਿਹਾ ਕਿ ਪੁਲਸ ਨੇ ਵਿਧਾਇਕ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਪੂਰੇ ਜਲੰਧਰ ਦੀ ਪੁਲਸ ਨੇ ਵਿਧਾਇਕ ਲਈ ਓਵਰਟਾਈਮ ਕੰਮ ਕੀਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਲੰਧਰ 'ਚ 'ਆਪ' ਵਿਧਾਇਕ ਤੇ ਡੀ. ਸੀ. ਪੀ. ਰੈਂਕ ਦੇ ਅਧਿਕਾਰੀ ਦੀ ਕਿਸੇ ਪ੍ਰਾਪਰਟੀ ਦੇ ਝਗੜੇ ਨੂੰ ਲੈ ਕੇ ਆਪਸੀ ਤਕਰਾਰ ਹੋ ਗਈ ਸੀ ਤੇ ਤਕਰਾਰ ਦੌਰਾਨ ਵਿਧਾਇਕ ਦੇ ਸਮਰਥਕਾਂ ਵੱਲੋਂ ਡੀ. ਸੀ. ਪੀ. ਨਾਲ ਹਥੋਪਾਈ ਦੀਆਂ ਵੀ ਖ਼ਬਰਾਂ ਆ ਰਹੀਆਂ ਸਨ, ਜਿਸ ਮਗਰੋਂ ਵਿਧਾਇਕ ਤੇ ਡੀ. ਸੀ. ਪੀ. ਵਿਚਕਾਰ ਸਮਝੌਤਾ ਵੀ ਹੋ ਗਿਆ ਸੀ ਪਰ ਦੱਸ ਦੇਈਏ ਕਿ ਸਮਝੌਤੇ ਦੇ ਬਾਵਜੂਦ ਡੀ. ਸੀ. ਪੀ. ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, AK-56 ਰਾਈਫਲ ਤੇ ਗੋਲੀ-ਸਿੱਕੇ ਸਣੇ ਅੱਤਵਾਦੀ ਮਾਡਿਊਲ ਦੇ ਦੋ ਵਿਅਕਤੀ ਕਾਬੂ