ਪੰਜਾਬ ਦੇ ਹਜ਼ਾਰਾਂ ਬਿਜਲੀ ਮੁਲਾਜ਼ਮਾਂ ਨੂੰ ਵੱਡੀ ਰਾਹਤ, ਪਾਵਰਕਾਮ ਨੇ ਲਿਆ ਅਹਿਮ ਫ਼ੈਸਲਾ
Friday, Dec 03, 2021 - 01:04 PM (IST)
ਪਟਿਆਲਾ (ਮਨਦੀਪ ਜੋਸਨ) : ਬਿਜਲੀ ਮੁਲਾਜ਼ਮਾਂ ਦੇ ਸੰਘਰਸ਼ ਅੱਗੇ ਝੁਕਦਿਆਂ ਪਾਵਰਕਾਮ ਮੈਨੇਜਮੈਂਟ ਨੇ ਮੁਲਾਜ਼ਮਾਂ ਦੀਆਂ ਕਈ ਅਹਿਮ ਮੰਗਾਂ ਨੂੰ ਪ੍ਰਵਾਨ ਕਰ ਲਿਆ ਹੈ, ਜਿਸ ਨਾਲ ਮੁਲਾਜ਼ਮਾਂ ਨੇ ਆਪਣੇ ਸੰਘਰਸ਼ ਨੂੰ ਮੁਅੱਤਲ ਕਰ ਕੇ ਮੈਨੇਜਮੈਂਟ ਨੂੰ ਪੈਡਿੰਗ ਮੰਗਾਂ ਮੰਨਣ ਲਈ ਆਖਿਆ ਹੈ। ਇਸ ਫ਼ੈਸਲੇ ਨਾਲ ਪੰਜਾਬ ਦੇ ਹਜ਼ਾਰਾਂ ਬਿਜਲੀ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲੇਗੀ। ਨੇਤਾਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਮਿਤੀ 1-12-2021 ਤੋਂ ਮਿਲੇ ਤਨਖ਼ਾਹ ਸਕੇਲਾਂ ਅਨੁਸਾਰ ਬਿਜਲੀ ਮੁਲਾਜ਼ਮਾਂ ਨੂੰ ਗਰੁੱਪ ਨੰਬਰ 4 ਤੋਂ 9 ਅਤੇ 17 ਨੂੰ ਕ੍ਰਮਵਾਰ 6400-39100 ਤੋਂ 11900-34800 ਅਤੇ 10900-34800 ਤੋਂ 16650-39100 ਦਾ ਪੇ-ਬੈਂਡ ਵਿਚ ਵਾਧਾ ਕਰ ਦਿੱਤਾ, ਜਿਸ ਨਾਲ ਹਜ਼ਾਰਾਂ ਬਿਜਲੀ ਮੁਲਾਜ਼ਮਾਂ ਨੂੰ ਵਿੱਤੀ ਲਾਭ ਹੋਵੇਗਾ।
ਇਸ ਸਬੰਧੀ ਪਾਵਰ ਮੈਨੈਜਮੈਂਟ ਵੱਲੋਂ ਵਿੱਤੀ ਸਰਕੂਲਰ 24-2021 ਮਿਤੀ 1-12-2021 ਜਾਰੀ ਕਰਨ ਤੇ ਜੁਆਇੰਟ ਫੋਰਮ ਵੱਲੋਂ ਸੰਘਰਸ਼ ਪ੍ਰੋਗਰਾਮ ਮੁਅੱਤਲ ਕਰ ਦਿੱਤਾ ਗਿਆ। ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਨੇ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਮਿਤੀ 27-11-2021 ਦੀ ਮੀਟਿੰਗ ਦੇ ਫ਼ੈਸਲੇ ਲਾਗੂ ਕੀਤੇ ਜਾਣ।
ਬਿਜਲੀ ਕਾਮਿਆਂ ਦਾ ਛੁੱਟੀ ਦਾ ਸਮਾਂ ਰੈਗੂਲਰਾਈਜ਼ ਕੀਤਾ ਜਾਵੇ, ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੀ ਨਵੰਬਰ ਮਹੀਨੇ ਦੀ ਤਨਖ਼ਾਹ ਤੁਰੰਤ ਜਾਰੀ ਕੀਤੀ ਜਾਵੇ, ਮੰਗ-ਪੱਤਰ ਅਨੁਸਾਰ ਬਕਾਇਆ ਮੰਗਾਂ ਦਾ ਫੌਰੀ ਮੀਟਿੰਗ ਦੇ ਕੇ ਹੱਲ ਕੀਤਾ ਜਾਵੇ। ਸਾਥੀ ਕਰਮ ਚੰਦ ਭਾਰਦਵਾਜ ਸਕੱਤਰ, ਜੁਆਇੰਟ ਫੋਰਮ ਨੇ ਦੱਸਿਆ ਕਿ ਵੇਜ ਫਾਰਮੂਲੇਸ਼ਨ ਕਮੇਟੀ ’ਚ ਜੱਥੇਬੰਦੀਆਂ ਦੇ ਪ੍ਰਤੀਨਿਧ ਸ਼ਾਮਿਲ ਕਰ ਕੇ ਬਿਜਲੀ ਕਾਮਿਆਂ ਦੇ ਤਨਖ਼ਾਹ ਸਕੇਲ ਸੋਧੇ ਜਾਣ।
ਇਹ ਵੀ ਪੜ੍ਹੋ : ... ਤੇ CM ਚੰਨੀ ਨੇ ਇਸ਼ਾਰਿਆਂ-ਇਸ਼ਾਰਿਆਂ 'ਚ ਨਵਜੋਤ ਸਿੱਧੂ ਬਾਰੇ ਆਖ ਦਿੱਤੀ ਇਹ ਗੱਲ
ਜੇਕਰ ਮੈਨੇਜਮੈਂਟ ਨੇ ਮਿਤੀ 5-12-2021 ਤੱਕ ਉਪਰੋਕਤ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਜੁਆਇੰਟ ਫੋਰਮ ਨੂੰ ਮਿਤੀ 6-12-2021 ਤੋਂ ਮੁੜ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਪਾਵਰ ਮੈਨੇਜਮੈਂਟ ਦੀ ਹੋਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ