ਪੰਜਾਬ ਦੇ ਕਈ ਡੇਰਿਆਂ ’ਤੇ ਬਿਜਲੀ ਵਿਭਾਗ ਦਾ ਛਾਪਾ, 88 ਲੱਖ ਤੋਂ ਵੱਧ ਦਾ ਕੀਤਾ ਜੁਰਮਾਨਾ

Monday, May 16, 2022 - 06:34 PM (IST)

ਪਟਿਆਲਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਪੰਜਾਬ ਵਿਚ ਬਿਜਲੀ ਚੋਰੀ ਵਿਰੁੱਧ ਜ਼ੋਰਦਾਰ ਮੁਹਿੰਮ ਉਲੀਕੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਕ ਬੁਲਾਰੇ ਨੇ ਦੱਸਿਆ ਕਿ 13 ਅਤੇ 14 ਮਈ ਨੂੰ ਇਨਫੋਰਸਮੈਂਟ ਵਿੰਗ ਦੇ ਕਈ ਦਸਤਿਆਂ ਵੱਲੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਬਿਜਲੀ ਖਪਤਕਾਰਾਂ ਦੇ ਕੁਨੈਕਸ਼ਨ ਚੈੱਕ ਕੀਤੇ। ਇਨ੍ਹਾਂ ਵਿਚ ਇਨਫੋਰਸਮੈਂਟ ਵਿੰਗ ਵੱਲੋ ਵੱਧ ਲੋਸ਼ਜ਼ ਵਾਲੇ ਫੀਡਰਾਂ ਨਾਲ ਸਬੰਧਤ 3035 ਨੰਬਰ ਬਿਜਲੀ ਕੁਨੈਕਸ਼ਨ ਚੈੱਕ ਕੀਤੇ ਗਏ। ਜਿਨ੍ਹਾਂ ਵਿਚੋਂ 120 ਖਪਤਕਾਰ ਚੋਰੀ ਕਰਦੇ ਅਤੇ 464 ਨੰਬਰ ਖਪਤਕਾਰ ਕਈ ਪ੍ਰਕਾਰ ਦੀਆਂ ਊਣਤਾਈਆਂ ਅਤੇ ਬੇਨਿਯਮੀਆਂ ਕਰਦੇ ਫੜੇ ਗਏ। ਇਨ੍ਹਾਂ ਕੇਸਾਂ ਵਿਚ ਖਪਤਕਾਰਾਂ ਨੂੰ ਬਿਜਲੀ ਐਕਟ 2003 ਅਧੀਨ ਕੁਲ 88.18 ਲੱਖ ਰੁਪਏ ਜੁਰਮਾਨਾ ਕੀਤਾ ਗਿਆ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲਗਾਏ ਗਏ ਜਨਤਾ ਦਰਬਾਰ ’ਤੇ ਕੀ ਬੋਲੇ ਨਵਜੋਤ ਸਿੰਘ ਸਿੱਧੂ

ਬੁਲਾਰੇ ਨੇ ਦੱਸਿਆ ਕਿ ਚੈਕਿੰਗ ਦੌਰਾਨ ਓਦੋਕੇ ਸਬ-ਡਵੀਜ਼ਨ (ਅੰਮ੍ਰਿਤਸਰ) ਅਧੀਨ ਇਕ ਨੰਬਰ ਡੇਰਾ (ਸਰਹਾਲਾ ਨੇੜੇ ਜੈਨਤੀਪੁਰ) ਚੈੱਕ ਕਰਨ ਪਾਇਆ ਗਿਆ ਕਿ ਡੇਰੇ ਦਾ ਸਾਰਾ 29.278 ਕਿੱਲੋਵਾਟ ਲੋਡ ਡੇਰੇ ਦੇ ਬਾਹਰ ਲੱਗੇ 25 ਕੇ.ਵੀ.ਏ. ਟਰਾਂਸਫਾਰਮਰ ਤੋਂ ਇਕ ਕੇਬਲ ਪਾ ਕੇ ਮੀਟਰ ਨੂੰ ਬਾਈਪਾਸ ਕਰਕੇ ਸਿੱਧੀ ਕੁੰਡੀ ਰਾਹੀਂ  ਚਲਾਇਆ ਜਾ ਰਿਹਾ ਸੀ। ਇਸ ਖਪਤਕਾਰ ਨੂੰ ਬਿਜਲੀ ਚੋਰੀ ਦੇ ਜੁਰਮਾਨੇ ਵਜੋਂ 4.34 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਬੁਲਾਰੇ ਨੇ ਦੱਸਿਆ ਕਿ ਡੇਰਾ ਬਾਬਾ ਲਾਲ ਸਿੰਘ ਭਾਈ ਰੂਪਾ (ਰਾਮਪੁਰਾ ਫੂਲ) ਨੂੰ ਚੈਕ ਕਰਕੇ ਪਾਇਆ ਗਿਆ ਕਿ ਡੇਰੇ ਵੱਲੋਂ ਸੜਕ ’ਤੇ ਲੱਗੇ ਟ/ਫ ਤੋਂ ਕੇਬਲ ਰਾਹੀਂ ਸਿੱਧੀ ਕੁੰਡੀ ਪਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਜਿਸ ਦਾ ਲੋਡ ਇਕ ਟੰਨ ਦੇ ਏ.ਸੀ. ਸਮੇਤ 3 ਕਿੱਲੋਵਾਟ ਬਣਦਾ ਹੈ। ਮੌਕੇ ’ਤੇ ਵੀਡੀਓਗ੍ਰਾਫੀ ਕੀਤੀ ਗਈ। ਕੇਬਲ ਉਤਾਰ ਲਈ ਗਈ ਹੈ ਅਤੇ ਮੌਕੇ ਤੇ ਐੱਫ.ਆਈ.ਆਰ. 633 ਮਿਤੀ 13-05-2022 ਰਾਹੀਂ ਦਰਜ ਹੋ ਗਈ ਹੈ।

ਇਹ ਵੀ ਪੜ੍ਹੋ : ਜਾਖੜ ਦੇ ਬਿਆਨ ਤੋਂ ਬਾਅਦ ਗੁੱਸੇ ਨਾਲ ‘ਲਾਲ’ ਹੋਏ ਰਾਜਾ ਵੜਿੰਗ, ਦਿੱਤੀ ਤਿੱਖੀ ਪ੍ਰਤੀਕਿਰਿਆ

ਉਨ੍ਹਾਂ ਦੱਸਿਆ ਕਿ ਜਮਾਲਪੁਰ , ਲੁਧਿਆਣਾ ਇਲਾਕੇ ਵਿਚ ਇਕ ਧਾਰਮਿਕ ਸਥਾਨ ਨੂੰ ਚੈੱਕ ਕਰਨ ’ਤੇ ਪਾਇਆ ਗਿਆ ਕਿ ਖਪਤਕਾਰ 40 ਕਿੱਲੋਵਾਟ ਦਾ ਲੋਡ ਜਿਸ ਵਿਚ 10 ਏ.ਸੀ. ਲੱਗੇ ਸਨ ਨੂੰ 25 ਮੈੱਮ.ਮੈੱਮ. ਦੀ ਕੇਬਲ ਨਾਲ ਸਿੱਧੀ ਕੁੰਡੀ ਪਾ ਕੇ ਬਿਜਲੀ ਚੋਰੀ ਕਰਦਾ ਪਾਇਆ ਗਿਆ। ਕੇਬਲ ਨੂੰ ਕਬਜ਼ੇ ’ਚ ਲਿਆ ਗਿਆ ਅਤੇ ਬਿਜਲੀ ਐਕਟ 2003 ਦੇ ਅਧੀਨ 9.43 ਲੱਖ ਜੁਰਮਾਨਾ ਅਤੇ 70,000/-ਰੁਪਏ ਦੀ ਕੰਪਾਊਂਡਿੰਗ ਫੀਸ ਵੀ ਪਾਈ ਗਈ। ਇਸ ਤੋਂ ਇਲਾਵਾ ਗਿੱਲ ਰੋਡ ਥਾਣੇ ਵਿਖੇ ਚੱਲ ਰਹੇ 20 ਕਿੱਲੋਵਾਟ ਦੇ ਲੋਡ ਨੂੰ ਬਾਹਰੋਂ ਜਾਂਦੀ ਤਾਰ ਨੂੰ ਟੈਪ ਕਰਕੇ ਕੀਤੀ ਜਾ ਰਹੀ ਬਿਜਲੀ ਚੋਰੀ ’ਤੇ ਬਿਜਲੀ ਐਕਟ 2003 ਦੇ ਅਧੀਨ 8 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਬੁਲਾਰੇ ਨੇ ਦੱਸਿਆ ਕਿ ਪੀ.ਏ.ਪੀ. ਕੰਪਲੈਕਸ ਜਲੰਧਰ ਦੀ ਕਲੋਨੀ ਵਿਚ 124 ਘਰਾਂ ਦੇ ਕੁਨੈਕਸ਼ਨ ਚੈੱਕ ਕੀਤੇ ਗਏ ਜਿਸ ਵਿਚੋਂ 23 ਘਰ ਬਿਜਲੀ ਚੋਰੀ ਕਰਦੇ ਪਾਏ ਗਏ ਅਤੇ ਬਿਜਲੀ ਐਕਟ 2003 ਦੇ ਅਧੀਨ 6.23 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ।

ਇਹ ਵੀ ਪੜ੍ਹੋ : ਪੁਲਸ ਨੇ ਨਾਕੇ ’ਤੇ ਗ੍ਰਿਫ਼ਤਾਰ ਕੀਤੇ ਪਤੀ-ਪਤਨੀ, ਜਾਣੋ ਕੀ ਹੈ ਪੂਰਾ ਮਾਮਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News