ਅਰਾਈਆਂ ਵਾਲਾ-ਮੋਹਕਮ ਅਰਾਈਆਂ ਰੋਡ ਦੀ ਹਾਲਤ ਬੇਹੱਦ ਖਸਤਾ, ਕਈ ਸਾਲਾਂ ਤੋਂ ਨਹੀਂ ਹੋਈ ਮੁਰੰਮਤ

Sunday, Nov 29, 2026 - 05:17 PM (IST)

ਅਰਾਈਆਂ ਵਾਲਾ-ਮੋਹਕਮ ਅਰਾਈਆਂ ਰੋਡ ਦੀ ਹਾਲਤ ਬੇਹੱਦ ਖਸਤਾ, ਕਈ ਸਾਲਾਂ ਤੋਂ ਨਹੀਂ ਹੋਈ ਮੁਰੰਮਤ

ਫ਼ਾਜ਼ਿਲਕਾ (ਕ੍ਰਿਸ਼ਨ) : ਜਲਾਲਾਬਾਦ ਸ਼ਹਿਰ ਤੋਂ ਸ਼ੁਰੂ ਹੋ ਕੇ ਘਮਿਆਰਾਂ ਵਾਲੀ ਬਸਤੀ ਤੋਂ ਹੋ ਕੇ ਜਾਣ ਵਾਲੇ ਅਰਾਈਆਂ ਵਾਲਾ-ਮੋਹਕਮ ਅਰਾਈਆਂ ਮੁੱਖ ਰੋਡ ਦੀ ਹਾਲਤ ਪਿਛਲੇ ਕਰੀਬ 8-10 ਸਾਲਾਂ ਤੋਂ ਬਦ ਤੋਂ ਬਦਤਰ ਬਣੀ ਹੋਈ ਹੈ। ਸਰਹੱਦੀ ਇਲਾਕੇ ਦੇ ਦਰਜਨਾਂ ਪਿੰਡਾਂ ਅਤੇ ਕਈ ਸ਼ੈਲਰਾਂ ਨੂੰ ਜੋੜਨ ਵਾਲੀ ਇਸ ਅਹਿਮ ਸੜਕ 'ਤੇ ਥਾਂ-ਥਾਂ ਡੂੰਘੇ ਟੋਏ ਪੈ ਚੁੱਕੇ ਹਨ ਅਤੇ ਸੀਵਰੇਜ ਦਾ ਗੰਦਾ ਪਾਣੀ ਸੜਕ 'ਤੇ ਖੜ੍ਹਾ ਰਹਿੰਦਾ ਹੈ। ਪ੍ਰਸ਼ਾਸਨ ਅਤੇ ਵਿਧਾਇਕ ਦੀ ਕਥਿਤ ਅਣਦੇਖੀ ਤੋਂ ਤੰਗ ਆਏ ਇਲਾਕਾ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਸੜਕ ਦੀ ਮੁਰੰਮਤ ਨਾ ਕਰਵਾਈ ਗਈ, ਤਾਂ ਆਉਣ ਵਾਲੀਆਂ ਚੋਣਾਂ ਵਿੱਚ ਉਹ ਵੋਟਾਂ ਦਾ ਬਾਈਕਾਟ ਕਰਨਗੇ ਜਾਂ 'ਨੋਟਾ' ਦਾ ਬਟਨ ਦਬਾਉਣਗੇ। ਸਥਾਨਕ ਵਸਨੀਕ ਸੇਮ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ 10 ਸਾਲਾਂ ਤੋਂ ਇਸ ਸੜਕ ਦੀ ਕੋਈ ਸਾਰ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਇੱਥੇ ਹਰ ਵੇਲੇ ਧੂੜ-ਮਿੱਟੀ ਉੱਡਦੀ ਰਹਿੰਦੀ ਹੈ ਅਤੇ ਸੜਕ ਦੀ ਖ਼ਸਤਾ ਹਾਲਤ ਕਾਰਨ ਸਕੂਲੀ ਬੱਚੇ, ਕਾਰਾਂ ਅਤੇ ਮੋਟਰਸਾਈਕਲ ਸਵਾਰ ਅਕਸਰ ਡਿੱਗ ਕੇ ਜ਼ਖ਼ਮੀ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸੇ ਸੜਕ 'ਤੇ ਪ੍ਰਸਿੱਧ ਧਾਰਮਿਕ ਸਥਾਨ 'ਡੇਰਾ ਬਾਬਾ ਭੂਮਣ ਸ਼ਾਹ ਜੀ' ਸਥਿਤ ਹੈ, ਜਿੱਥੇ ਸਵੇਰੇ-ਸ਼ਾਮ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਹਨ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਵਿਧਾਇਕ ਅਤੇ ਅਧਿਕਾਰੀ ਖ਼ੁਦ ਇਸੇ ਰਸਤੇ ਤੋਂ ਲੰਘਦੇ ਹਨ, ਪਰ ਫਿਰ ਵੀ ਕੋਈ ਸੁਣਵਾਈ ਨਹੀਂ ਹੋ ਰਹੀ।
ਇੱਕ ਹੋਰ ਸਥਾਨਕ ਵਾਸੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਸੜਕ 'ਤੇ ਕਈ ਰਾਈਸ ਮਿੱਲਾਂ ਅਤੇ ਇੰਡਸਟਰੀ ਏਰੀਆ ਹੋਣ ਕਾਰਨ ਭਾਰੀ ਆਵਾਜਾਈ ਰਹਿੰਦੀ ਹੈ। ਸੜਕ ਦੇ ਨਾਲ-ਨਾਲ ਸੀਵਰੇਜ ਵੀ ਟੁੱਟਿਆ ਹੋਇਆ ਹੈ ਅਤੇ ਉਸ ਦਾ ਢੱਕਣ ਖੁੱਲ੍ਹਾ ਪਿਆ ਹੈ, ਜਿਸ ਕਾਰਨ ਰਾਤ ਸਮੇਂ ਕਿਸੇ ਵੀ ਵੇਲੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਸੜਕ ਇੰਨੀ ਖ਼ਰਾਬ ਹੈ ਕਿ ਜੇਕਰ ਦੋ ਵਾਹਨ ਆਹਮੋ-ਸਾਹਮਣੇ ਆ ਜਾਣ ਤਾਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਲੰਬਾ ਜਾਮ ਲੱਗ ਜਾਂਦਾ ਹੈ। ਪਿੰਡ ਮੋਹਕਮ ਅਰਾਈਆਂ ਦੇ ਵਸਨੀਕ ਸਾਹਿਬ ਸਿੰਘ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ਬੀਤੀ ਰਾਤ ਖ਼ੁਦ ਇਸ ਟੁੱਟੀ ਸੜਕ 'ਤੇ ਡਿੱਗ ਪਏ ਸਨ। ਉਨ੍ਹਾਂ ਕਿਹਾ ਕਿ ਟਰੈਕਟਰ-ਟਰਾਲੀਆਂ ਦੇ ਪੁਰਜ਼ੇ ਟੁੱਟ ਰਹੇ ਹਨ ਅਤੇ ਸੜਕ ਦਾ ਪੂਰੀ ਤਰ੍ਹਾਂ ਸੱਤਿਆਨਾਸ ਹੋ ਚੁੱਕਾ ਹੈ। ਉਨ੍ਹਾਂ ਵਿਧਾਇਕ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਸੜਕ ਦਾ ਕੰਮ ਕਰਵਾਇਆ ਜਾਵੇਗਾ ਤਾਂ ਹੀ ਵੋਟ ਪਾਈ ਜਾਵੇਗੀ, ਨਹੀਂ ਤਾਂ ਲੋਕ 'ਨੋਟਾ' ਦਬਾਉਣ ਲਈ ਮਜਬੂਰ ਹੋਣਗੇ।
ਇਸੇ ਤਰ੍ਹਾਂ ਘਮਿਆਰਾਂ ਵਾਲੀ ਬਸਤੀ ਦੇ ਵਸਨੀਕ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਇਹ ਸੜਕ ਅੱਗੇ ਪੱਤੇ ਵਾਲਾ, ਅਰਾਈਆਂ ਵਾਲਾ, ਮੋਹਕਮ ਅਰਾਈਆਂ, ਪੀਰੇ ਕੇ, ਮਿੱਡਾ, ਚਿਸ਼ਤੀਆਂ ਅਤੇ ਮੋਹਣੇ ਝੁੱਗੇ ਸਮੇਤ ਸਿੱਧੀ ਬਾਰਡਰ ਤੱਕ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਤੋਰੀਏ ਨਾਲ ਭਰਿਆ ਇੱਕ ਕੈਂਟਰ ਇੱਥੇ ਪਲਟਣ ਲੱਗਾ ਸੀ ਅਤੇ ਉਹ ਵਾਲ-ਵਾਲ ਬਚੇ ਸਨ। ਉਨ੍ਹਾਂ ਕਿਹਾ ਕਿ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਸੜਕ 'ਤੇ ਭਰਿਆ ਰਹਿੰਦਾ ਹੈ, ਜਿਸ ਕਾਰਨ ਪੈਦਲ ਅਤੇ ਸਾਈਕਲ ਸਵਾਰਾਂ ਦਾ ਲੰਘਣਾ ਵੀ ਦੁੱਭਰ ਹੋ ਗਿਆ ਹੈ। ਇਲਾਕਾ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਅਤੇ ਸੀਵਰੇਜ ਦੀ ਸਮੱਸਿਆ ਦਾ ਜਲਦ ਤੋਂ ਜਲਦ ਪੱਕਾ ਹੱਲ ਕੀਤਾ ਜਾਵੇ।


author

Babita

Content Editor

Related News