ਨਰਮੇ ਦੀ ਖ਼ਰਾਬ ਫਸਲ ਨੇ ਝੰਬਿਆ ਖੇਤ ਮਜ਼ਦੂਰ, ਫਾਹਾ ਲੈ ਕੇ ਜੀਵਨ ਲੀਲਾ ਕੀਤੀ ਖ਼ਤਮ

09/28/2021 5:31:26 PM

ਤਲਵੰਡੀ ਸਾਬੋ (ਮਨੀਸ਼ ਗਰਗ)-ਮਾਲਵੇ ਅੰਦਰ ਗੁਲਾਬੀ ਸੁੰਡੀ ਕਰਕੇ ਖ਼ਰਾਬ ਹੋਈ ਨਰਮੇ ਦੀ ਫਸਲ ਤੋਂ ਦੁਖ਼ੀ ਹੋ ਕੇ ਮਾਨਸਾ ’ਚ ਨੌਜਵਾਨ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਹੁਣ ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜਗ੍ਹਾ ਰਾਮ ਤੀਰਥ ਵਿਖੇ ਖੇਤ ਮਜ਼ਦੂਰ ਨੇ ਕੰਮ ਨਾ ਮਿਲਦਾ ਦੇਖ ਤੇ ਘਰ ਦੀ ਆਰਥਿਕ ਤੰਗੀ ਕਰ ਕੇ ਪਿੰਡ ਦੇ ਬਾਹਰਵਾਰ ਦਰੱਖਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਮਜ਼ਦੂਰ ਦੇ ਸਿਰ ’ਤੇ ਲੱਖਾਂ ਰੁਪਏ ਦਾ ਕਰਜ਼ਾ ਸੀ, ਜਿਸ ਨੂੰ ਉਸ ਵੱਲੋਂ ਨਰਮੇ ਦੀ ਚੁਕਾਈ ਕਰ ਕੇ ਲਾਹੁਣ ਦੀ ਉਮੀਦ ਸੀ ਪਰ ਉਹ ਬੁਝਦੀ ਦਿਖਾਈ ਦਿੱਤੀ। ਜ਼ਿਕਰਯੋਗ ਹੈ ਕਿ ਮਾਲਵੇ ਖਿੱਤੇ ’ਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲ਼ੀ ਫਸਲ ’ਤੇ ਗੁਲਾਬੀ ਸੁੰਡੀ ਦੇ ਹੋਏ ਹਮਲੇ ਨੇ ਨਰਮੇ ਦੀ ਫ਼ਸਲ ਬਿਲਕੁਲ ਤਬਾਹ ਕਰ ਕੇ ਰੱਖ ਦਿੱਤੀ ਹੈ, ਜਿਸ ਕਰ ਕੇ ਕਿਸਾਨ ਚਿੰਤਾ ’ਚ ਨਜ਼ਰ ਆ ਰਹੇ ਹਨ ਭਾਵੇਂ ਪੰਜਾਬ ਸਰਕਾਰ ਨੇ ਗਿਰਦਾਵਰੀ ਕਰ ਕੇ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਹਨ।

PunjabKesari

ਮ੍ਰਿਤਕ ਖੇਤ ਮਜ਼ਦੂਰ ਆਪਣੇ ਪਿੱਛੇ ਇਕ ਪਤਨੀ, ਦੋ ਲੜਕੀਆਂ ਤੇ ਇਕ ਲੜਕਾ ਛੱਡ ਗਿਆ ਹੈ। ਮ੍ਰਿਤਕ ਦੀ ਪਤਨੀ ਬਲਵੰਤ ਕੌਰ ਅਨੁਸਾਰ ਉਹ ਆਰਥਿਕ ਤੰਗੀ ਅਤੇ ਕਰਜ਼ੇ ਕਰ ਕੇ ਪ੍ਰੇਸ਼ਾਨ ਰਹਿੰਦਾ ਸੀ। ਕਦੇ ਦਿਹਾੜੀ ਲੱਗ ਜਾਂਦੀ ਸੀ ਤੇ ਕਦੇ ਕੰਮ ਨਹੀਂ ਸੀ ਮਿਲਦਾ।

PunjabKesari

ਹੁਣ ਨਰਮੇ ਦੇ ਖ਼ਰਾਬੇ ਕਰ ਕੇ ਉਸ ਨੂੰ ਚਿੰਤਾ ਸੀ ਕਿ ਇਸ ਵਾਰ ਨਰਮੇ ਦੀ ਚੁਕਾਈ ਦਾ ਕੰਮ ਵੀ ਨਹੀਂ ਮਿਲਣਾ ਤੇ ਉਸ ਨਾਲ ਹੀ ਉਸ ਨੇ ਕਰਜ਼ਾ ਉਤਾਰਨਾ ਸੀ। ਪਿੰਡ ਵਾਸੀ ਵੀ ਮੰਨਦੇ ਹਨ ਕਿ ਗੁਲਾਬੀ ਸੁੰਡੀ ਕਰਕੇ ਖਰਾਬ ਹੋਏ ਨਰਮੇ ਦਾ ਅਸਰ ਕਿਸਾਨਾਂ ’ਤੇ ਹੀ ਨਹੀਂ ਸਗੋਂ ਮਜ਼ਦੂਰਾਂ ’ਤੇ ਵੀ ਪੈ ਰਿਹਾ ਹੈ।

PunjabKesari

ਛੇ ਮਹੀਨਿਆਂ ਬਾਅਦ ਮਜ਼ਦੂਰਾਂ ਨੂੰ ਵੀ ਚੰਗਾ ਕੰਮ ਮਿਲਣ ਦੀ ਆਸ ਹੁੰਦੀ ਹੈ ਤੇ ਉਸ ਨੂੰ ਵੀ ਸੀ, ਇਸ ਸੀਜ਼ਨ ’ਚ ਲੋਕਾਂ ਦਾ ਕਰਜ਼ਾ ਉਤਾਰ ਦਿੱਤਾ ਜਾਵੇਗਾ ਪਰ ਉਸ ਨੂੰ ਅੱਗੇ ਕੰਮ ਮਿਲਦਾ ਨਹੀਂ ਦਿਖਾਈ ਦਿੱਤਾ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮਜ਼ਦੂਰ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ। ਤਲਵੰਡੀ ਸਾਬੋ ਪੁਲਸ ਨੇ ਮ੍ਰਿਤਕ ਦੀ ਲਾਸ਼ ਦਾ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਜਾਂਚ ਅਧਿਕਾਰੀ ਦਾ ਕਹਿਣਾ ਸੀ ਕਿ ਮ੍ਰਿਤਕ ਦੇ ਸਿਰ ਕਰਜ਼ਾ ਸੀ ਤੇ ਕੰਮ ਮਿਲ ਨਹੀਂ ਰਿਹਾ ਸੀ ਤੇ ਉਪਰੋਂ ਨਰਮਾ ਖਰਾਬ ਹੋਣ ਕਰਕੇ ਅੱਗੇ ਵੀ ਕੰਮ ਮਿਲਦਾ ਦਿਖਾਈ ਨਹੀਂ ਦੇ ਰਿਹਾ ਸੀ, ਜਿਸ ਕਰਕੇ ਉਸ ਨੇ ਖ਼ੁਦਕੁਸ਼ੀ ਕਰ ਲਈ।


Manoj

Content Editor

Related News