ਰੇਡ ਕਰਨ ਗਏ ਚੌਂਕੀ ਰਾਮਗੜ੍ਹ ਦੇ ਇੰਚਾਰਜ ਸਮੇਤ ਪੁਲਸ ਪਾਰਟੀ ’ਤੇ ਹਮਲਾ
Saturday, Jul 01, 2023 - 12:02 PM (IST)
ਪਾਇਲ (ਵਿਨਾਇਕ) : ਲੁਧਿਆਣਾ ਕਮਿਸ਼ਨਰੇਟ ਅਧੀਨ ਪੈਂਦੇ ਥਾਣਾ ਜਮਾਲਪੁਰ ਦੇ ਰਾਮਗੜ੍ਹ ਚੌਕੀ ਦੇ ਇੰਚਾਰਜ ਸਮੇਤ ਰੇਡ ਕਰਨ ਗਏ ਪੁਲਸ ਮੁਲਾਜ਼ਮਾਂ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਪਾਇਲ ਸਬ-ਡਵੀਜ਼ਨ ਦੇ ਪਿੰਡ ਕੁਲਾਹੜ ਦਾ ਹੈ, ਜਿੱਥੇ ਮੁਲਜ਼ਮ ਨੂੰ ਫੜਨ ਗਏ ਚੌਂਕੀ ਇੰਚਾਰਜ ਸਮੇਤ ਪੁਲਸ ਟੀਮ 'ਤੇ ਕੁਝ ਪਿੰਡ ਵਾਸੀਆਂ ਨੇ ਹਮਲਾ ਕਰ ਦਿੱਤਾ। ਬਾਅਦ ਵਿਚ ਏ. ਐੱਸ.ਆਈ ਬਹਿਦਰਜੀਤ ਸਿੰਘ ਚੌਕੀ ਇੰਚਾਰਜ ਰਾਮਗੜ੍ਹ ਥਾਣਾ ਜਮਾਲਪੁਰ ਦੀ ਸ਼ਿਕਾਇਤ ’ਤੇ ਸਤਵੰਤ ਸਿੰਘ ਉਰਫ ਸੱਤਾ ਅਤੇ ਸਿਮਰਨਜੀਤ ਸਿੰਘ ਉਰਫ ਮਿੱਠੂ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕੁਲਾਹੜ ਅਤੇ ਕੁਲਵਿੰਦਰ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਪਿੰਡ ਕੁਲਹਾੜ ਥਾਣਾ ਮਲੌਦ ਜ਼ਿਲ੍ਹਾ ਲੁਧਿਆਣਾ ਤੋਂ ਇਲਾਵਾ 3 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ਼ ਸਰਕਾਰੀ ਡਿਊਟੀ ਵਿਚ ਵਿਗਨ ਪਾਉਣ ਦੇ ਦੋਸ਼ ਹੇਠ ਧਾਰਾ 186,353,427,34 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਸਾਰੇ ਮੁਲਜ਼ਮਾਂ ਨੂੰ ਫੜ੍ਹਣ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਏ. ਐੱਸ. ਆਈ ਬਹਿਦਰਜੀਤ ਸਿੰਘ ਚੌਕੀ ਇੰਚਾਰਜ ਰਾਮਗੜ੍ਹ ਨੇ ਪੁਲਸ ਨੂੰ ਦੱਸਿਆ ਕਿ ਉਹ ਇਨੋਵਾ ਕਾਰ ਵਿਚ ਕਾਂਸਟੇਬਲ ਕਮਲਦੀਪ ਸਿੰਘ ਤੇ ਹਰਜਿੰਦਰ ਸਿੰਘ, ਪੀ. ਐੱਚ. ਜੀ. ਕੁਲਵੀਰ ਚੰਦ ਅਤੇ ਪ੍ਰਾਈਵੇਟ ਡਰਾਈਵਰ ਖੁਸ਼ਦੇਵ ਸਿੰਘ ਵਾਸੀ ਲੁਧਿਆਣਾ ਨਾਲ ਮੁਕੱਦਮਾ ਨੰਬਰ 131 ਮਿਤੀ 11.06.2023 ਧਾਰਾ 380,457 ਆਈ.ਪੀ.ਸੀ ਥਾਣਾ ਜਮਾਲਪੁਰ ਦੀ ਤਫਤੀਸ਼ ਅਤੇ ਮੁਕੱਦਮੇ ਦੇ ਮੁਲਜ਼ਮ ਜਗਜੀਤ ਸਿੰਘ ਪੰਧੇਰ ਪੁੱਤਰ ਦਰਸ਼ਨ ਸਿੰਘ ਪੰਧੇਰ ਵਾਸੀ ਪਿੰਡ ਕਲਾਹੜ ਥਾਣਾ ਮਲੌਦ ਜ਼ਿਲ੍ਹਾ ਲੁਧਿਆਣਾ ਨੂੰ ਗ੍ਰਿਫਤਾਰ ਕਰਨ ਲਈ ਪਿੰਡ ਕਲਾਹੜ ਆਏ ਹੋਏ ਸੀ।
ਪੁਲਸ ਪਾਰਟੀ ਜਦੋਂ ਦੁਪਹਿਰ 3.15 ਵਜੇ ਕਰੀਬ ਪਿੰਡ ਕੁਲਹਾੜ ਵਿਚ ਮੁਲਜ਼ਮ ਜਗਜੀਤ ਸਿੰਘ ਪੰਧੇਰ ਦੇ ਘਰ ਪੁੱਜੀ ਤਾਂ ਮੁਲਜ਼ਮ ਜਗਜੀਤ ਸਿੰਘ ਪੰਧੇਰ ਘਰ ਵਿਚ ਮੌਜੂਦ ਸੀ। ਜਿਸ ਨੂੰ ਉਕਤ ਮੁਕਦਮੇ ਬਾਰੇ ਜਾਣੂ ਕਰਵਾਇਆ ਗਿਆ ਸੀ ਅਤੇ ਮਾਮਲੇ ਵਿਚ ਉਸ ਦੀ ਸ਼ਮੂਲੀਅਤ ਲਈ ਅਜੇ ਪੁੱਛਗਿੱਛ ਹੀ ਕੀਤੀ ਜਾ ਰਹੀ ਸੀ ਤਾਂ ਪਿੰਡ ਕੁਲਾਹੜ ਦੇ ਵਸਨੀਕ ਸਤਵੰਤ ਸਿੰਘ ਉਰਫ਼ ਸੱਤਾ ਅਤੇ ਸਿਮਰਨਜੀਤ ਸਿੰਘ ਉਰਫ਼ ਮਿੱਠੂ ਹੋਡਾ ਸਿਟੀ ਕਾਰ ਵਿਚ ਮੁਲਜ਼ਮ ਦੇ ਘਰ ਆਏ। ਜਿਨ੍ਹਾਂ ਨੇ ਆਉਂਦੇ ਸਾਰ ਹੀ ਪੁਲਸ ਟੀਮ ਵਾਲੀ ਗੱਡੀ ਦੇ ਡਰਾਈਵਰ ਖੁਸ਼ਦੇਵ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਖਿੱਚ ਕੇ ਕਾਰ ਵਿੱਚੋਂ ਬਾਹਰ ਕੱਢ ਲਿਆ ਅਤੇ ਉਸ ਦਾ ਮੋਬਾਈਲ ਖੋਹ ਕੇ ਤੋੜ ਦਿੱਤਾ ਅਤੇ ਕਾਰ ਦੀ ਚਾਬੀ ਕੱਢ ਲਈ।
ਇਸ ਤੋਂ ਬਾਅਦ ਜਦੋਂ ਉਹ ਰੋਲਾ ਸੁਣ ਕੇ ਬਾਹਰ ਆਏ ਤਾਂ ਮੁਲਜ਼ਮਾਂ ਨੇ ਉਨ੍ਹਾਂ ਨਾਲ ਵੀ ਹੱਥੋ-ਪਾਈ ਕੀਤੀ ਅਤੇ ਉਨ੍ਹਾਂ ਦੇ ਲੱਗੀਆਂ ਹੋਈਆਂ ਐਨਕਾਂ ਉਤਾਰ ਕੇ ਸੁੱਟ ਦਿੱਤੀਆਂ ਅਤੇ ਸਿਪਾਹੀ ਹਰਜਿੰਦਰ ਸਿੰਘ ਅਤੇ ਪੀ.ਐੱਚ.ਜੀ ਕੁਲਵੀਰ ਚੰਦ ਨਾਲ ਵੀ ਧੱਕਾ-ਮੁੱਕੀ ਕੀਤੀ ਅਤੇ ਪੀ. ਐੱਚ. ਜੀ ਕੁਲਵੀਰ ਚੰਦ ਦੇ ਪਹਿਨੀ ਹੋਈ ਵਰਦੀ ਨੂੰ ਖਿੱਚ ਕੇ ਪਾੜ ਦਿੱਤੀ ਅਤੇ ਉਸਦੀ ਨੇਮ ਪਲੇਟ ਵੀ ਖਿੱਚ ਕੇ ਤੋੜ ਦਿੱਤੀ। ਇਸ ਦੌਰਾਨ ਉਕਤ ਮੁਲਜ਼ਮਾਂ ਨੇ ਪੁਲਸ ਟੀਮ ’ਤੇ ਹਮਲਾ ਕਰਦੇ ਹੋਏ ਮੁਲਜ਼ਮ ਜਗਜੀਤ ਸਿੰਘ ਪੰਧੇਰ ਨੂੰ ਪੁਲਸ ਦੀ ਗ੍ਰਿਫਤ ‘ਚੋਂ ਛੁਡਵਾ ਕੇ ਭਜਾ ਦਿੱਤਾ ਅਤੇ ਬਾਕੀ ਹਮਲਾਵਰ ਵੀ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਰਹੇ।
ਕੀ ਕਹਿੰਦੇ ਹਨ ਪੁਲਸ ਅਧਿਕਾਰੀ
ਇਸ ਸਬੰਧ ਵਿਚ ਪੁਲਸ ਅਧਿਕਾਰੀ ਐੱਸ. ਆਈ ਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ ਸਰਕਾਰੀ ਡਿਊਟੀ ਵਿਚ ਵਿਗਨ ਪਾਉਣ ਤੇ ਹੋਰ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮ ਦੀ ਵੱਡੇ ਪੱਧਰ ‘ਤੇ ਭਾਲ ਕੀਤੀ ਜਾ ਰਹੀ ਹੈ।