ਹੋਪਰਜ਼ ਰੈਸਟੋਰੈਂਟ ’ਚ ਮੁੜ ਪੁਲਸ ਦਾ ਛਾਪਾ, ਪਹਿਲਾਂ ਮੈਨੇਜਰ ਤੇ ਹੁਣ ਮਾਲਕ ਨਾਮਜ਼ਦ, ਵਧੀਆਂ ਧਾਰਾਵਾਂ

Sunday, Jun 04, 2023 - 11:43 AM (IST)

ਹੋਪਰਜ਼ ਰੈਸਟੋਰੈਂਟ ’ਚ ਮੁੜ ਪੁਲਸ ਦਾ ਛਾਪਾ, ਪਹਿਲਾਂ ਮੈਨੇਜਰ ਤੇ ਹੁਣ ਮਾਲਕ ਨਾਮਜ਼ਦ, ਵਧੀਆਂ ਧਾਰਾਵਾਂ

ਅੰਮ੍ਰਿਤਸਰ (ਜਸ਼ਨ)- ਬੀਤੇ ਦਿਨੀਂ ਰਣਜੀਤ ਐਵੀਨਿਊ ’ਤੇ ਸਥਿਤ ਹੋਪਰਜ਼ ਰੈਸਟੋਰੈਂਟ ’ਤੇ ਪੁਲਸ ਵੱਲੋਂ ਛਾਪੇਮਾਰੀ ਕਰਨ ਦੇ ਚਰਚਿਤ ਮਾਮਲੇ ’ਚ ਉਸ ਸਮੇਂ ਨਵਾਂ ਮੋੜ ਆਇਆ, ਜਦੋਂ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਇਕ ਵਾਰ ਫਿਰ ਰੈਸਟੋਰੈਂਟ ’ਚ ਛਾਪਾ ਮਾਰ ਕੇ ਉਥੇ ਨਾਬਾਲਿਗਾਂ ਨੂੰ ਸ਼ਰਾਬ ਪੀਂਦੇ ਅਤੇ ਪਰੋਸਦੇ ਫੜਿਆ। ਇਸ ਸਬੰਧ ’ਚ ਹੋਪਰਜ਼ ਰੈਸਟੋਰੈਂਟ ਖ਼ਿਲਾਫ਼ ਦਰਜ ਕੀਤੇ ਪਹਿਲੇ ਕੇਸ ’ਚ ਹੋਰ ਧਾਰਾਵਾਂ ਜੋੜ ਦਿੱਤੀਆਂ ਗਈਆਂ ਹਨ ਅਤੇ ਦੂਜੇ ਪਾਸੇ ਉਕਤ ਰੈਸਟੋਰੈਂਟ ਦੇ ਮਾਲਕ ਨੂੰ ਵੀ ਇਸ ਕੇਸ ’ਚ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਕਬੀਰ ਜੀ ਮਨੁੱਖੀ ਨਜ਼ਰੀਏ ਅਤੇ ਸਮਾਨਤਾ ਦੇ ਪ੍ਰਤੀਕ ਸਨ

ਦੱਸਣਯੋਗ ਹੈ ਕਿ ਕਿ ਇਸ ਮਾਮਲੇ ’ਚ ਉਕਤ ਰੈਸਟੋਰੈਂਟ ਦੇ ਮੈਨੇਜਰ ਓਮ ਪ੍ਰਕਾਸ਼ ਵਾਸੀ ਹਿਮਾਚਲ ਪ੍ਰਦੇਸ਼ ਨੂੰ ਪੁਲਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ ਸਿਟੀ-2 ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਥਾਣਾ ਰਣਜੀਤ ਐਵੀਨਿਊ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਰੈਸਟੋਰੈਂਟ ’ਚ ਹੁਣ ਘੱਟ ਉਮਰ ਦੇ ਕਰਮਚਾਰੀ ਕੰਮ ਕਰਦੇ ਹਨ ਅਤੇ ਰੈਸਟੋਰੈਂਟ ’ਚ ਨਾਬਾਲਿਗ ਬੱਚਿਆਂ ਨੂੰ ਸ਼ਰਾਬ ਪਿਲਾਈ ਜਾ ਰਹੀ ਹੈ।

ਇਸ ’ਤੇ ਪੁਲਸ ਨੇ ਤੁਰੰਤ ਛਾਪੇਮਾਰੀ ਕਰਕੇ ਉਥੇ ਕੰਮ ਕਰਦੇ ਪੰਜ ਵਰਕਰਾਂ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ। ਇਸ ਤੋਂ ਇਲਾਵਾ ਤਿੰਨ ਕੁੜੀਆਂ ਉਥੇ ਸ਼ਰਾਬ ਪਰੋਸਦੀਆਂ ਪਾਈਆਂ ਗਈਆਂ। ਪੁਲਸ ਨੇ ਦੱਸਿਆ ਕਿ ਰੈਸਟੋਰੈਂਟ ’ਚ ਪੰਜ ਮੁੰਡੇ ਵੀ ਸ਼ਰਾਬ ਪੀਂਦੇ ਪਾਏ ਗਏ, ਜਿਨ੍ਹਾਂ 'ਚੋਂ ਤਿੰਨ ਮੁੰਡਿਆਂ ਦੀ ਉਮਰ 17 ਸਾਲ ਦੇ ਕਰੀਬ ਅਤੇ ਦੋ ਲੜਕਿਆਂ ਦੀ ਉਮਰ 19 ਸਾਲ ਦੇ ਕਰੀਬ ਸੀ। ਪੁਲਸ ਨੇ ਹੁਣ ਇਸ ਰੈਸਟੋਰੈਂਟ ਦੇ ਮੈਨੇਜਰ ਓਮ ਪ੍ਰਕਾਸ਼ ਅਤੇ ਇਸ ਰੈਸਟੋਰੈਂਟ ਦੇ ਮਾਲਕ ਦੇ ਖ਼ਿਲਾਫ਼ ਨਾਬਾਲਿਗ ਕਰਮਚਾਰੀਆਂ ਨੂੰ ਕੰਮ ’ਤੇ ਰੱਖਣ ਅਤੇ ਨਾਬਾਲਗਾਂ ਅਤੇ 24 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸ਼ਰਾਬ ਪਰੋਸਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਹੈ।

 ਦੂਸਰੀ ਪਾਸੇ ਬੀਤੀ 30 ਮਈ ਨੂੰ ਥਾਣਾ ਰਣਜੀਤ ਐਵੀਨਿਊ ਦੀ ਪੁਲਸ ਵੱਲੋਂ ਦਰਜ ਕੀਤੇ ਕੇਸ ’ਚ ਪੁਲਸ ਨੇ ਰੈਸਟੋਰੈਂਟ ਦੇ ਸੰਚਾਲਕਾਂ ਨੂੰ ਰੈਸਟੋਰੈਂਟ ਦੇ ਸੀ. ਸੀ. ਟੀ. ਵੀ ਕੈਮਰਿਆਂ ਦੀ ਫੁਟੇਜ ਅਤੇ ਡੀ. ਵੀ. ਆਰ ਦੀ ਜਾਂਚ ਕਰਨ ਲਈ ਕਿਹਾ ਸੀ ਪਰ ਸੰਚਾਲਕਾਂ ਨੇ ਇਸ ਅਪੀਲ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਅਤੇ ਬਾਅਦ ’ਚ ਉਥੋਂ ਡੀ. ਵੀ. ਆਰ ਨੂੰ ਉਖਾੜ ਦਿੱਤਾ। ਇਸ ਤਹਿਤ ਪਹਿਲੇ ਦਰਜ ਕੇਸ ’ਚ ਇਕ ਹੋਰ ਧਾਰਾ ਜੋੜ ਕੇ ਧਾਰਾ 201 ਵੀ ਜੋੜ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨੇੜੇ ਬੰਬ ਮਿਲਣ ਦੀ ਅਫ਼ਵਾਹ, ਪੁਲਸ ਨੇ ਨਿਹੰਗ ਸਣੇ 4 ਨਾਬਾਲਗਾਂ ਨੂੰ ਲਿਆ ਹਿਰਾਸਤ 'ਚ

ਕੀ ਸੀ ਪਹਿਲਾ ਮਾਮਲਾ

ਆਪ੍ਰੇਸ਼ਨ ਨਾਈਟ ਸਵੀਪ ਤਹਿਤ ਥਾਣਾ ਰਣਜੀਤ ਐਵੀਨਿਊ ਅਤੇ ਸਿਵਲ ਲਾਈਨ ਦੀ ਪੁਲਸ ਨੇ ਹੋਪਰਜ਼ ਰੈਸਟੋਰੈਂਟ ’ਤੇ ਛਾਪਾ ਮਾਰਿਆ ਤਾਂ ਉਥੇ ਮੌਜੂਦ ਸੰਚਾਲਕਾਂ ਤੋਂ ਸ਼ਰਾਬ ਪਰੋਸਣ ਦੇ ਲਾਇਸੈਂਸ ਦੀ ਮੰਗ ਕੀਤੀ ਤਾਂ ਪੁਲਸ ਨੂੰ ਲਾਇਸੈਂਸ ਵਿਖਾਇਆ ਗਿਆ, ਜਿਸ ਦੀ ਮਿਆਦ ਪੁੱਗ ਚੁੱਕੀ ਸੀ। ਇਸ ਸਬੰਧੀ ਛਾਪੇਮਾਰੀ ਕਰਦਿਆਂ ਪੁਲਸ ਨੇ ਉਥੋਂ 27 ਪੇਟੀਆਂ ਬੀਅਰ ਅਤੇ 266 ਬੋਤਲਾਂ ਵ੍ਹਿਸਕੀ ਦੀਆਂ ਬਰਾਮਦ ਕੀਤੀਆਂ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰਦੇ ਹੋਏ ਮੈਨੇਜਰ ਓਮ ਪ੍ਰਕਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ-  ਗਰਮੀਆਂ ਦੀਆਂ ਛੁੱਟੀਆਂ 'ਚ ਅੰਮ੍ਰਿਤਸਰ ਤੋਂ ਜੈਨਗਰ ਤੇ ਅਜ਼ਮੇਰ ਤੋਂ ਦਰਭੰਗਾ ਤੱਕ ਚੱਲਣਗੀਆਂ 2 ਸਪੈਸ਼ਲ ਰੇਲਗੱਡੀਆਂ

ਇਸ ਮਾਮਲੇ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਦੌਰਾਨ ਰੈਸਟੋਰੈਂਟ ਦੇ ਸੰਚਾਲਕਾਂ ਨੇ ਪੁਲਸ ਦੀ ਕਾਰਵਾਈ ’ਤੇ ਕਈ ਸਵਾਲ ਖੜ੍ਹੇ ਕੀਤੇ ਸਨ ਅਤੇ ਪੁਲਸ ’ਤੇ ਉਕਤ ਮਾਮਲੇ ਵਿਚ ਬਰਾਮਦ ਹੋਈ ਸ਼ਰਾਬ ਦੀ ਮਾਤਰਾ ਨੂੰ ਘੱਟ ਦੱਸਣ ਦੇ ਦੋਸ਼ ਵੀ ਲਾਏ ਸਨ। ਦੂਜੇ ਪਾਸੇ ਉਕਤ ਰੈਸਟੋਰੈਂਟ ਦੇ ਸਹਿ-ਮਾਲਕ ਡਾ. ਮਨਜੋਤ ਸਿੰਘ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪਾ ਕੇ ਦੋਸ਼ ਲਾਇਆ ਹੈ ਕਿ ਪੁਲਸ ਝੂਠੇ ਛਾਪੇਮਾਰੀ ਕਰ ਰਹੀ ਹੈ ਅਤੇ ਉਸ ਵਿਰੁੱਧ ਅੱਗੇ ਕੀ ਕਾਰਵਾਈ ਕੀਤੀ ਜਾ ਸਕਦੀ ਹੈ, ਇਸ ਬਾਰੇ ਉਸ ਨੂੰ ਕੁਝ ਨਹੀਂ ਪਤਾ। ਉਸ ਨੇ ਆਪਣੀ ਜਾਨ ਨੂੰ ਖ਼ਤਰਾ ਹੋਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਹੈ ਅਤੇ ਕਿਹਾ ਕਿ ਪੁਲਸ ਉਸ ਖ਼ਿਲਾਫ਼ ਹੋਰ ਕੇਸ ਦਰਜ ਕਰ ਰਹੀ ਹੈ।

ਇਹ ਵੀ ਪੜ੍ਹੋ- ਓਡੀਸ਼ਾ 'ਚ ਵਾਪਰੇ ਦਰਦਨਾਕ ਰੇਲ ਹਾਦਸੇ 'ਤੇ MP ਸੰਨੀ ਦਿਓਲ ਨੇ ਪ੍ਰਗਟਾਇਆ ਦੁੱਖ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News