ਫਤਿਹਗੜ੍ਹ ਸਾਹਿਬ ''ਚ ਇਕ ਕਿੱਲੋ ਅਫੀਮ ਤੇ ਡੋਡਿਆਂ ਸਣੇ 2 ਪੁਲਸ ਮੁਲਾਜ਼ਮ ਗ੍ਰਿਫ਼ਤਾਰ

Monday, Oct 19, 2020 - 04:45 PM (IST)

ਫਤਿਹਗੜ੍ਹ ਸਾਹਿਬ ''ਚ ਇਕ ਕਿੱਲੋ ਅਫੀਮ ਤੇ ਡੋਡਿਆਂ ਸਣੇ 2 ਪੁਲਸ ਮੁਲਾਜ਼ਮ ਗ੍ਰਿਫ਼ਤਾਰ

ਫਤਿਹਗੜ੍ਹ ਸਾਹਿਬ (ਜਗਦੇਵ) : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਸ ਵੱਲੋਂ 2 ਪੁਲਸ ਮੁਲਾਜ਼ਮਾਂ ਨੂੰ 1 ਕਿੱਲੋ ਅਫੀਮ ਤੇ 7 ਕਿੱਲੋ ਡੋਡੇ, ਭੁੱਕੀ ਅਤੇ ਚੂਰਾ-ਪੋਸਤ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁੱਖ ਥਾਣਾ ਅਫਸਰ ਖਮਾਣੋਂ ਇੰਸਪੈਕਟਰ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਮੇਨ ਜੀ. ਟੀ. ਰੋਡ ਖਮਾਣੋਂ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸਮਾਰਾਲਾ ਸਾਈਡ ਤੋਂ ਆ ਰਹੀ ਇੱਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ, ਜਿਸ 'ਚੋਂ ਇੱਕ ਕਿਲੋ ਅਫੀਮ ਅਤੇ 7 ਕਿਲੋ ਡੋਡੇ, ਭੁੱਕੀ ਅਤੇ ਚੂਰਾ-ਪੋਸਤ ਬਰਾਮਦ ਹੋਇਆ।

ਗੱਡੀ 'ਚ ਸਵਾਰ ਵਿਅਕਤੀ ਦੀ ਪਛਾਣ ਪੰਜਾਬ ਪੁਲਸ ਦੇ ਸਿਪਾਹੀ ਵਜੋਂ ਹੋਈ, ਜੋ ਕਿ ਲੁਧਿਆਣਾ ਵਿਖੇ ਡਿਊਟੀ 'ਤੇ ਤਾਇਨਾਤ ਸੀ। ਅਮਨੀਤ ਕੌਂਡਲ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਕਥਿਤ ਦੋਸ਼ੀ ਨਵਜੋਤ ਸਿੰਘ ਨੇ ਦੱਸਿਆ ਕਿ ਉਹ ਇਹ ਨਸ਼ੀਲੀਆਂ ਵਸਤੂਆਂ ਆਪਣੇ ਦੋਸਤ (ਰਿਸ਼ਤੇਦਾਰ) ਸੀਨੀਅਰ ਸਿਪਾਹੀ ਰਣਬੀਰ ਸਿੰਘ ਜੋ ਨਾਰੋਟਿਕ ਸੈਲ ਲੁਧਿਆਣਾ ਵਿਖੇ ਤਾਇਨਾਤ ਹੈ, ਉਸ ਪਾਸੋਂ ਲੈ ਕੇ ਅੱਗੇ ਵੇਚਦਾ ਹੈ। ਕਥਿਤ ਦੋਸ਼ੀ ਸੀਨੀਅਰ ਸਿਪਾਹੀ ਨਵਜੋਤ ਸਿੰਘ ਨੂੰ ਅਦਾਲਤ 'ਚ ਪੇਸ਼ ਕਰਕੇ ਉਸ ਦਾ 5 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨਵਜੋਤ ਸਿੰਘ ਕੋਲੋਂ ਨਸ਼ੇ ਵੇਚ ਕੇ ਡਰੱਗ ਮਨੀ ਤੋਂ ਬਣਾਏ ਗਏ ਵਾਹਨ ਕਾਰ, ਮਾਰੂਤੀ ਬਰਿੱਜ਼ਾ, ਇੱਕ ਸਕੂਟਰ ਐਕਟਿਵਾ ਅਤੇ ਇੱਕ ਸਿਲਵਰ ਰੰਗ ਦਾ ਬੁਲੇਟ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।

ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਮੁਕੱਦਮੇ 'ਚ ਨਾਮਜ਼ਦ ਦੂਸਰੇ ਕਥਿਤ ਦੋਸ਼ੀ ਸੀਨੀਅਰ ਸਿਪਾਹੀ ਰਣਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਹਰਚੰਦ ਸਿੰਘ ਉਰਫ ਚੰਦ ਪਾਸੀ ਲੋਪੋ ਥਾਣਾ ਸਮਰਜਾਲਾ ਜ਼ਿਲ੍ਹਾ ਲੁਧਿਆਣਾ ਨੂੰ ਮੁਕੱਦਮੇ 'ਚ ਨਾਮਜ਼ਦ ਕੀਤਾ ਗਿਆ ਹੈ, ਜਿਸ ਦੀ ਗ੍ਰਿਫ਼ਤਾਰੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਮੁਕੱਦਮੇ ਦੀ ਤਫਤੀਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਪੁੱਛਗਿਛ ਅਤੇ ਮੁਕੱਦਮੇ ਦੀ ਤਫਤੀਸ਼ ਤੋ ਪਤਾ ਲੱਗਿਆ ਹੈ ਕਿ ਦੋਵੇਂ ਕਥਿਤ ਦੋਸ਼ੀ 2015 ਤੋਂ ਭੁੱਕੀ/ਅਫੀਮ ਵੇਚਣ ਦਾ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਕੱਦਮੇ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਇਸ ਕੇਸ ਨਾਲ ਜੁੜੇ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
 


author

Babita

Content Editor

Related News