ਪੁਲਸ ਨੇ 793 ਨਸ਼ੀਲੀਆਂ ਗੋਲੀਆਂ ਸਮੇਤ ਦੋ ਨੌਜਵਾਨ ਕੀਤੇ ਕਾਬੂ
Wednesday, Aug 01, 2018 - 09:50 PM (IST)
ਭਿੱਖੀਵਿੰਡ, ਖਾਲੜਾ (ਭਾਟੀਆ)— ਥਾਣਾ ਕੱਚਾ ਪੱਕਾ ਦੀ ਪੁਲਸ ਨੇ ਦੋ ਨੌਜਵਾਨਾਂ ਨੂੰ 793 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਰਜਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਕੁਲਵੰਤ ਸਿੰਘ ਸਮੇਤ ਪੁਲਸ ਪਾਰਟੀ ਗਸਤ ਕਰਦੇ ਹੋਏ ਅੱਡਾ ਚਾਹਲ ਤੇ ਪਿੰਡ ਅਕਬਰਪੁਰ ਨੂੰ ਜਾਂਦੀ ਰੋਹੀ ਦੇ ਪੁੱਲ ਤੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੀਆਂ ਗੱਡੀਆਂ ਦੀ ਰੂਟੀਨ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਲਹਿੰਦੀ ਵਾਲੀ ਪੱਟੜੀ ਵੱਲੋ ਇੱਕ ਮੋਟਰਸਾਈਕਲ 'ਤੇ ਦੋ ਨੋਜਵਾਨ ਆਉਂਦੇ ਦਿਖਾਈ ਦਿੱਤੇ ਜੋ ਪੁਲਸ ਨੂੰ ਦੇਖ ਪਿੱਛੇ ਮੁੱੜਨ ਲੱਗੇ ਤਾਂ ਮੋਟਰਸਾਈਕਲ ਫਿਸਲਨ ਨਾਲ ਦੋਵੇਂ ਜਮੀਨ 'ਤੇ ਡਿੱਗ ਪਏ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਮੋਟਰਸਾਈਕਲ ਚਲਾਉਣ ਵਾਲੇ ਨੇ ਆਪਣਾ ਨਾਂ ਵਰਿੰਦਰ ਕੁਮਾਰ ਉੱਰਫ ਵਿੱਕੀ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ ਦਿਆਲਪੁਰਾ ਤੇ ਦੂਜੇ ਨੌਜਵਾਨ ਨੇ ਆਪਣਾ ਨਾਂ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਕੁਲਵੰਤ ਸਿੰਘ ਪਿੰਡ ਮਾਨਕਪੁਰਾ ਦੱਸਿਆ। ਪੁਲਸ ਵੱਲੋਂ ਜਦੋਂ ਉਕਤ ਨੌਜਵਾਨਾਂ ਦੇ ਮੋਟਰਸਾਈਕਲਾਂ ਦੀ ਕਾਗਜ ਰੱਖਣ ਵਾਲੀ ਡਿੱਗੀ ਖੋਲ੍ਹੀ ਗਈ ਤਾਂ ਉਸ ਵਿੱਚੋ ਇਕ ਲਿਫਾਫਾ ਮਿਲਿਆ, ਜਿਸ 'ਚੋਂ 793 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਦੋਵੇਂ ਨੌਜਵਾਨ ਉਨ੍ਹਾਂ ਗੋਲੀਆਂ ਦਾ ਬਿੱਲ ਜਾਂ ਪਰਮਿਟ ਨਹੀਂ ਦਿਖਾ ਸਕੇ, ਜਿਸ ਕਾਰਨ ਉਨ੍ਹਾਂ ਖਿਲਾਫ ਐਨ.ਡੀ.ਪੀ.ਐਸ ਐਕਟ ਜੁਰਮ 22-61-85 ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
