ਪੁਲਸ ਵੱਲੋਂ ਜ਼ੀਰੋ ਲਾਈਨ ਨੇੜਿਓਂ 3 ਮੁਲਜ਼ਮ ਗ੍ਰਿਫ਼ਤਾਰ, ਪਾਕਿ ਤੋਂ ਡਰੋਨ ਮੰਗਾਉਣ ਦੀ ਕੋਸ਼ਿਸ਼ ਨਾਕਾਮ

Thursday, Nov 19, 2026 - 02:02 PM (IST)

ਪੁਲਸ ਵੱਲੋਂ ਜ਼ੀਰੋ ਲਾਈਨ ਨੇੜਿਓਂ 3 ਮੁਲਜ਼ਮ ਗ੍ਰਿਫ਼ਤਾਰ, ਪਾਕਿ ਤੋਂ ਡਰੋਨ ਮੰਗਾਉਣ ਦੀ ਕੋਸ਼ਿਸ਼ ਨਾਕਾਮ

ਫਿਰੋਜ਼ਪੁਰ (ਆਨੰਦ) : ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਹੱਦੀ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਪੁਲਸ ਵੱਲੋਂ ਵਰਤੀ ਜਾ ਰਹੀ ਸਖ਼ਤ ਚੌਕਸੀ ਦੌਰਾਨ ਇਕ ਕਾਮਯਾਬੀ ਹਾਸਲ ਹੋਈ ਹੈ। ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਸ ਨੇ ਜ਼ੀਰੋ ਲਾਈਨ ਨੇੜਿਓਂ ਸ਼ੱਕੀ ਹਾਲਾਤ 'ਚ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਵੱਲੋਂ ਇਹ ਕਾਰਵਾਈ 18 ਨਵੰਬਰ 2026 ਨੂੰ ਪ੍ਰਾਪਤ ਹੋਏ ਇਕ ਅਧਿਕਾਰਤ ਪੱਤਰ ਦੇ ਆਧਾਰ ’ਤੇ ਅਮਲ 'ਚ ਲਿਆਂਦੀ ਗਈ ਹੈ। ਪੁਲਸ ਨੇ ਦੱਸਿਆ ਕਿ ਮਹੇਸ਼ ਕੁਮਾਰ ਵਰਮਾ ਵੱਲੋਂ ਭੇਜੇ ਗਏ ਪੱਤਰ ਰਾਹੀਂ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਇਹ ਸੂਚਨਾ ਪਹੁੰਚੀ ਕਿ ਤਿੰਨ ਵਿਅਕਤੀਆਂ ਨੂੰ ਜ਼ੀਰੋ ਲਾਈਨ ਨੇੜਿਓਂ ਸ਼ੱਕੀ ਹਾਲਾਤ 'ਚ ਕਾਬੂ ਕੀਤਾ ਗਿਆ ਹੈ।

ਸੂਚਨਾ ਅਨੁਸਾਰ ਉਕਤ ਮੁਲਜ਼ਮ ਸਰਹੱਦ ਪਾਰ ਪਾਕਿਸਤਾਨ ਤੋਂ ਡਰੋਨ ਮੰਗਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪੱਪਨ ਉਰਫ਼ ਪੱਪੂ ਪੁੱਤਰ ਭਜਨ ਸਿੰਘ ਵਾਸੀ ਪਿੰਡ ਭੱਖੜਾ, ਕਰਨ ਕੁਮਾਰ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਨਿਧਾਨਾ, ਥਾਣਾ ਗੁਰੂਹਰਸਹਾਏ ਅਤੇ ਸਾਜਨ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਨਿਧਾਨਾ, ਥਾਣਾ ਗੁਰੂਹਰਸਹਾਏ ਵਜੋਂ ਹੋਈ ਹੈ। ਪੁਲਸ ਵੱਲੋਂ ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ ’ਚੋਂ 2 ਮੋਟਰਸਾਈਕਲ ਅਤੇ 2 ਮੋਬਾਇਲ ਫ਼ੋਨ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਨੂੰ ਪੁਲਸ ਨੇ ਅਗਲੇਰੀ ਕਾਰਵਾਈ ਲਈ ਕਬਜ਼ੇ ਵਿਚ ਲੈ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਹ ਪਤਾ ਲਗਾਉਣ ਵਿਚ ਲੱਗੇ ਹਨ ਕਿ ਮੁਲਜ਼ਮਾਂ ਦੇ ਸਬੰਧ ਕਿਹੜੇ ਨੈੱਟਵਰਕਾਂ ਨਾਲ ਜੁੜੇ ਹੋਏ ਹਨ।


author

Babita

Content Editor

Related News