ਕੈਪਟਨ ਸਰਕਾਰ ਨੇ ਸਰਕਾਰੀ ਕੈਲੰਡਰ ਤੋਂ ਬਾਦਲਾਂ ਦੀਆਂ ਫੋਟੋਆਂ ਉਤਾਰ ਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਸੁਸ਼ੋਭਿਤ ਕੀਤਾ : ਧਰਮਸੌਤ

01/10/2018 7:42:13 AM

ਪਟਿਆਲਾ/ਰੱਖੜਾ  (ਰਾਣਾ ਰੱਖੜਾ) - ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਕੈ. ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬੇ ਦੀ ਕਾਂਗਰਸ ਸਰਕਾਰ ਨੇ ਸਰਕਾਰੀ ਕੈਲੰਡਰ ਤੋਂ ਬਾਦਲਾਂ ਦੀਆਂ ਫੋਟੋਆਂ ਉਤਾਰ ਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਸੁਸ਼ੋਭਿਤ ਕੀਤਾ ਹੈ। 10 ਸਾਲ ਪੰਜਾਬ ਦੀ ਸੱਤਾ 'ਤੇ ਕਾਬਜ਼ ਰਹੇ ਅਕਾਲੀ-ਭਾਜਪਾ ਗਠਜੋੜ ਨੇ ਸਰਕਾਰੀ ਕੈਲੰਡਰ 'ਤੇ ਸਿਰਫ ਬਾਦਲ ਪਰਿਵਾਰ ਦੀਆਂ ਫੋਟੋਆਂ ਹੀ ਛਾਪੀਆਂ।  ਸ. ਧਰਮਸੌਤ ਨੇ ਕਿਹਾ ਕਿ ਇਕ ਦਹਾਕੇ ਤੱਕ ਪੰਜਾਬ ਦੀ ਸੱਤਾ 'ਤੇ ਕਾਬਜ਼ ਰਹੇ ਅਕਾਲੀਆਂ ਨੇ ਹਮੇਸ਼ਾ ਹੀ ਸਰਕਾਰੀ ਕੈਲੰਡਰ 'ਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਬਿਕਰਮ ਮਜੀਠੀਆ ਅਤੇ ਆਦੇਸ਼ ਪ੍ਰਤਾਪ ਕੈਰੋਂ ਦੀਆਂ ਤਸਵੀਰਾਂ ਨੂੰ ਹੀ ਜਗ੍ਹਾ ਦਿੱਤੀ। ਦੂਜੇ ਪਾਸੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਸੱਤਾ ਸੰਭਾਲਣ ਤੋਂ ਬਾਅਦ ਆਪਣੀ ਅਤੇ ਆਪਣੇ ਕਿਸੇ ਮੰਤਰੀ ਦੀ ਫੋਟੋ ਲਾਉਣ ਦੀ ਬਜਾਏ ਸਮੁੱਚੀ ਮਨੁੱਖਤਾ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਲੇ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਚਿਤਰ ਨੂੰ ਸਰਕਾਰੀ ਕੈਲੰਡਰ 'ਤੇ ਸੁਸ਼ੋਭਿਤ ਕਰ ਕੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ। ਇਥੇ ਸਰਕਟ ਹਾਊਸ ਵਿਖੇ ਜ਼ਿਲੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਧਰਮਸੌਤ ਨੇ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਜੋ ਵੀ ਕਿਹਾ, ਉਹ ਕਰ ਕੇ ਦਿਖਾਇਆ। ਚੋਣਾਂ ਤੋਂ ਪਹਿਲਾਂ ਕੈਪਟਨ ਨੇ ਨਸ਼ੇ ਖਤਮ ਕਰਨ ਦੀ ਗੱਲ ਕੀਤੀ ਸੀ। ਐੈੱਸ. ਟੀ. ਐੈੱਫ. ਦਾ ਗਠਨ ਕਰ ਕੇ ਨਸ਼ਿਆਂ ਨੂੰ ਨੱਥ ਪਾਈ। ਇਸੇ ਤਰ੍ਹਾਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਗੱਲ ਕੀਤੀ ਸੀ। ਮਾਨਸਾ ਵਿਖੇ ਸੂਬਾ ਪੱਧਰੀ ਪ੍ਰੋਗਰਾਮ ਕਰ ਕੇ ਕਰਜ਼ੇ ਮੁਆਫ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਅਕਾਲੀ ਕਿਸਾਨਾਂ ਦੀ ਕਰਜ਼ ਮੁਆਫੀ 'ਤੇ ਕਾਵਾਂਰੌਲੀ ਪਾ ਰਹੇ ਹਨ, ਉਹ ਚਾਹੁੰਦੇ ਹਨ ਕਿ ਸਰਕਾਰ ਗਰੀਬ ਕਿਸਾਨਾਂ ਦੀ ਬਜਾਏ ਧਨਾਢਾਂ ਦੇ ਕਰਜ਼ੇ ਮੁਆਫ ਕਰੇ। ਕੈ. ਅਮਰਿੰਦਰ ਸਿੰਘ ਸਿਰਫ ਆਮ ਗਰੀਬ ਕਿਸਾਨ ਦੇ ਕਰਜ਼ੇ ਮੁਆਫ ਕਰਨਗੇ, ਨਾ ਕਿ ਬਾਦਲ, ਮਜੀਠੀਆ ਅਤੇ ਕੈਰੋਂ ਵਰਗੇ ਧਨਾਢਾਂ ਦੇ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਇਹ ਧਨਾਢ ਲੋਕ ਹੀ ਕਿਸਾਨਾਂ ਨੂੰ ਮਿਲਣ ਵਾਲੀਆਂ ਸਬਸਿਡੀਆਂ ਦਾ ਲਾਭ ਲੈਂਦੇ ਰਹੇ ਪਰ ਕੈ. ਅਮਰਿੰਦਰ ਸਿੰਘ ਦੀ ਸਰਕਾਰ ਨੇ ਛੋਟੇ ਅਤੇ ਗਰੀਬ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ। ਇਸ ਮੌਕੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਦੁਲੱਦੀ, ਕਾਂਗਰਸ ਦੇ ਸੂਬਾ ਜਨਰਲ ਸਕੱਤਰ ਮਹੰਤ ਹਰਵਿੰਦਰ ਸਿੰਘ ਖਨੌੜਾ, ਪਰਮਜੀਤ ਸਿੰਘ ਕੱਲਰਮਾਜਰੀ ਤੇ ਗੁਰਪ੍ਰੀਤ ਸਿੰਘ ਸੰਨੀ ਢੀਂਗੀ ਨਾਭਾ ਆਦਿ ਕਾਂਗਰਸੀ ਆਗੂ ਹਾਜ਼ਰ ਸਨ।


Related News