ਪੀ. ਜੀ. ਆਈ. ਦਾ ਰੋਬੋਟ 4 ਮਹੀਨੇ ਤੋਂ ਬੰਦ, ਕੈਂਸਰ ਦੇ ਮਰੀਜ਼ਾਂ ਦਾ ਵਧ ਰਿਹਾ ''ਦਰਦ''

11/12/2020 8:02:24 PM

ਚੰਡੀਗੜ੍ਹ (ਅਰਚਨਾ) : ਚਾਰ ਮਹੀਨੇ ਤੋਂ ਪੀ. ਜੀ. ਆਈ. ਦਾ ਰੋਬੋਟ ਸਰਜਰੀ ਨਹੀਂ ਕਰ ਰਿਹਾ। ਰੋਬੋਟਿਕ ਸਰਜਰੀ ਦੇ ਬਿਨਾਂ ਕੈਂਸਰ ਮਰੀਜ਼ਾਂ ਦਾ ਦਰਦ ਵਧਦਾ ਜਾ ਰਿਹਾ ਹੈ। ਪ੍ਰੋਸਟੇਟ, ਬਲੈਡਰ, ਕਿਡਨੀ, ਈ. ਐੱਨ. ਟੀ. ਕੈਂਸਰ ਮਰੀਜ਼ਾਂ ਨੂੰ ਰੋਬੋਟ ਜੀਵਨ ਦਾਨ ਦੇ ਸਕਦੇ ਹਨ ਪਰ ਕੋਵਿਡ ਨਿਯਮਾਂ 'ਚ ਫਸਿਆ ਪੀ. ਜੀ. ਆਈ. ਰੋਬੋਟਿਕ ਸਰਜਰੀ ਸ਼ੁਰੂ ਕਰਨ ਨੂੰ ਖ਼ਤਰਨਾਕ ਮੰਨ ਰਿਹਾ ਹੈ। ਹਾਲਾਂਕਿ ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ ਵੀ ਹੋਰ ਸਿਹਤ ਸੇਵਾਵਾਂ ਦੀ ਤਰ੍ਹਾਂ ਰੋਬੋਟਿਕ ਸਰਜਰੀ ਸ਼ੁਰੂ ਕੀਤੀ ਜਾ ਚੁੱਕੀ ਹੈ। ਪੀ. ਜੀ. ਆਈ. ਦੇ ਮਰੀਜ਼ ਹੁਣ ਮਜ਼ਬੂਰੀ 'ਚ ਰੋਬੋਟਿਕ ਸਰਜਰੀ ਲਈ ਨਿੱਜੀ ਹਸਪਤਾਲਾਂ ਦੀ ਭਾਰੀ-ਭਰਕਮ ਫ਼ੀਸ ਦੇਣ ਨੂੰ ਮਜਬੂਰ ਹੋ ਰਹੇ ਹਨ। ਪੀ. ਜੀ. ਆਈ. 'ਚ ਰੋਬੋਟਿਕ ਸਰਜਰੀ 50 ਹਜ਼ਾਰ ਰੁਪਏ ਤੋਂ ਲੈ ਕੇ ਇਕ ਲੱਖ ਰੁਪਏ ਵਿਚ ਹੋ ਜਾਂਦੀ ਹੈ ਜਦੋਂ ਕਿ ਨਿੱਜੀ ਹਸਪਤਾਲ ਇਸ ਦੇ ਕਰੀਬ ਦਸ ਲੱਖ ਰੁਪਏ ਲੈ ਰਹੇ ਹਨ। ਕੈਂਸਰ ਮਰੀਜ਼ ਜੋ ਲੱਖਾਂ ਰੁਪਏ ਖਰਚ ਨਹੀਂ ਸਕਦੇ ਉਹ ਪੀ. ਜੀ. ਆਈ. ਵਿਚ ਰੋਬੋਟਿਕ ਸਰਜਰੀ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ।

ਇਕ ਮਹੀਨੇ ਵਿਚ 30 ਤੋਂ 40 ਸਰਜਰੀ ਹੋ ਜਾਂਦੀਆਂ ਹਨ, ਹੁਣ ਤੱਕ 200 ਹੋ ਜਾਂਦੀਆਂ
ਡਾਕਟਰ ਵੀ ਖੁਦ ਮੰਨ ਰਹੇ ਹਨ ਕਿ ਕਿਡਨੀ, ਬਲੈਡਰ ਅਤੇ ਪ੍ਰੋਸਟੇਟ ਕੈਂਸਰ ਦਾ ਰੋਬੋਟ ਤੋਂ ਬਿਹਤਰ ਆਪ੍ਰੇਸ਼ਨ ਹੋ ਸਕਦਾ ਹੈ ਪਰ ਕੋਰੋਨਾ ਦੇ ੌਫ 'ਚ ਰੋਬੋਟ ਨੂੰ ਫਿਲਹਾਲ ਆਪ੍ਰੇਸ਼ਨ ਥੀਏਟਰ ਦੀ ਜੇਲ ਵਿਚ ਹੀ ਰੱਖਣਾ ਚਾਹੁੰਦੇ ਹਨ। ਨਿਯਮ ਕਹਿੰਦੇ ਹਨ ਕਿ ਸੰਸਥਾਨ ਵਿਚ ਇਕ ਮਹੀਨੇ ਵਿਚ 30 ਤੋਂ 40 ਰੋਬੋਟਿਕ ਸਰਜਰੀਆਂ ਹੋ ਜਾਂਦੀਆਂ ਹਨ ਅਤੇ ਜੇਕਰ ਜੁਲਾਈ ਮਹੀਨੇ ਤੋਂ ਸਰਜਰੀ ਚੱਲ ਰਹੀ ਹੁੰਦੀ ਤਾਂ ਹੁਣ ਤੱਕ ਰੋਬੋਟ 200 ਦੇ ਕਰੀਬ ਆਪ੍ਰੇਸ਼ਨ ਕਰ ਕੇ ਮਰੀਜ਼ਾਂ ਦਾ ਇਲਾਜ ਕਰ ਚੁੱਕਿਆ ਹੁੰਦਾ। ਰੋਬੋਟ ਪ੍ਰੋਸਟੇਟ ਕੈਂਸਰ, ਬਲੈਡਰ ਕੈਂਸਰ, ਕਿਡਨੀ ਕੈਂਸਰ, ਈ. ਐੱਨ. ਟੀ. ਕੈਂਸਰ ਤੋਂ ਇਲਾਵਾ ਔਰਤਾਂ ਦੀ ਯੂਰੀਨ ਲਾਈਨ ਸਰਜਰੀ ਅਤੇ ਗਾਈਨੀ ਦੇ ਚੁਣੌਤੀ ਭਰਪੂਰ ਆਪ੍ਰੇਸ਼ਨ ਕਰਦਾ ਹੇ। ਕਈ ਬੱਚਿਆਂ ਦੇ ਮਹੱਤਵਪੂਰਣ ਆਪ੍ਰੇਸ਼ਨ ਵੀ ਡਾਕਟਰ ਰੋਬੋਟ ਦੀ ਮਦਦ ਨਾਲ ਕਰ ਸਕਦੇ ਹਨ।

ਇਹ ਵੀ ਪੜ੍ਹੋ : ਗ਼ਰੀਬ ਪਰਿਵਾਰ ਲਈ ਫਰਿਸ਼ਤਾ ਬਣੇ ਡਾ. ਓਬਰਾਏ, ਕੁਝ ਇਸ ਤਰ੍ਹਾਂ ਕੀਤੀ ਮਦਦ 

ਵਧ ਰਿਹੈ ਪਾਪਾ ਦੇ ਕੈਂਸਰ ਦਾ ਦਰਦ
ਮੇਰੇ ਪਾਪਾ 63 ਸਾਲ ਦੇ ਹਨ। ਇਨ੍ਹੀਂ ਦਿਨੀਂ ਉਹ ਪ੍ਰੋਸਟੇਟ ਕੈਂਸਰ ਦਾ ਦਰਦ ਸਹਿਣ ਕਰ ਰਹੇ ਹਨ। ਜਿਵੇਂ-ਜਿਵੇਂ ਦਿਨ ਗੁਜ਼ਰ ਰਹੇ ਹਨ ਉਨ੍ਹਾਂ ਦਾ ਕੈਂਸਰ ਵੀ ਵਧ ਰਿਹਾ ਹੈ। ਇਹ ਗੱਲ ਪੀ. ਜੀ. ਆਈ. ਵਿਚ ਕੈਂਸਰ ਦਾ ਇਲਾਜ ਕਰਵਾਉਣ ਵਾਲੇ ਮਰੀਜ਼ ਦੀ ਬੇਟੀ ਨੀਲੀਮਾ (ਬਦਲਿਆ ਹੋਇਆ ਨਾਮ) ਨੇ ਕਹੀ। ਨੀਲੀਮਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਕਈ ਮਹੀਨਿਆਂ ਤੋਂ ਪੀ. ਜੀ. ਆਈ. ਵਿਚ ਇਲਾਜ ਕਰਵਾ ਰਹੇ ਹਨ। ਪ੍ਰੋਸਟੇਟ ਦੀ ਸਰਜਰੀ ਰੋਬੋਟ ਨਾਲ ਹੀ ਕੀਤੀ ਜਾ ਸਕਦੀ ਹੈ। ਓਪਨ ਸਰਜਰੀ ਵਿਚ ਉਨ੍ਹਾਂ ਨੂੰ ਮੁਸ਼ਕਿਲ ਆ ਸਕਦੀ ਹੈ ਪਰ ਪੀ. ਜੀ. ਆਈ. ਵਿਚ ਜੁਲਾਈ ਦੇ ਮਹੀਨੇ ਤੋਂ ਰੋਬੋਟਿਕ ਸਰਜਰੀ ਬੰਦ ਹੈ। ਮਰੀਜ਼ਾਂ ਨੂੰ ਇਕ ਪਾਸੇ ਤਾਂ ਡਾਕਟਰ ਸਰਜਰੀ ਤੁਰੰਤ ਕਰਵਾਉਣ ਲਈ ਕਹਿ ਰਹੇ ਹਨ, ਦੂਜੇ ਪਾਸੇ ਰੋਬੋਟਿਕ ਸਰਜਰੀ ਪੀ. ਜੀ. ਆਈ. ਵਿਚ ਹੀ ਨਹੀਂ ਕੀਤੀ ਜਾ ਰਹੀ। ਅਜਿਹੇ ਵਿਚ ਮਰੀਜ਼ ਨਿੱਜੀ ਹਸਪਤਾਲਾਂ ਤੋਂ ਰੋਬੋਟਿਕ ਸਰਜਰੀ ਕਰਵਾਉਣ ਦੀ ਕੋਸ਼ਿਸ਼ ਕਰਨਗੇ ਪਰ ਯੂਰੋਲਾਜੀ ਦੀ ਰੋਬੋਟਿਕ ਸਰਜਰੀ ਚੰਡੀਗੜ੍ਹ ਵਿਚ ਨਹੀਂ ਹੋ ਰਹੀ, ਦਿੱਲੀ ਦੇ ਹਸਪਤਾਲਾਂ ਵਿਚ ਹੀ ਕੀਤੀ ਜਾ ਰਹੀ ਹੈ ਅਤੇ ਉੱਥੇ ਵੀ ਪ੍ਰੋਸਟੇਟ ਕੈਂਸਰ ਦੀ ਸਰਜਰੀ ਦੇ 7 ਲੱਖ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਖਰਚ ਆਵੇਗਾ। ਨੀਲੀਮਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਤਰ੍ਹਾਂ ਕਿਡਨੀ ਕੈਂਸਰ, ਬਲੈਡਰ ਕੈਂਸਰ ਦੇ ਮਰੀਜ਼ ਵੀ ਰੋਬੋਟਿਕ ਸਰਜਰੀ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ, ਕਿਉਂਕਿ ਉਹ ਵੀ ਓਪਨ ਸਰਜਰੀ ਨਹੀਂ ਕਰਵਾਉਣਾ ਚਾਹੁੰਦੇ। ਹੁਣ ਜੇਕਰ ਉਨ੍ਹਾਂ ਦੇ ਪਿਤਾ ਦੀ ਸਰਜਰੀ ਹੋ ਜਾਵੇ ਤਾਂ ਉਹ ਬਚ ਸਕਦੇ ਹਨ ਅਤੇ ਜੇਕਰ ਸਮਾਂ ਗੁਜ਼ਰ ਗਿਆ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਦੇ ਪਿਤਾ ਦਾ ਕੈਂਸਰ ਇੰਨਾ ਵਧ ਜਾਵੇ ਕਿ ਉਹ ਸਰਜਰੀ ਨਾਲ ਵੀ ਠੀਕ ਨਾ ਹੋ ਸਕਣ।

ਇਹ ਵੀ ਪੜ੍ਹੋ : ਡਰਾਮੇਬਾਜ਼ੀਆਂ ਕਰਕੇ ਡੰਗ ਟਪਾ ਰਹੇ ਹਨ ਕੈਪਟਨ : ਭਗਵੰਤ ਮਾਨ

ਕਿਉਂ ਖਰੀਦਿਆ ਸੀ ਰੋਬੋਟ?
ਪੀ. ਜੀ. ਆਈ. ਦੇ ਇਕ ਸਰਜਨ ਨੇ ਨਾਂ ਨਾ ਲਿਖੇ ਜਾਣ ਦੀ ਸ਼ਰਤ 'ਤੇ ਕਿਹਾ ਕਿ ਜੇਕਰ ਮਰੀਜ਼ਾਂ ਦਾ ਰੋਬੋਟਿਕ ਸਰਜਰੀ ਤੋਂ ਬਿਨਾਂ ਨੁਕਸਾਨ ਹੋ ਰਿਹਾ ਹੈ ਤਾਂ ਰੋਬੋਟ 'ਤੇ ਵੀ ਸਰਜਰੀ ਨਾ ਕਰਨ ਦਾ ਅਸਰ ਪੈ ਰਿਹਾ ਹੈ। ਜੇਕਰ ਰੋਬੋਟ ਚਾਰ-ਚਾਰ ਮਹੀਨੇ ਕੰਮ ਨਹੀਂ ਕਰੇਗਾ ਤਾਂ ਉਸ ਦੇ ਮਹੱਤਵਪੂਰਨ ਯੰਤਰਾਂ ਦੇ ਖ਼ਰਾਬ ਹੋਣ ਦਾ ਰਿਸਕ ਵਧ ਜਾਂਦਾ ਹੈ। ਰੋਬੋਟ ਦਾ ਚਲਦੇ ਰਹਿਣਾ ਵੀ ਜ਼ਰੂਰੀ ਹੁੰਦਾ ਹੈ ਕਿਉਂਕਿ ਉਸ ਦੇ ਕਈ ਹਿੱਸੇ ਸਮੇਂ ਦੇ ਨਾਲ ਬਦਲਣੇ ਪੈਂਦੇ ਹਨ। ਪੀ. ਜੀ. ਆਈ. ਨੇ ਰੋਬੋਟ ਦੀ ਖਰੀਦਾਰੀ ਅਤੇ ਉਸ ਲਈ ਆਪ੍ਰੇਸ਼ਨ ਥਿਏਟਰ ਤਿਆਰ ਕਰਨ, ਡਾਕਟਰਾਂ ਦੀ ਟ੍ਰੇਨਿੰਗ 'ਤੇ 20 ਤੋਂ 2500 ਕਰੋੜ ਰੁਪਏ ਦਾ ਖਰਚ ਕੀਤਾ ਸੀ। ਜੇਕਰ ਇਹੀ ਕਹਿਣਾ ਸੀ ਕਿ ਓਪਨ ਸਰਜਰੀ ਨਾਲ ਵੀ ਕੈਂਸਰ ਮਰੀਜ਼ ਦਾ ਇਲਾਜ ਹੋ ਸਕਦਾ ਹੈ ਤਾਂ ਰੋਬੋਟ ਖਰੀਦਣ ਦੀ ਕੀ ਜ਼ਰੂਰਤ ਸੀ ?

ਕੋਰੋਨਾ ਨਾ ਵਧਿਆ ਤਾਂ ਸ਼ੁਰੂ ਕਰਾਂਗੇ ਰੋਬੋਟਿਕ ਸਰਜਰੀ
ਵਾਇਰਸ ਤੋਂ ਬਚਾਅ ਲਈ ਸੰਸਥਾ ਵਿਚ ਸਿਰਫ ਐਮਰਜੈਂਸੀ ਸਰਜਰੀ ਹੀ ਕੀਤੀ ਜਾ ਰਹੀ ਹੈ। ਓ. ਪੀ. ਡੀ. ਵੀ ਹਾਲ ਹੀ ਵਿਚ ਸ਼ੁਰੂ ਕੀਤੀ ਗਈ ਹੈ। ਦੀਵਾਲੀ ਤਿਉਹਾਰ ਦੇ ਆਸਪਾਸ ਕੋਰੋਨਾ ਦੇ ਪੀਕ 'ਤੇ ਜਾਣ ਦਾ ਖ਼ਤਰਾ ਹੈ। ਜੇਕਰ ਮਰੀਜ਼ਾਂ ਦੀ ਗਿਣਤੀ ਦੀਵਾਲੀ ਤੋਂ ਬਾਅਦ ਨਾ ਵਧੀ ਤਾਂ ਓ. ਪੀ. ਡੀ. ਮਰੀਜ਼ਾਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਇਲੈਕਟਿਵ ਸਰਜਰੀ ਸ਼ੁਰੂ ਕਰਨ 'ਤੇ ਵੀ ਵਿਚਾਰ ਕਰਨਗੇ ਅਤੇ ਰੋਬੋਟਿਕ ਸਰਜਰੀ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਮੇਰਾ ਮੰਨਣਾ ਹੈ ਕਿ ਜੇਕਰ ਕੈਂਸਰ ਦੇ ਕਿਸੇ ਮਰੀਜ਼ ਨੂੰ ਤੁਰੰਤ ਅਪਰੇਸ਼ਨ ਦੀ ਜ਼ਰੂਰਤ ਹੈ ਤਾਂ ਡਾਕਟਰ ਰੋਬੋਟ ਦੇ ਬਿਨਾਂ ਵੀ ਮਰੀਜ਼ ਦੀ ਸਰਜਰੀ ਕਰ ਸਕਦੇ ਹਨ। ਛੇਤੀ ਹੀ ਇਲੈਕਟਿਵ ਅਤੇ ਰੋਬੋਟਿਕ ਸਰਜਰੀ ਸ਼ੁਰੂ ਕੀਤੇ ਜਾਣ ਦੇ ਸਬੰਧ ਵਿਚ ਸੰਸਥਾਨ ਵਿਚ ਬੈਠਕ ਕੀਤੀ ਜਾਵੇਗੀ। -ਪ੍ਰੋ. ਜਗਤਰਾਮ, ਡਾਇਰੈਕਟਰ, ਪੀ. ਜੀ. ਆਈ.

ਇਹ ਵੀ ਪੜ੍ਹੋ : ਪੰਥਕ ਰਲੇਵੇਂ ਦੇ ਐਲਾਨ ਤੋਂ ਬਾਅਦ ਗਰਮਾਈ ਪੰਜਾਬ ਦੀ ਅਕਾਲੀ ਰਾਜਨੀਤੀ

ਸਿਰਫ ਐਮਰਜੈਂਸੀ ਆਪ੍ਰੇਸ਼ਨ ਹੀ ਕਰ ਰਹੇ ਹਾਂ
ਸਾਰੀ ਦੁਨੀਆ ਮੌਜੂਦਾ ਸਮੇਂ ਵਿਚ ਕੋਵਿਡ ਦੇ ਦੌਰ ਤੋਂ ਗੁਜ਼ਰ ਰਹੀ ਹੈ। ਕਿਡਨੀ ਅਤੇ ਕੈਂਸਰ ਮਰੀਜ਼ਾਂ ਦੀਆਂ ਦਿੱਕਤਾਂ ਆਪ੍ਰੇਸ਼ਨ ਤੋਂ ਬਿਨਾਂ ਵਧ ਰਹੀਆਂ ਹੋਣਗੀਆਂ। ਪਰ ਪੀ. ਜੀ. ਆਈ. ਵਿਚ ਫਿਲਹਾਲ ਸਿਰਫ ਐਮਰਜੈਂਸੀ ਦੇ ਆਪ੍ਰੇਸ਼ਨ ਹੀ ਕੀਤੇ ਜਾ ਰਹੇ ਹਨ ਕਿਉਂਕਿ ਬਹੁਤ ਸਾਰੇ ਡਾਕਟਰ, ਨਰਸਾਂ ਅਤੇ ਪੈਰਾ-ਮੈਡੀਕਲ ਸਟਾਫ ਦੀ ਕੋਵਿਡ ਡਿਊਟੀ ਚੱਲ ਰਹੀ ਹੈ। ਰੋਬੋਟਿਕ ਸਰਜਰੀ ਲਈ ਬਹੁਤਾ ਸਟਾਫ ਅਤੇ ਬਾਕੀ ਢਾਂਚਾਗਤ ਸਹੂਲਤਾਂ ਦੀ ਵੀ ਜਰੂਰਤ ਹੁੰਦੀ ਹੈ। ਕੋਸ਼ਿਸ਼ ਕਰ ਰਹੇ ਹਾਂ ਕਿ ਛੇਤੀ ਹੀ ਸੰਸਥਾਨ ਵਿਚ ਇਲੈਕਟਿਵ ਸਰਜਰੀ ਦੀ ਤਰ੍ਹਾਂ ਰੋਬੋਟਿਕ ਸਰਜਰੀ ਵੀ ਸ਼ੁਰੂ ਕਰ ਦਿੱਤੀ ਜਾਵੇ। -ਪ੍ਰੋ. ਐੱਸ. ਕੇ. ਸਿੰਘ, ਐੱਚ. ਓ. ਡੀ., ਯੂਰੋਲਾਜੀ ਵਿਭਾਗ।

ਇਹ ਵੀ ਪੜ੍ਹੋ : ਸਿਰਸਾ 'ਤੇ ਐੱਫ. ਆਈ. ਆਰ. ਦਰਜ ਹੋਣ 'ਤੇ ਸਰਨਾ ਨੇ ਮੰਗਿਆ ਅਸਤੀਫ਼ਾ


Anuradha

Content Editor

Related News