ਪੰਜਾਬ ''ਚ 5 ਤੇ 12 ਜੁਲਾਈ ਨੂੰ ਨਹੀਂ ਮਿਲੇਗਾ ਪੈਟਰੋਲ ਤੇ ਡੀਜ਼ਲ, ਜਾਣੋ ਕਾਰਨ

Sunday, Jul 02, 2017 - 09:17 AM (IST)

ਪੰਜਾਬ ''ਚ 5 ਤੇ 12 ਜੁਲਾਈ ਨੂੰ ਨਹੀਂ ਮਿਲੇਗਾ ਪੈਟਰੋਲ ਤੇ ਡੀਜ਼ਲ, ਜਾਣੋ ਕਾਰਨ

ਮੋਹਾਲੀ (ਨਿਆਮੀਆਂ)-ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਸੰਦੀਪ ਸਹਿਗਲ ਦੀ ਪ੍ਰਧਾਨਗੀ 'ਚ ਹੋਈ, ਜਿਸ 'ਚ ਤੇਲ ਕੰਪਨੀਆਂ ਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਦੇ ਪੈਟਰੋਲ ਪੰਪ ਮਾਲਕਾਂ ਦੀਆਂ ਦਰਪੇਸ਼ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ, ਨਹੀਂ ਤਾਂ ਉਨ੍ਹਾਂ ਨੂੰ ਮਜਬੂਰੀਵੱਸ ਕੋਈ ਸਖਤ ਕਦਮ ਚੁੱਕਣਾ ਪਵੇਗਾ। 
ਸਹਿਗਲ ਨੇ ਦੱਸਿਆ ਕਿ ਆਲ ਇੰਡੀਆ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਫੈਸਲੇ ਅਨੁਸਾਰ ਪੰਜਾਬ ਦੇ ਪੈਟਰੋਲੀਅਮ ਡੀਲਰ ਵੀ 5 ਜੁਲਾਈ ਨੂੰ ਹੜਤਾਲ 'ਚ ਸ਼ਾਮਲ ਹੋਣਗੇ। ਇਸ ਦਿਨ ਦੇਸ਼ ਭਰ 'ਚ ਕੋਈ ਵੀ ਪੈਟਰੋਲ ਪੰਪ ਮਾਲਕ ਤੇਲ ਕੰਪਨੀਆਂ ਤੋਂ ਤੇਲ ਨਹੀਂ ਖਰੀਦੇਗਾ ਤੇ 12 ਜੁਲਾਈ ਨੂੰ ਵੀ ਨਾ ਤਾਂ ਪੈਟਰੋਲ ਪੰਪ ਮਾਲਕ ਤੇਲ ਕੰਪਨੀਆਂ ਤੋਂ ਤੇਲ ਖਰੀਦਣਗੇ ਤੇ ਨਾ ਹੀ ਵੇਚਣਗੇ। ਇਸ ਦਿਨ ਦੇਸ਼ ਦੇ ਸਾਰੇ ਪੈਟਰੋਲ ਪੰਪ ਬੰਦ ਰਹਿਣਗੇ। 
ਸਹਿਗਲ ਨੇ ਦੱਸਿਆ ਕਿ 16 ਜੂਨ ਤੋਂ ਲਾਗੂ ਡੇਲੀ ਪ੍ਰਾਈਜ਼ ਚੇਂਜ ਕਾਰਨ ਡੀਲਰਾਂ ਨੂੰ ਕਾਫੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਤੇਲ ਦੀਆਂ ਕੀਮਤਾਂ 'ਚ ਰੋਜ਼ਾਨਾ ਤਬਦੀਲੀ ਹੋਣ ਨਾਲ ਡੀਲਰਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਤੇ ਇਨ੍ਹਾਂ 2 ਹਫਤਿਆਂ 'ਚ ਡੀਲਰਾਂ ਨੂੰ ਲੱਖਾਂ ਰੁਪਏ ਦਾ ਘਾਟਾ ਪੈ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸਭ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਬਹੁਤ ਜਲਦੀ ਪੰਪ ਬੰਦ ਹੋਣ ਦੀ ਨੌਬਤ ਆ ਜਾਵੇਗੀ ਤੇ ਐਮਰਜੈਂਸੀ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। 
ਉਨ੍ਹਾਂ ਦੱਸਿਆ ਕਿ ਆਲ ਇੰਡੀਆ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਨੇ ਵੀ ਮੰਗ ਕੀਤੀ ਹੈ ਕਿ ਤੇਲ ਕੰਪਨੀਆਂ ਪੈਟਰੋਲ ਪੰਪ ਮਾਲਕਾਂ ਦਾ ਸਟਾਕ ਟੇਕਓਵਰ ਕਰਕੇ ਉਨ੍ਹਾਂ ਨੂੰ ਫਿਕਸਡ ਮਾਰਜਨ ਦੀ ਗਾਰੰਟੀ ਦੇਣ ਤੇ ਡੀਲਰ ਦੇ ਮਾਰਜਨ 'ਚ ਘੱਟੋ-ਘੱਟ ਪੈਟਰੋਲ ਤੇ ਡੀਜ਼ਲ 'ਤੇ ਇਕ-ਇਕ ਰੁਪਏ ਦਾ ਵਾਧਾ ਕੀਤਾ ਜਾਵੇ। 
ਸਹਿਗਲ ਨੇ ਕਿਹਾ ਕਿ ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਨੇ ਆਲ ਇੰਡੀਆ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਸੱਦੇ 'ਤੇ 5 ਅਤੇ 12 ਜੁਲਾਈ ਨੂੰ ਸਾਰੇ ਪੈਟਰੋਲ ਪੰਪ ਬੰਦ ਰੱਖ ਕੇ ਹੜਤਾਲ 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।


Related News