ਡਾ. ਓਬਰਾਏ ਸਦਕਾ ਮੌਤ ਦੇ ਮੂੰਹੋਂ ਨਿਕਲੇ 9 ਪੰਜਾਬੀ, ਦੱਸੀ ਹੱਡ-ਬੀਤੀ

Tuesday, Jun 09, 2020 - 08:59 AM (IST)

ਡਾ. ਓਬਰਾਏ ਸਦਕਾ ਮੌਤ ਦੇ ਮੂੰਹੋਂ ਨਿਕਲੇ 9 ਪੰਜਾਬੀ, ਦੱਸੀ ਹੱਡ-ਬੀਤੀ

ਪਟਿਆਲਾ (ਰਾਜੇਸ਼) : ਬਿਨਾਂ ਕੋਈ ਧਰਮ, ਜਾਤ ਅਤੇ ਦੇਸ਼ ਵੇਖਿਆਂ ਅਨੇਕਾਂ ਮਾਵਾਂ ਦੇ ਪੁੱਤ ਮੌਤ ਦੇ ਮੂੰਹ 'ਚੋਂ ਬਚਾਅ ਕੇ ਲਿਆਉਣ ਕਾਰਣ ਪੂਰੀ ਦੁਨੀਆਂ ਅੰਦਰ ਸ਼ਾਂਤੀ ਦੇ ਦੂਤ ਵਜੋਂ ਜਾਣੇ ਜਾਂਦੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ. ਐੱਸ. ਪੀ. ਸਿੰਘ ਓਬਰਾਏ ਵਲੋਂ ਆਪਣੀ ਨੇਕ ਕਮਾਈ 'ਚੋਂ ਲੱਖਾਂ ਰੁਪਏ ਬਲੱਡ ਮਨੀ ਦੇ ਰੂਪ 'ਚ ਖਰਚ ਕਰ ਕੇ ਦੁਬਈ ਅੰਦਰ ਮੌਤ ਦੇ ਮੂੰਹੋਂ ਬਚਾਏ ਗਏ 14 ਨੌਜਵਾਨਾਂ 'ਚੋਂ ਅੱਜ 9 ਆਪਣੇ ਘਰਾਂ 'ਚ ਪਹੁੰਚ ਗਏ।

ਡਾ. ਓਬਰਾਏ ਨੇ ਦੱਸਿਆ ਕਿ ਜੇਲ 'ਚੋਂ ਰਿਹਾਅ ਹੋਏ 9 ਭਾਰਤੀ ਅਤੇ 2 ਪਾਕਿਸਤਾਨੀ ਨੌਜਵਾਨ ਕੁਝ ਸਮਾਂ ਪਹਿਲਾਂ ਵਿਸ਼ੇਸ਼ ਜਹਾਜ਼ਾਂ ਰਾਹੀਂ ਆਪਣੇ ਵਤਨ ਪੁੱਜ ਗਏ ਸਨ ਜਦਕਿ 3 ਭਾਰਤੀ ਨੌਜਵਾਨ ਜਹਾਜ਼ 'ਚ ਸੀਟ ਨਾ ਮਿਲਣ ਕਾਰਣ ਅਜੇ ਦੁਬਈ ਅੰਦਰ ਹਨ, ਜੋ ਜਲਦੀ ਹੀ ਵਾਪਸ ਆ ਜਾਣਗੇ। ਉਨ੍ਹਾਂ ਦੱਸਿਆ ਕਿ ਭਾਰਤ ਪਹੁੰਚੇ 9 ਨੌਜਵਾਨਾਂ ਨੂੰ ਕੋਰੋਨਾ ਵਾਇਰਸ ਕਾਰਣ ਮਿਲਟਰੀ ਹਸਪਤਾਲ ਚੇਨਈ ਅੰਦਰ ਤਿੰਨ ਹਫ਼ਤਿਆਂ ਲਈ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਟਰੱਸਟ ਨੇ ਆਪਣੇ ਖ਼ਰਚ 'ਤੇ ਜਹਾਜ਼ ਰਾਹੀਂ ਚੇਨਈ ਤੋਂ ਦਿੱਲੀ ਲਿਆਂਦਾ ਅਤੇ ਫਿਰ ਟੈਕਸੀਆਂ ਰਾਹੀਂ ਉਨ੍ਹਾਂ ਨੂੰ ਸੋਮਵਾਰ ਆਪਣੇ ਪਰਿਵਾਰਾਂ ਕੋਲ ਪਹੁੰਚਾ ਦਿੱਤਾ ਹੈ।

ਪੰਜਾਬ ਪਹੁੰਚੇ ਨੌਜਵਾਨਾਂ ਨੇ ਨਮ ਅੱਖਾਂ ਨਾਲ ਡਾ. ਓਬਰਾਏ ਦਾ ਵਾਰ-ਵਾਰ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਲਈ ਘੁੱਪ ਹਨੇਰੇ 'ਚ ਇਕ ਚਾਨਣ ਦੀ ਕਿਰਨ ਬਣ ਸਾਹਮਣੇ ਆਏ ਅਤੇ ਉਨ੍ਹਾਂ ਨੂੰ ਮੌਤ ਦੇ ਮੂੰਹ 'ਚੋਂ ਕੱਢ ਲਿਆਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਡਾ. ਓਬਰਾਏ ਦਾ ਇਹ ਪਰਉਪਕਾਰ ਉਨ੍ਹਾਂ ਲਈ ਇਕ ਸੁਨਿਹਰੀ ਸੁਪਨੇ ਵਾਂਗ ਹੈ ਅਤੇ ਸਾਰੀ ਉਮਰ ਯਾਦ ਰਹੇਗਾ।

ਜ਼ਿਕਰਯੋਗ ਹੈ ਕਿ 31 ਦਸੰਬਰ 2015 ਨੂੰ ਸ਼ਾਰਜਾਹ 'ਚ ਹੋਏ ਇਕ ਗਰੁੱਪ ਝਗੜੇ ਦੌਰਾਨ ਜਲੰਧਰ ਜ਼ਿਲੇ ਦੇ ਕਸਬਾ ਸਮਰਾਏ ਦੇ 23 ਸਾਲਾ ਅਸ਼ਿਵ ਅਲੀ ਪੁੱਤਰ ਯੂਸਫ ਅਲੀ ਅਤੇ ਕਪੂਰਥਲਾ ਦੇ ਪਿੰਡ ਪੰਡੋਰੀ ਦੇ 25 ਸਾਲਾ ਵਰਿੰਦਰਪਾਲ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਦੀ ਮੌਤ ਹੋ ਗਈ ਸੀ। ਇਸ ਕੇਸ 'ਚ ਕੁੱਲ 14 ਨੌਜਵਾਨ ਦੋਸ਼ੀ ਪਾਏ ਗਏ ਸਨ, ਜਿਨ੍ਹਾਂ ਚੋਂ 12 ਭਾਰਤੀ ਅਤੇ 2 ਪਾਕਿਸਤਾਨੀ ਸਨ। ਇਨ੍ਹਾਂ ਸਾਰੇ ਨੌਜਵਾਨਾਂ ਨੂੰ 1 ਜਨਵਰੀ 2016 ਨੂੰ ਪੁਲਸ ਨੇ ਜੇਲ 'ਚ ਬੰਦ ਕਰ ਦਿੱਤਾ ਸੀ।


author

Baljeet Kaur

Content Editor

Related News