ਪਟਿਆਲਾ : ਕਿਸਾਨਾਂ ਦੇ 75 ਹਜ਼ਾਰ ਹਸਤਾਖ਼ਰ ਕਰਵਾ ਕੇ ਕੈਪਟਨ ਨੂੰ ਭੇਜੇਗੀ ਜ਼ਿਲ੍ਹਾ ਦਿਹਾਤੀ ਕਾਂਗਰਸ

Saturday, Oct 10, 2020 - 04:40 PM (IST)

ਪਟਿਆਲਾ : ਕਿਸਾਨਾਂ ਦੇ 75 ਹਜ਼ਾਰ ਹਸਤਾਖ਼ਰ ਕਰਵਾ ਕੇ ਕੈਪਟਨ ਨੂੰ ਭੇਜੇਗੀ ਜ਼ਿਲ੍ਹਾ ਦਿਹਾਤੀ ਕਾਂਗਰਸ

ਪਟਿਆਲਾ (ਰਾਜੇਸ਼ ਪੰਜੌਲਾ) : ਜ਼ਿਲ੍ਹਾ ਪਟਿਆਲਾ ਦਿਹਾਤੀ ਕਾਂਗਰਸ ਵੱਲੋਂ ਮੋਦੀ ਸਰਕਾਰ ਵਲੋਂ ਖੇਤੀ ਸੁਧਾਰਾਂ ਦੇ ਨਾਂ ’ਤੇ ਪਾਸ ਕੀਤੇ ਗਏ ‘ਕਾਲੇ ਕਾਨੂੰਨ’ ਰੱਦ ਕਰਵਾਉਣ ਲਈ 75 ਹਜ਼ਾਰ ਕਿਸਾਨਾਂ ਦੇ ਹਸਤਾਖ਼ਰ ਕਰਵਾ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੇ ਜਾਣਗੇ। ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਦਿਹਾਤੀ ਦੇ ਪ੍ਰਧਾਨ ਗੁਰਦੀਪ ਸਿੰਘ ਉਂਟਸਰ ਨੇ ਦੱਸਿਆ ਕਿ ਕੁਲਹਿੰਦ ਕਾਂਗਰਸ ਵੱਲੋਂ ਇਸ ਸੰਬੰਧੀ ਵਿਸ਼ੇਸ਼ ਹਸਤਾਖ਼ਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।

ਪੰਜਾਬ 'ਚ ਇਸ ਦੀ ਸ਼ੁਰੂਆਤ ਗਾਂਧੀ ਜੈਯੰਤੀ ਮੌਕੇ 2 ਅਕਤੂਬਰ ਨੂੰ ਸੂਬੇ ਦੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹਸਤਾਖ਼ਰ ਕਰਕੇ ਕੀਤੀ ਸੀ, ਜਿਸ ਤੋਂ ਬਾਅਦ ਪੰਜਾਬ ਭਰ ਦੇ ਕਿਸਾਨਾਂ ਤੋਂ ਇਹ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਹਸਤਾਖ਼ਰ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹਾ ਦਿਹਾਤੀ ਕਾਂਗਰਸ 'ਚ 6 ਵਿਧਾਨ ਸਭਾ ਹਲਕੇ ਪੈਂਦੇ ਹਨ। ਹਰੇਕ ਵਿਧਾਨ ਸਭਾ ਹਲਕੇ 'ਚੋਂ 10 ਹਜ਼ਾਰ ਤੋਂ ਵੱਧ ਹਸਤਾਖ਼ਰ ਕਰਵਾ ਕੇ ਫਾਰਮ ਭੇਜੇ ਜਾਣਗੇ।

ਜ਼ਿਲ੍ਹਾ ਕਾਂਗਰਸ ਦਾ ਟਾਰਗੇਟ 75 ਹਜ਼ਾਰ ਹਸਤਾਖ਼ਰ ਕਰਵਾਉਣ ਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਮੁੱਚੇ ਹਲਕਿਆਂ ਦੇ ਬਲਾਕ ਪ੍ਰਧਾਨ ਤੇ ਜ਼ਿਲ੍ਹਾ ਕਾਂਗਰਸ ਦੇ ਅਹੁਦੇਦਾਰਾਂ ਨੂੰ ਕਿਹਾ ਹੈ ਕਿ ਉਹ ਵੱਧ ਤੋਂ ਵੱਧ ਫਾਰਮ ਭਰਵਾ ਕੇ ਭੇਜਣ। ਮੰਡੀਆਂ 'ਚ ਜਾ ਕੇ ਕਿਸਾਨਾਂ ਤੋਂ ਵੀ ਹਸਤਾਖ਼ਰ ਕਰਵਾਏ ਜਾਣ। ਇਸ ਤੋਂ ਇਲਾਵਾ ਪਿੰਡਾਂ 'ਚ ਘਰ-ਘਰ ਜਾ ਕੇ ਲੋਕਾਂ ਤੋਂ ਹਸਤਾਖ਼ਰ ਕਰਵਾਏ ਜਾਣ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕੇ।

ਗੁਰਦੀਪ ਸਿੰਘ ਉਂਟਸਰ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ 'ਚ ਹੀ ਨਹੀਂ ਸਗੋਂ ਪੰਜਾਬ ਦੇ ਹਰ ਵਰਗ 'ਚ ਗੁੱਸੇ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਬਤੌਰ ਜ਼ਿਲ੍ਹਾ ਪ੍ਰਧਾਨ ਘਰ-ਘਰ ਜਾ ਕੇ ਹਸਤਾਖ਼ਰ ਕਰਵਾ ਰਹੇ ਹਨ ਅਤੇ ਹਰ ਹਲਕੇ 'ਚ ਵੱਖ-ਵੱਖ ਟੀਮਾਂ ਨਿਯੁਕਤ ਕੀਤੀਆਂ ਗਈਆਂ ਹਨ। ਸਮੁੱਚੀਆਂ ਬਲਾਕ ਕਾਂਗਰਸ ਕਮੇਟੀਆਂ, ਯੂਥ ਵਰਕਰ, ਕਿਸਾਨ ਸੈਲ ਅਤੇ ਪਾਰਟੀ ਦੇ ਵੱਖ-ਵੱਖ ਵਿੰਗ ਇਸ ਹਸਤਾਖ਼ਰ ਮੁਹਿੰਮ ਨਾਲ ਜੋੜੇ ਗਏ ਹਨ ਤਾਂ ਜੋ ਹਰ ਪੰਜਾਬੀ ਤੋਂ ਹਸਤਾਖ਼ਰ ਕਰਵਾਏ ਜਾ ਸਕਣ।
 


author

Babita

Content Editor

Related News