ਗੁਰਦੁਆਰਾ ਸਾਹਿਬ ਨੇੜੇ ਬਣਾਇਆ ਨਾਜਾਇਜ਼ ਸਾਈਕਲ ਸਟੈਂਡ!
Monday, Apr 15, 2019 - 04:03 AM (IST)

ਪਟਿਆਲਾ (ਜੋਸਨ)-ਅੱਜ ਇਥੇ ਗੁਰਦੁਆਰਾ ਸ੍ਰੀ ਬਹਾਦਰਗਡ਼੍ਹ ਸਾਹਿਬ ਵਿਖੇ ਨਤਮਸਤਕ ਹੋਣ ਆਈ ਸੰਗਤ ਲਈ ਕੁਝ ਲੋਕਾਂ ਨੇ ਨਾਜਾਇਜ਼ ਸਾਈਕਲ ਸਟੈਂਡ ਬਣਾ ਕੇ ਖੂਬ ਕਮਾਈ ਕੀਤੀ। ਸਬੰਧਤ ਸਰਪੰਚ ਜਾਣਕਾਰੀ ਹੋਣ ਤੋਂ ਪੱਲਾ ਝਾਡ਼ ਰਹੇ ਹਨ। ਪਰਚੀਆਂ ਕੱਟ ਰਹੇ ਸ਼ਖਸ ਦਾ ਕਹਿਣਾ ਸੀ ਕਿ ਉਸ ਨੇ ਸਰਪੰਚ ਕੋਲੋਂ ਆਗਿਆ ਲੈ ਕੇ ਹੀ ਇਹ ਸਟੈਂਡ ਬਣਾਇਆ ਹੈ। ਜਾਣਕਾਰੀ ਮੁਤਾਬਕ ਕੁਝ ਲੋਕਾਂ ਨੇ ਅੱਜ ਇਥੇ ਬਹਾਦਰਗਡ਼੍ਹ ਸਥਿਤ ਪਾਣੀ ਵਾਲੀ ਸਰਕਾਰੀ ਟੈਂਕੀ ਦੇ ਅੰਦਰ ਸਕੂਟਰ ਤੇ ਸਾਈਕਲ ਪਾਰਕਿੰਗ ਬਣਾ ਦਿੱਤੀ। ਲੋਕਾਂ ਤੋਂ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ। ਇਸ ਦੀ ਭਿਣਕ ਸਰਪੰਚ ਅਤੇ ਪ੍ਰਸ਼ਾਸਨ ਨੂੰ ਵੀ ਸੀ। ਕਿਸੇ ਨੇ ਵੀ ਇਸ ਗੈਰ-ਕਾਨੂੰਨੀ ਕੰਮ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਸ਼ਖਸ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਆਈ ਸੰਗਤ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਪੈਸੇ ਵਸੂਲਦੇ ਰਹੇ। ਮਾਮਲਾ ਪਿੰਡ ਬਹਾਦਰਗਡ਼੍ਹ ਦੇ ਸਰਪੰਚ ਨੂੰ ਦੱਸਣ ਦੇ ਬਾਵਜੂਦ ਰੋਕ ਨਹੀਂ ਲਾਈ ਗਈ। ਇਹ ਵਸੂਲੀ ਜਾਰੀ ਰਹੀ। ਇਸ ਸਬੰਧੀ ਸਰਪੰਚ ਨੇ ਗੱਲ ਕਰਨ ’ਤੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲ ਗਈ ਸੀ। ਉਹ ਉਥੇ ਗਏ ਵੀ ਸਨ। ਇਸ ਨਾਜਾਇਜ਼ ਵਸੂਲਗੀ ਨੂੰ ਰੋਕ ਕੇ ਨਹੀਂ ਆਏ। ਉਨ੍ਹਾਂ ਤਰਕ ਦਿੱਤਾ ਕਿ ਜੇਕਰ ਉਹ ਇਹ ਸਾਈਕਲ ਸਟੈਂਡ ਬੰਦ ਕਰਵਾ ਦਿੰਦੇ ਤਾਂ ਉਥੇ ਖੜ੍ਹੇ ਵਾਹਨਾਂ ਦੇ ਮਾਲਕ ਪ੍ਰੇਸ਼ਾਨ ਹੋਣੇ ਸਨ। ਸਰਪੰਚ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਤੋਂ ਕੋਈ ਆਗਿਆ ਨਹੀਂ ਲਈ ਸੀ।