ਵਿਦਿਆਰਥੀਆਂ ਨੂੰ ਸੀਚੇਵਾਲ ਵਿਖੇ ਇੰਟਰਨਸ਼ਿਪ ਲਈ ਭੇਜਿਆ ਜਾਣਾ ਚਾਹੀਦੈ : ਵੀ. ਸੀ
Monday, Apr 01, 2019 - 04:15 AM (IST)
ਪਟਿਆਲਾ (ਜੋਸਨ)-ਪੰਜਾਬੀ ਯੂਨੀਵਰਸਿਟੀ ਦੇ ਬਨਸਪਤੀ ਵਿਭਾਗ ਵੱਲੋਂ ਪੰਜਾਬ ਈਕੋ ਫਰੈਂਡਲੀ ਐਸੋਸੀਏਸ਼ਨ (ਪੇਫਾ) ਅਤੇ ਬੋਟੈਨੀਕਲ ਸੋਸਾਇਟੀ ਦੇ ਸਹਿਯੋਗ ਨਾਲ ‘ਜਲ ਦਿਵਸ’ ਦੇ ਪ੍ਰਸੰਗ ਵਿਚ ਇਕ ਪ੍ਰੋਗਰਾਮ ਕਰਵਾਇਆ ਗਿਆ। ਸਾਇੰਸ ਆਡੀਟੋਰੀਅਮ ਵਿਖੇ ਹੋਏ ਇਸ ਪ੍ਰੋਗਰਾਮ ਵਿਚ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸ਼ਿਰਕਤ ਕੀਤੀ ਗਈ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਕਿਹਾ ਕਿ ਪਾਣੀ ਅਤੇ ਹਵਾ ਜਿਹੇ ਕੁਦਰਤੀ ਸਰੋਤਾਂ ਦੀ ਹਾਲਤ ਦਿਨ-ਬ-ਦਿਨ ਖਰਾਬ ਹੋਣ ਦੇ ਪਿੱਛੇ ਇਕ ਵੱਡਾ ਕਾਰਨ ਹਰਾ ਇਨਕਲਾਬ ਹੈ। ਸੀਚੇਵਾਲ ਮਾਡਲ ਵਿਕਾਸ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਯੂਨੀਵਰਸਿਟੀ ਵੱਲੋਂ ਸਮੇਂ-ਸਮੇਂ ’ਤੇ ਆਪਣੇ ਵਿਦਿਆਰਥੀ ਸੀਚੇਵਾਲ ਵਿਖੇ ਇੰਟਰਨਸ਼ਿਪ ਲਈ ਭੇਜਣੇ ਚਾਹੀਦੇ ਹਨ ਤਾਂ ਕਿ ਸੇਧ ਪ੍ਰਾਪਤ ਕਰ ਸਕਣ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਵਾਤਾਵਰਨ ਨਾਲ ਜੁਡ਼ੀਆਂ ਸਾਰੀਆਂ ਸਮੱਸਿਆਵਾਂ ਦਾ ਮੁੱਖ ਕਾਰਨ ਸ੍ਰੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਮੂੰਹ-ਮੋਡ਼ ਲੈਣਾ ਹੈ। ਇਸ ਗੰਧਲੇ ਵਾਤਾਵਰਨ ਦੇ ਜ਼ਿਆਦਾ ਜ਼ਿੰਮੇਵਾਰ ਅਖੌਤੀ ਪਡ਼੍ਹੇ-ਲਿਖੇ ਲੋਕ ਹਨ, ਜੋ ਸਿੱਖਿਆ ਦਾ ਅਸਲ ਮੰਤਵ ਨਹੀਂ ਜਾਣਦੇ।
